ਬਟਾਲਾ ਛਿੰਝ ਮੇਲੇ ‘ਚ ਖੂਨੀ ਖੇਡ, ਸਟੰਟਮੈਨ ਸੁਖਮਨਦੀਪ ਸਿੰਘ ਦੀ ਮੌਤ, ਸਟੰਟ ਕਰਦੇ ਸਮੇਂ ਬੇਕਾਬੂ ਹੋਇਆ ਟਰੈਕਟਰ
ਬਟਾਲਾ ਦੇ ਪਿੰਡ ਸਰਚੂਰ ਵਿੱਚ ਛਿੰਝ ਮੇਲੇ ਵਿੱਚ ਸਟੰਟ ਕਰ ਰਹੇ ਸਟੰਟਮੈਨ ਸੁਖਮਨਦੀਪ ਸਿੰਘ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਸੁਖਮਨਦੀਪ ਸਿੰਘ ਦੀ ਉਮਰ 29 ਸਾਲ ਦੇ ਕਰੀਬ ਸੀ। ਸਟੰਟ ਕਰਦੇ ਹੋਏ ਸੁਖਮਨਦੀਪ ਸਿੰਘ ਆਪਣੇ ਹੀ ਟਰੈਕਟਰ ਹੇਠਾਂ ਆ ਗਿਆ। ਜਿਸ ਤੋਂ ਬਾਅਦ ਮੇਲੇ ਦੇ ਪ੍ਰਬੰਧਕਾਂ ਵੱਲੋਂ ਮੇਲੇ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ।

ਗੁਰਦਾਸਪੁਰ ਨਿਊਜ਼। ਬਟਾਲਾ ਦੇ ਪਿੰਡ ਸਰਚੂਰ ਵਿੱਚ ਛਿੰਝ ਮੇਲੇ ਵੇਖਦੇ ਹੀ ਵੇਖਦੀਆਂ ਖੂਨੀ ਖੇਡ ਵਿੱਚ ਬਦਲ ਗਿਆ। ਇਸ ਮੇਲੇ ਵਿੱਚ ਸਟੰਟ ਕਰ ਰਹੇ ਸਟੰਟਮੈਨ ਸੁਖਮਨਦੀਪ ਸਿੰਘ ਦੀ ਮੌਤ ਹੋ ਗਈ। ਦਰਅਸਲ, ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਸੁਖਮਨਦੀਪ ਸਿੰਘ ਮੌਤ ਹੋਈ ਹੈ। ਉਸ ਦੀ ਉਮਰ 29 ਸਾਲ ਦੇ ਕਰੀਬ ਸੀ। ਸੁਖਮਨਦੀਪ ਸਿੰਘ ਸਟੰਟ ਕਰਦੇ ਸਮੇਂ ਆਪਣੇ ਹੀ ਬੇਕਾਬੂ ਟਰੈਕਟਰ ਹੇਠਾਂ ਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਹਲਕਾ ਫਤਿਹਪੁਰ ਚੂੜੀਆਂ ਦਾ ਰਹਿਣ ਵਾਲਾ ਸੁਖਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸ ਨੇ ਕਿਸਾਨੀ ਅੰਦੋਲਨ ਦੌਰਾਨ ਸਟੰਟ ਕਰਨਾ ਸਿਖਿਆ ਸੀ ਇਸ ਦੌਰਾਨ ਸੁਖਮਨਦੀਪ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੇਲਾ ਪ੍ਰਬੰਧਕਾਂ ਨੇ ਸੁਖਮਨਦੀਪ ਦੀ ਮੌਤ ਤੋਂ ਬਾਅਦ ਮੇਲਾ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।
ਸਟੰਟ ਕਰਦੇ ਸਮੇਂ ਟਰੈਕਟਰ ਬੇਕਾਬੂ ਹੋ ਗਿਆ
ਜਾਣਕਾਰੀ ਮੁਤਬਕ ਪਿੰਡ ਸਾਰਚੂਰ ਦੇ ਖੇਡ ਮੈਦਾਨ ਵਿੱਚ ਛਿੰਝ ਮੇਲਾ ਚੱਲ ਰਿਹਾ ਸੀ। ਜਿਸ ਦੌਰਾਨ ਸੁਖਮਨਦੀਪ ਸਿੰਘ ਠੱਠਾ ਆਪਣੇ ਟਰੈਕਟਰ ਨਾਲ ਸਟੰਟ ਕਰਨ ਲਈ ਦੇਰ ਰਾਤ ਮੇਲੇ ਵਿੱਚ ਪੁੱਜੇ। ਸੁਖਮਨਜੀਤ ਸਿੰਘ ਨੇ ਆਪਣੇ ਟਰੈਕਟਰ ਦੇ ਅਗਲੇ ਪਹੀਏ ਨੂੰ ਉੱਚਾ ਕੀਤਾ, ਪਿਛਲੇ ਟਾਇਰਾਂ ਨੂੰ ਮਿੱਟੀ ਵਿੱਚ ਦਬਾ ਦਿੱਤਾ, ਦੌੜਦੇ ਹੋਏ ਟਰੈਕਟਰ ਤੋਂ ਹੇਠਾਂ ਉਤਰਿਆ ਅਤੇ ਟਰੈਕਟਰ ਦੇ ਨਾਲ-ਨਾਲ ਚੱਲਣ ਲੱਗਾ।
ਦੱਸ ਦਈਏ ਕਿ ਦੇਖਦੇ ਹੀ ਦੇਖਦਿਆਂ ਟਰੈਕਟਰ ਬੇਕਾਬੂ ਹੋ ਗਿਆ ਅਤੇ ਮਿੱਟੀ ‘ਚੋਂ ਨਿਕਲ ਕੇ ਮੇਲਾ ਦੇਖ ਰਹੇ ਲੋਕਾਂ ਵੱਲ ਭੱਜਣ ਲੱਗਾ। ਜਿਸ ਨੂੰ ਸੁਖਮਨਦੀਪ ਸਿੰਘ ਵੱਲੋਂ ਕਾਬੂ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਉਹ ਟਰੈਕਟਰ ਦੀ ਲਪੇਟ ‘ਚ ਆ ਗਿਆ। ਇਸ ਟਰੈਕਟਰ
ਦੇ ਨੇੜੇ ਖੜ੍ਹੇ ਦੋ ਵਿਅਕਤੀਆਂ ਨੇ ਸੁਖਮਨਜੀਤ ਨੂੰ ਬਚਾਣ ਦੀ ਕੋਸ਼ਿਸ਼ ਕੀਤੀ। ਜਦੋਂ ਤੱਕ ਉਸ ਨੂੰ ਟਰੈਕਟਰ ਹੇਠੋਂ ਬਾਹਰ ਕੱਢਿਆ ਗਿਆ ਉਸ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਤੋਂ ਬਾਅਦ ਮੇਲਾ ਪ੍ਰਬੰਧਕਾਂ ਨੇ ਮੇਲਾ ਨੂੰ ਖਤਮ ਕਰ ਦਿੱਤਾ।