ਪੰਜਾਬ ‘ਚ 13 ਸੀਟਾਂ ‘ਤੇ ਲੜੇਗੀ ਚੋਣਾਂ BJP, ਅਕਾਲੀ ਦਲ ਨਾਲ ਗਠਜੋੜ ‘ਤੇ ਸਸਪੈਂਸ ਬਰਕਰਾਰ
ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੂਰੂ ਕਰ ਦਿੱਤੀਆਂ। ਜਿੱਥੇ ਕਾਂਗਰਸ ਅਤੇ ਬਾਕੀ ਪਾਰਟੀਆਂ ਗੱਠਜੋੜ ਲਈ ਬੈਠਕਾਂ ਕਰ ਰਹੀਆਂ ਹਨ ਤਾਂ ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਭਾਜਪਾ ਆਪਣੇ ਦਮ ਤੇ ਚੋਣਾਂ ਲੜਣ ਦਾ ਦਾਅਵਾ ਕਰ ਰਹੀ ਹੈ। ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਮਨੋਰੰਜਨ ਕਾਲੀਆ ਨੇ ਲੋਕਸਭਾ ਚੋਣਾਂ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ।
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ‘ਚ ਭਾਜਪਾ ਅਤੇ ਕਈ ਪਾਰਟੀਆਂ ਦੇ ਗਠਜੋੜ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਉਥੇ ਹੀ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਭਾਜਪਾ 13 ਸੀਟਾਂ ‘ਤੇ ਆਪਣੇ ਦਮ ਤੇ ਚੋਣ ਲੜੇਗੀ ਅਤੇ ਜਿੱਤ ਹਾਸਲ ਕਰੇਗੀ।
ਕਾਲੀਆ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਅਤੇ ਸਿੱਖਾਂ ਲਈ ਜੋ ਕੀਤਾ ਹੈ, ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਰਤਾਰਪੁਰ ਲਾਂਘੇ ਤੋਂ ਬਾਲ ਦਿਵਸ ਤੱਕ ਅਜਿਹੇ ਕਈ ਸਮਾਗਮ ਕਰਵਾਏ ਹਨ।
ਗੱਠਜੋੜ ਤੇ ਸਸਪੈਂਸ
ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੇ ਮਾਮਲੇ ਤੇ ਬੋਲਦਿਆਂ ਮਨੋਰੰਜਨ ਕਾਲੀਆ ਨੇ ਕਿਹਾ ਕਿ ਗੱਠਜੋੜ ਦਾ ਫੈਸਲਾ ਪਾਰਟੀ ਹਾਈਕਮਾਂਡ ਹੀ ਕਰੇਗੀ। ਉਸ ਤੋਂ ਬਾਅਦ ਹੀ ਕੁੱਝ ਆਖਿਆ ਜਾ ਸਕਦਾ ਹੈ ਕਿ ਗੱਠਜੋੜ ਹੋਵੇਗਾ ਜਾਂ ਨਹੀਂ।