ਬਿਕਰਮ ਮਜੀਠੀਆ ਦੇ ਦੋ ਨਜ਼ਦੀਕੀਆਂ ਨੇ ਛੱਡਿਆ ਅਕਾਲੀ ਦਲ, ਬੋਲੇ ਪਾਰਟੀ ‘ਚ ਜ਼ਮੀਰ ਅਤੇ ਜਜ਼ਬਾਤਾਂ ਦੀ ਹੁੰਦੀ ਹੈ ਸੌਦੇਬਾਜ਼ੀ
ਸ਼੍ਰੋਮਣੀ ਅਕਾਲੀ ਦਲ ਨੂੰ ਅੰਮ੍ਰਿਤਸਰ ਵਿੱਚ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਇੱਥੇ ਪਾਰਟੀ ਦੇ ਦੋ ਸਿਰਕੱਢ ਆਗੂਆਂ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਹੈ। ਦੋਵੇਂ ਆਗੂਆਂ ਗੁਰਪ੍ਰਤਾਰ ਸਿੰਘ ਟਿੱਕਾ ਅਤੇ ਗੁਰਸ਼ਰਨ ਸਿੰਘ ਛੀਨਾ ਨੇ ਗੰਭੀਰ ਇਲਜ਼ਾਮ ਲਗਾਏ ਹਨ। ਇਹ ਦੋਵੇਂ ਆਗੂ ਬਿਕਰਮ ਮਜੀਠੀਆ ਦੇ ਨਜ਼ਦੀਕੀ ਮੰਨੇ ਜਾਂਦੇ ਸਨ। ਟਿੱਕੇ ਨੇ ਜਿੱਥੇ ਸਾਜਿਸ਼ ਕਰਕੇ ਉਨਾਂ ਨੂੰ ਪਿੱਛੇ ਧੱਕਣ ਦਾ ਇਲਜ਼ਾਮ ਲਗਾਇਆ ਉਥੇ ਹੀ ਛੀਨਾ ਨੇ ਵਿਸ਼ਵਾਸ਼ਘਾਤ ਕਰਨ ਵਰਗੇ ਗੰਭੀਰ ਇਲਜ਼ਾਮ ਲਗਾਏ।
ਅੰਮ੍ਰਿਤਸਰ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ, ਉਥੇ ਹੀ ਦੂਜੇ ਪਾਸੇ ਸੀਨੀਅਰ ਆਗੂਆਂ ਵੱਲੋਂ ਪਾਰਟੀ ਛੱਡਣ ਦਾ ਸਿਲਸਿਲਾ ਜਾਰੀ ਹੈ। ਅੰਮ੍ਰਿਤਸਰ ‘ਚ ਬਿਕਰਮ ਮਜੀਠੀਆ (Bikram Majithia) ਦੇ ਦੋ ਨਜ਼ਦੀਕੀਆਂ ਨੇ ਇੱਕੋ ਦਿਨ ਅਸਤੀਫ਼ਾ ਦੇ ਦਿੱਤਾ ਹੈ। ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਯੂਥ ਅਕਾਲੀ ਦਲ ਦਿਹਾਤੀ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੇ ਉਸੇ ਦਿਨ ਅਸਤੀਫਾ ਦੇ ਦਿੱਤਾ ਹੈ।
ਟਿੱਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਸਬੰਧੀ ਦੋ ਪੰਨਿਆਂ ਦੀ ਚਿੱਠੀ ਲਿਖ ਕੇ ਪਾਰਟੀ ‘ਤੇ ਭਾਈ-ਭਤੀਜਾਵਾਦ ਦੇ ਦੋਸ਼ ਲਾਏ ਹਨ। ਟਿੱਕਾ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਭਵਿੱਖ ਦੀ ਰਣਨੀਤੀ ਤੈਅ ਕਰਨਗੇ।
ਇਹ ਹੈ ਗੁਰਪ੍ਰਤਾਪ ਟਿੱਕਾ ਦਾ ਅਸਤੀਫਾ
ਹੁਣ ਪੜੋ ਅਸਤੀਫੇ ਵਿੱਚ ਕੀ ਲਿਖਿਆ..
ਟਿੱਕਾ ਨੇ ਆਪਣੇ ਅਸਤੀਫੇ ‘ਚ ਕਿਹਾ- ਮੈਂ 29 ਸਾਲਾਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹਾਂ। ਪਰ ਪਿਛਲੇ 14-15 ਸਾਲਾਂ ਵਿੱਚ ਮੇਰੀਆਂ ਸੇਵਾਵਾਂ ਭਾਈ-ਭਤੀਜਾਵਾਦ ਦਾ ਸ਼ਿਕਾਰ ਹੋ ਗਈਆਂ। ਮੈਂ ਇਹ ਸਬਕ ਸਿੱਖਿਆ ਕਿ ਸੱਤਾ ਹਾਸਲ ਕਰਨ ਲਈ ਸਿਆਸੀ ਸੌਦੇਬਾਜ਼ੀ ਲਈ ਜ਼ਮੀਰ ਅਤੇ ਜਜ਼ਬਾਤ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ।
ਸਾਜਿਸ਼ ਕਰਕੇ ਮੈਨੂੰ ਪਿੱਛੇ ਧੱਕਿਆ-ਟਿੱਕਾ
ਮੈਂ ਤੁਹਾਡੇ ਨਾਲ ਰਾਜਨੀਤੀ ਵਿੱਚ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਪਰ ਮੈਨੂੰ ਇੱਕ ਸਾਜਿਸ਼ ਕਾਰਨ ਪਿੱਛੇ ਧੱਕ ਦਿੱਤਾ ਗਿਆ ਜਿਸ ਵਿੱਚ ਤੁਹਾਡੇ ਕਰੀਬੀ ਲੋਕ ਵੀ ਸ਼ਾਮਲ ਸਨ ਪਰ ਮੈਨੂੰ ਬਾਦਲ ਪਰਿਵਾਰ ਵੱਲੋਂ ਮਿਲ ਰਹੇ ਪਿਆਰ ਕਾਰਨ ਮੈਂ ਸਭ ਕੁਝ ਬਰਦਾਸ਼ਤ ਕੀਤਾ। ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਅਤੇ ਆਪ ਦੇ ਪਰਿਵਾਰ ਨਾਲ ਪਰਿਵਾਰਕ ਸਾਂਝਾਂ ਅਤੇ ਨਿੱਜੀ ਪਿਆਰ ਵਿਚ ਕਦੇ ਵੀ ਕੋਈ ਕਮੀ ਨਹੀਂ ਆਈ ਪਰ ਸਿਆਸੀ ਪੱਧਰ ‘ਤੇ ਨੇੜਤਾ ਕਾਫੀ ਨੁਕਸਾਨਦੇਹ ਸਾਬਤ ਹੋਈ ਹੈ।
ਪਾਰਟੀ ਨੂੰ ਦਿੱਤਾ ਜ਼ਿੰਦਗੀ ਦਾ ਅਹਿਮ ਹਿੱਸਾ-ਟਿੱਕਾ
ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਅਕਾਲੀ ਦਲ ਨੂੰ ਦੇਣ ਦੇ ਬਾਵਜੂਦ ਮੈਂ ਸਿਆਸੀ ਸਮਝੌਤਿਆਂ ਲਈ ਤੁਹਾਡੀਆਂ ਅੱਖਾਂ ਸਾਹਮਣੇ ਕਈ ਵਾਰ ਕੁਰਬਾਨ ਹੋਇਆ। ਮੌਜੂਦਾ ਸਮੇਂ ਵਿੱਚ ਸੰਪਰਦਾਇਕ ਵਿਚਾਰਧਾਰਾ ਨੂੰ ਪਾਸੇ ਰੱਖ ਕੇ ਪਾਰਟੀ ਵਿੱਚ ਸਵਾਰਥੀ ਅਤੇ ਵਪਾਰਕ ਸੋਚ ਵਾਲੇ ਲੋਕਾਂ ਦਾ ਦਬਦਬਾ ਹੈ। ਮੈਂ ਹੁਣ ਆਪਣੇ ਸਬਰ ਨੂੰ ਪਰਖਣ ਅਤੇ ਸਦਮੇ ਨੂੰ ਬਰਦਾਸ਼ਤ ਕਰਨ ਦੇ ਯੋਗ ਨਹੀਂ ਹਾਂ. ਇਸ ਲਈ ਮੈਂ ਪਾਰਟੀ ਤੋਂ ਵੱਖ ਹੋ ਕੇ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।
ਇਹ ਵੀ ਪੜ੍ਹੋ
ਛੀਨਾ ਨੇ ਵੀ ਸੁਖਬੀਰ ਬਾਦਲ ਨੂੰ ਭੇਜਿਆ ਅਸਤੀਫਾ
ਇਸੇ ਤਰ੍ਹਾਂ ਯੂਥ ਅਕਾਲੀ ਦਲ ਪੰਜਾਬ ਯੂਥ ਵਿਕਾਸ ਬੋਰਡ ਦੇ ਦਿਹਾਤੀ ਪ੍ਰਧਾਨ ਅਤੇ ਸਾਬਕਾ ਬਲਾਕ ਸਮਿਤੀ ਮੈਂਬਰ ਗੁਰਸ਼ਰਨ ਸਿੰਘ ਛੀਨਾ ਨੇ ਵੀ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਛੀਨਾ ਨੇ ਵੀ ਆਪਣਾ ਅਸਤੀਫਾ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ। ਛੀਨਾ ਨੇ ਪਾਰਟੀ ਵਿੱਚ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦਾ ਵੀ ਇਲਜ਼ਾਮ ਲਾਇਆ ਹੈ। ਛੀਨਾ ਨੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਅਤੇ 20 ਸਾਲ ਵਿਸ਼ਵਾਸਘਾਤ ਦਾ ਸ਼ਿਕਾਰ ਹੋ ਚੁੱਕੇ ਹਨ। ਜਿਸ ਕਾਰਨ ਹੁਣ ਉਨ੍ਹਾਂ ਨੇ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਹੈ।