Firing in Amritsar: ਗੁਰੂਨਗਰੀ ਅੰਮ੍ਰਿਤਸਰ ‘ਚ ਦਿਨ ਦਿਹਾੜੇ ਫਾਇਰਿੰਗ, ਗੱਡੀ ਨੂੰ ਚੀਰਦੀ ਹੋਈ ਨੌਜਵਾਨ ਨੂੰ ਲੱਗੀ ਗੋਲੀ, ਗੰਭੀਰ ਜ਼ਖਮੀ
ਗੱਡੀ ਚ ਬੈਠੇ ਦੂਜੇ ਨੌਜਵਾਨਾਂ ਨੇ ਦੱਸਿਆ ਕਿ ਉਹ ਖਾਣਾ ਖਾਕੇ ਆਪਣੀ ਕਾਰ ਰਾਹੀਂ ਵਾਪਸ ਪਰਤ ਰਹੇ ਸਨ ਤਾਂ ਅਚਾਨਕ ਕੁਝ ਅਣਪਛਾਤੇ ਲੋਕਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿਤੀਆਂ। ਉਨ੍ਹਾਂ ਨੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ।
ਅੰਮ੍ਰਿਤਸਰ ਨਿਊਜ਼। ਗੁਰੂਨਗਰੀ ਅੰਮ੍ਰਿਤਸਰ ਉਸ ਵੇਲ੍ਹੇ ਗੋਲੀਆਂ ਦੇ ਸ਼ੋਰ ਨਾਲ ਦਹਿਲ ਗਈ, ਜਦੋਂ ਕੁਝ ਨੌਜਵਾਨਾਂ ਨੇ ਦਿਨ ਦਿਹਾੜੇ ਇੱਕ ਕਾਰ ਉੱਤੇ ਅੰਨ੍ਹੇਵਾਰ ਗੋਲੀਬਾਰੀ ਕਰ ਦਿੱਤੀ। ਜਾਣਕਾਰੀ ਮੁਤਾਬਿਕ, ਸ਼ਹਿਰ ਦੇ ਕਚਹਿਰੀ ਚੌਕ ਨੇੜੇ ਦੁਪਹਿਰ ਦਾ ਖਾਣਾ ਖਾਕੇ ਸਵਿਫਟ ਗੱਡੀ ਤੇ ਜਾ ਰਹੇ ਕੁਝ ਨੌਜਵਾਨਾਂ ਉੱਤੇ 2 ਅਣਪਛਾਤੇ ਨੌਜਵਾਨਾਂ ਨੇ ਅੰਨ੍ਹਵਾਰ ਗੋਲੀਬਾਰੀ ਕਰ ਦਿੱਤੀ। ਇਹ ਸਾਰੀਆਂ ਗੋਲੀਆਂ ਨੌਜਵਾਨਾਂ ਦੀ ਗੱਡੀ ਤੇ ਵੱਜੀਆਂ, ਜਿਸਤੋਂ ਬਾਅਦ ਗੱਡੀ ਚ ਵੱਡੇ-ਵੱਡੇ ਸੁਰਾਖ਼ ਹੋ ਗਏ।
ਇਸ ਗੋਲੀਬਾਰੀ ਦੌਰਾਨ ਇੱਕ ਗੋਲੀ ਗੱਡੀ ਨੂੰ ਚੀਰਦੀ ਹੋਈ ਅੰਦਰ ਸੀਟ ਤੇ ਬੈਠੇ ਨੌਜਵਾਨ ਦੀ ਵੱਖੀ ਵਿੱਚ ਜਾ ਲੱਗੀ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਉਸਨੂੰ ਤੁਰੰਤ ਅੰਮ੍ਰਿਤਸਰ ਦੇ ਸਿਵਿਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਸਥਿਰ ਦੱਸੀ ਹੈ।


