Pakistan ਰਾਹੀਂ ਭਾਰਤ ‘ਚ ਘੁਸਪੈਠ ਦੀ ਕੋਸ਼ਿਸ਼, ਬੰਗਲਾਦੇਸ਼ੀ ਨਾਗਰਿਕ ਨੂੰ BSF ਨੇ ਕੀਤਾ ਗ੍ਰਿਫਤਾਰ
Pakistani Intruder Arrest: ਪੰਜਾਬ ਦੇ ਅੰਮ੍ਰਿਤਸਰ ਵਿੱਚ ਚੌਕੀ ਖੇਤਰ ਤੋਂ ਬੀਐਸਐਫ ਨੇ ਇੱਕ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਹੈ। ਬੀਐਸਐਫ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸ ਨੇ ਆਪਣੀ ਪਛਾਣ ਬੰਗਲਾਦੇਸ਼ੀ ਨਾਗਰਿਕ ਵਜੋਂ ਦੱਸੀ ਹੈ।
Pakistani Intruder Arrest: ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਰਹੱਦ ‘ਤੇ ਇੱਕ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਹੈ। ਬੀਐਸਐਫ ਨੇ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਪਾਕਿਸਤਾਨ ਤੋਂ ਇੱਕ ਘੁਸਪੈਠੀਆ 8-9 ਮਾਰਚ ਦੀ ਰਾਤ ਨੂੰ ਪੰਜਾਬ ਦੀ ਸਰਹੱਦੀ ਚੌਕੀ ‘ਤੇ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੁਰੱਖਿਆ ਬਲ ਮੁਤਾਬਕ ਇਹ ਘੁਸਪੈਠੀਆ ਅੰਮ੍ਰਿਤਸਰ ਸੈਕਟਰ ‘ਚ ਰਾਜਾਤਾਲ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਵਾਨਾਂ ਨੇ ਦੇਖਿਆ ਤਾਂ ਉਸ ‘ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗਾ।
ਇਕ ਏਜੰਸੀ ਦੀ ਰਿਪੋਰਟ ਮੁਤਾਬਕ ਜਿਵੇਂ ਹੀ ਡਿਊਟੀ ‘ਤੇ ਮੌਜੂਦ ਅਧਿਕਾਰੀਆਂ ਨੇ ਉਸ ‘ਤੇ ਗੋਲੀਬਾਰੀ ਕੀਤੀ ਤਾਂ ਉਹ ਭੱਜਣ ਲੱਗਾ ਪਰ ਜਵਾਨਾਂ ਨੇ ਉਸ ਨੂੰ ਫੜ ਲਿਆ। ਬਾਅਦ ਵਿੱਚ ਬੀਐਸਐਫ ਦੇ ਜਵਾਨਾਂ ਨੇ ਉਸਦੀ ਤਲਾਸ਼ੀ ਲਈ। ਸ਼ੁਰੂਆਤੀ ਜਾਂਚ ਵਿੱਚ ਉਸ ਨੇ ਆਪਣੀ ਪਛਾਣ ਬੰਗਲਾਦੇਸ਼ੀ ਨਾਗਰਿਕ ਵਜੋਂ ਦੱਸੀ ਹੈ। ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਾਂਚ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ – ਬੀਐੱਸਐੱਫ
ਬੀਐਸਐਫ ਦੇ ਬੁਲਾਰੇ ਨੇ ਕਿਹਾ, ਡਿਊਟੀ ‘ਤੇ ਮੌਜੂਦ ਬੀਐਸਐਫ ਦੇ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ‘ਤੇ ਗੋਲੀਬਾਰੀ ਕੀਤੀ ਅਤੇ ਫਿਰ ਉਸਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਵਿਅਕਤੀ ਬੰਗਲਾਦੇਸ਼ੀ ਨਾਗਰਿਕ ਹੈ। ਉਸ ਕੋਲੋਂ ਪੁੱਛਗਿੱਛ ਦੇ ਆਧਾਰ ‘ਤੇ ਅਗਲੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ।
ਭਾਰਤ-ਪਾਕਿਸਤਾਨ ਬਾਰਡਰ ਤੋਂ ਘੁਸਪੈਠੀਏ ਦੀ ਗ੍ਰਿਫਤਾਰੀ
ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਵੀ ਬੀਐਸਐਫ ਨੇ ਕਈ ਘੁਸਪੈਠੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਵਿੱਚ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦਾ ਮਾਮਲਾ ਹੈ, ਜਿੱਥੇ ਬੀਐਸਐਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਐਸਐਫ ਨੇ ਦੱਸਿਆ ਸੀ ਕਿ ਉਹ ਅੱਤਵਾਦੀ ਸੰਗਠਨ ਤਹਿਰੀਕ-ਏ-ਲੱਬੈਕ ਨਾਲ ਸਬੰਧਿਤ ਹੈ। ਉਸ ਨੂੰ ਭਾਰਤ-ਪਾਕਿਸਤਾਨ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਪਾਕਿਸਤਾਨ ਦੇ ਭਾਵਲਨਗਰ ਦੇ ਪਿੰਡ ਕਰਮਪੁਰ ਦਾ ਰਹਿਣ ਵਾਲਾ ਸੀ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਜੂਨ ਮਹੀਨੇ ਵਿੱਚ ਬੀਐਸਐਫ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਕੌਮਾਂਤਰੀ ਸਰਹੱਦ ਤੇ ਇੱਕ ਵਿਅਕਤੀ ਨੂੰ ਮਾਰ ਮੁਕਾਇਆ ਸੀ। ਇਸ ਤਰ੍ਹਾਂ ਦੇ ਕਈ ਹੋਰ ਅਪਰੇਸ਼ਨਾਂ ਵਿਚ ਸਰਹੱਦ ‘ਤੇ ਕਈ ਘੁਸਪੈਠੀਆਂ ਨੂੰ ਢੇਰ ਕੀਤਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ