ਗੁਰਦਾਸਪੁਰ-ਪਠਾਨਕੋਟ ਦੀਆਂ 6 ਸੀਟਾਂ ‘ਤੇ ਭਾਜਪਾ ਨੇ ਠੋਕਿਆ ਦਾਅਵਾ, ਅਕਾਲੀ ਨਾਲ ਗਠਜੋੜ ਤੋਂ ਬਾਅਦ ਸੀਟਾਂ ਦੀ ਖਿੱਚੋਤਾਣ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਸਰਗਰਮੀਆਂ ਅਤੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਇਸੇ ਕੜੀ ਤਹਿਤ ਭਾਜਪਾ ਨੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਤੇ ਪਠਾਨਕੋਟ ਦੀਆਂ ਕੁੱਲ 10 ਵਿਧਾਨ ਸਭਾ ਸੀਟਾਂ ਵਿੱਚੋਂ 6 ਸੀਟਾਂ 'ਤੇ ਆਪਣਾ ਮਜ਼ਬੂਤ ਦਾਅਵਾ ਪੇਸ਼ ਕਰਦਿਆਂ ਅੰਦਰਖਾਤੇ ਲਾਬਿੰਗ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਸਰਗਰਮੀਆਂ ਅਤੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਇਸੇ ਕੜੀ ਤਹਿਤ ਭਾਜਪਾ ਨੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਤੇ ਪਠਾਨਕੋਟ ਦੀਆਂ ਕੁੱਲ 10 ਵਿਧਾਨ ਸਭਾ ਸੀਟਾਂ ਵਿੱਚੋਂ 6 ਸੀਟਾਂ ‘ਤੇ ਆਪਣਾ ਮਜ਼ਬੂਤ ਦਾਅਵਾ ਪੇਸ਼ ਕਰਦਿਆਂ ਅੰਦਰਖਾਤੇ ਲਾਬਿੰਗ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸਾਲ 2011 ਵਿੱਚ ਗੁਰਦਾਸਪੁਰ ਤੋਂ ਵੱਖ ਹੋ ਕੇ ਨਵਾਂ ਜ਼ਿਲ੍ਹਾ ਬਣੇ ਪਠਾਨਕੋਟ ਅਧੀਨ ਸੁਜਾਨਪੁਰ, ਭੋਆ ਅਤੇ ਪਠਾਨਕੋਟ ਸ਼ਹਿਰ ਵਿਧਾਨ ਸਭਾ ਹਲਕੇ ਆਉਂਦੇ ਹਨ। ਉੱਥੇ ਹੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੀਨਾਨਗਰ, ਗੁਰਦਾਸਪੁਰ, ਬਟਾਲਾ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦੀਆਂ ਸੀਟਾਂ ਸ਼ਾਮਲ ਹਨ।
ਪਠਾਨਕੋਟ ਜ਼ਿਲ੍ਹੇ ਦੀਆਂ ਤਿੰਨੋਂ ਸੀਟਾਂ ਭੋਆ, ਪਠਾਨਕੋਟ ਸ਼ਹਿਰ ਅਤੇ ਸੁਜਾਨਪੁਰ ਵਿੱਚ ਭਾਜਪਾ ਨੂੰ ਸਭ ਤੋਂ ਮਜ਼ਬੂਤ ਭਾਈਵਾਲ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ ਦੀ ਦੀਨਾਨਗਰ ਸੀਟ ‘ਤੇ ਵੀ ਪਾਰਟੀ ਦਾ ਚੰਗਾ ਆਧਾਰ ਅਤੇ ਪ੍ਰਭਾਵ ਹੈ। ਹੁਣ ਭਾਜਪਾ ਇੱਕ ਕਦਮ ਹੋਰ ਅੱਗੇ ਵਧਦਿਆਂ ਗੁਰਦਾਸਪੁਰ ਸ਼ਹਿਰੀ ਅਤੇ ਬਟਾਲਾ ਸੀਟਾਂ ‘ਤੇ ਵੀ ਆਪਣੀ ਦਾਅਵੇਦਾਰੀ ਜਤਾ ਰਹੀ ਹੈ।
ਗੁਰਦਾਸਪੁਰ ਅਤੇ ਬਟਾਲਾ ਸੀਟਾਂ ਲਈ ਤੇਜ਼ ਹੋਈ ਲਾਬਿੰਗ
ਭਾਜਪਾ ਦੇ ਸੀਨੀਅਰ ਆਗੂ ਹੁਣ ਗੁਰਦਾਸਪੁਰ ਸ਼ਹਿਰੀ ਅਤੇ ਬਟਾਲਾ ਵਿਧਾਨ ਸਭਾ ਸੀਟਾਂ ਨੂੰ ਵੀ ਆਪਣੇ ਖਾਤੇ ਵਿੱਚ ਲਿਆਉਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ, ਜਦਕਿ ਪੁਰਾਣੇ ਗਠਜੋੜ ਦੇ ਦੌਰ ਵਿੱਚ ਇਹ ਦੋਵੇਂ ਸੀਟਾਂ ਅਕਾਲੀ ਦਲ ਦੇ ਹਿੱਸੇ ਆਉਂਦੀਆਂ ਸਨ। ਭਾਜਪਾ ਆਗੂਆਂ ਮੁਤਾਬਕ ਪਾਰਟੀ ਨੇ ਇੱਕ ਸਪੱਸ਼ਟ ਨੀਤੀ ਤੈਅ ਕੀਤੀ ਹੈ, ਜਿਸ ਤਹਿਤ ਉਨ੍ਹਾਂ ਸੀਟਾਂ ‘ਤੇ ਦਾਅਵਾ ਠੋਕਿਆ ਜਾ ਰਿਹਾ ਹੈ, ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਨੂੰ ਅਕਾਲੀ ਦਲ ਦੇ ਉਮੀਦਵਾਰ ਨਾਲੋਂ ਵੱਧ ਵੋਟਾਂ ਪਈਆਂ ਸਨ।
ਗੁਰਦਾਸਪੁਰ ਸੀਟ ਲਈ ਪਾਰਟੀ ਦਾ ਤਰਕ
2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਵੇਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਚੋਣ ਹਾਰ ਗਏ ਸਨ, ਪਰ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ ਉਨ੍ਹਾਂ ਨੂੰ ਅਕਾਲੀ ਦਲ ਦੇ ਉਮੀਦਵਾਰ ਦੇ ਮੁਕਾਬਲੇ 10 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਸਨ। ਭਾਜਪਾ ਇਸੇ ਅੰਕੜੇ ਨੂੰ ਆਪਣੀ ਮਜ਼ਬੂਤ ਦਾਅਵੇਦਾਰੀ ਦਾ ਆਧਾਰ ਬਣਾ ਰਹੀ ਹੈ।
ਇਹ ਵੀ ਪੜ੍ਹੋ
ਬਟਾਲਾ ਸੀਟ ‘ਤੇ ਵੀ ਵੋਟਾਂ ਦੇ ਅੰਕੜਿਆਂ ਦਾ ਹਵਾਲਾ
ਇਸੇ ਤਰ੍ਹਾਂ 2024 ਦੀਆਂ ਸੰਸਦੀ ਚੋਣਾਂ ਵਿੱਚ ਬਟਾਲਾ ਵਿਧਾਨ ਸਭਾ ਹਲਕੇ ਤੋਂ ਵੀ ਭਾਜਪਾ ਉਮੀਦਵਾਰ ਨੂੰ ਅਕਾਲੀ ਦਲ ਦੇ ਉਮੀਦਵਾਰ ਨਾਲੋਂ ਵੱਧ ਮਤ ਪ੍ਰਾਪਤ ਹੋਏ ਸਨ। ਇੱਕ ਸੀਨੀਅਰ ਭਾਜਪਾ ਆਗੂ ਨੇ ਦੱਸਿਆ ਕਿ ਇਸੇ ਪ੍ਰਦਰਸ਼ਨ ਦੇ ਆਧਾਰ ‘ਤੇ ਭੋਆ, ਸੁਜਾਨਪੁਰ, ਪਠਾਨਕੋਟ ਸ਼ਹਿਰ ਅਤੇ ਦੀਨਾਨਗਰ ਤੋਂ ਇਲਾਵਾ ਗੁਰਦਾਸਪੁਰ ਅਤੇ ਬਟਾਲਾ ਸੀਟਾਂ ਦੀ ਮੰਗ ਕੀਤੀ ਜਾ ਰਹੀ ਹੈ।
2007 ਵਿੱਚ ਬਟਾਲਾ ਸੀਟ ‘ਤੇ ਸੀ ਭਾਜਪਾ ਦਾ ਕਬਜ਼ਾ
ਜ਼ਿਕਰਯੋਗ ਹੈ ਕਿ ਬਟਾਲਾ ਵਿਧਾਨ ਸਭਾ ਸੀਟ ਸਾਲ 2007 ਵਿੱਚ ਭਾਜਪਾ ਕੋਲ ਸੀ, ਜਿਸ ਨੂੰ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੁਧਿਆਣਾ (ਪੱਛਮੀ) ਸੀਟ ਨਾਲ ਅਦਲਾ-ਬਦਲੀ (ਸਵੈਪ) ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਇੱਥੋਂ ਅਕਾਲੀ ਦਲ ਚੋਣ ਲੜਦਾ ਆ ਰਿਹਾ ਹੈ, ਜਦਕਿ 2022 ਦੀਆਂ ਚੋਣਾਂ ਦੋਵਾਂ ਪਾਰਟੀਆਂ ਨੇ ਵੱਖੋ-ਵੱਖ ਹੋ ਕੇ ਲੜੀਆਂ ਸਨ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਸੀਟਾਂ ਦੀ ਵੰਡ ਬਾਰੇ ਅੰਤਿਮ ਫੈਸਲਾ ਜੋ ਵੀ ਹੋਵੇ, ਪਾਰਟੀ ਨੇ ਇਨ੍ਹਾਂ ਸਾਰੀਆਂ ਸੀਟਾਂ ‘ਤੇ ਜ਼ਮੀਨੀ ਪੱਧਰ ‘ਤੇ ਜਨ-ਸੰਪਰਕ ਅਤੇ ਚੋਣ ਪ੍ਰਚਾਰ ਮੁਹਿੰਮ ਵਿੱਢ ਦਿੱਤੀ ਹੈ।
2024 ‘ਚ ਡਿੱਗਿਆ ਅਕਾਲੀ ਦਲ ਦਾ ਵੋਟ ਬੈਂਕ
ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਸਿਆਸੀ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਇੱਥੇ ਕਾਂਗਰਸ ਸਭ ਤੋਂ ਸਫ਼ਲ ਪਾਰਟੀ ਰਹੀ ਹੈ, ਜਿਸ ਨੇ ਸਭ ਤੋਂ ਵੱਧ ਵਾਰ ਜਿੱਤ ਦਰਜ ਕੀਤੀ ਹੈ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਈ ਅਹਿਮ ਚੋਣਾਂ ਵਿੱਚ ਬਾਜ਼ੀ ਮਾਰੀ ਹੈ। 1980 ਤੋਂ 1992 ਤੱਕ ਇੱਥੇ ਕਾਂਗਰਸ ਦਾ ਕਬਜ਼ਾ ਰਿਹਾ। 1997 ਵਿੱਚ ਅਕਾਲੀ ਦਲ ਦੇ ਕਰਤਾਰ ਸਿੰਘ ਪਾਹੜਾ ਜੇਤੂ ਰਹੇ, ਜਦਕਿ 2002 ਵਿੱਚ ਕਾਂਗਰਸ ਨੇ ਇਹ ਸੀਟ ਮੁੜ ਜਿੱਤ ਲਈ। ਇਸ ਤੋਂ ਬਾਅਦ 2007 ਅਤੇ 2012 ਵਿੱਚ ਅਕਾਲੀ ਦਲ ਨੇ ਲਗਾਤਾਰ ਜਿੱਤ ਹਾਸਲ ਕੀਤੀ।
ਗਠਜੋੜ ਵੇਲੇ ਅਕਾਲੀ ਦਲ ਕੋਲ ਰਹੀ ਸੀ ਇਹ ਸੀਟ
ਪੁਰਾਣੇ ਗਠਜੋੜ ਦੌਰਾਨ ਗੁਰਦਾਸਪੁਰ ਸੀਟ ਅਕਾਲੀ ਦਲ ਦੇ ਖਾਤੇ ਵਿੱਚ ਹੀ ਰਹੀ ਸੀ ਅਤੇ 2017 ਤੋਂ ਲੈ ਕੇ ਹੁਣ ਤੱਕ ਇੱਥੋਂ ਕਾਂਗਰਸ ਹੀ ਜਿੱਤਦੀ ਆ ਰਹੀ ਹੈ। ਪਰ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਮੀਕਰਨ ਬਦਲ ਦਿੱਤੇ ਹਨ। ਇਸ ਹਲਕੇ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਭ ਤੋਂ ਵੱਧ 36,981 ਵੋਟਾਂ ਮਿਲੀਆਂ ਸਨ, ਜਦਕਿ ਆਮ ਆਦਮੀ ਪਾਰਟੀ ਦੂਜੇ, ਭਾਜਪਾ ਦੇ ਦਿਨੇਸ਼ ਸਿੰਘ ਬੱਬੂ 21,954 ਵੋਟਾਂ ਨਾਲ ਤੀਜੇ ਅਤੇ ਅਕਾਲੀ ਦਲ 10,233 ਵੋਟਾਂ ਲੈ ਕੇ ਚੌਥੇ ਸਥਾਨ ‘ਤੇ ਖਿਸਕ ਗਿਆ ਸੀ।


