Rail Roko Protest: ਦਿੱਲੀ ‘ਚ ਪਹਿਲਵਾਨਾਂ ਨਾਲ ਹੋਈ ਬਦਸਲੂਕੀ ਖਿਲਾਫ਼ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕੱਲ੍ਹ ਪੰਜਾਬ ਵਿੱਚ ਰੇਲਾਂ ਰੋਕਣ ਦਾ ਐਲਾਨ
ਸੁਪਰੀਮ ਕੋਰਟ ਤੋਂ ਧਰਨੇ 'ਤੇ ਬੈਠੀਆਂ ਮਹਿਲਾ ਪਹਿਲਵਾਨਾਂ ਦੇ ਮਾਮਲ ਦੀ ਅਗਲੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਪਹਿਲਵਾਨਾਂ ਵੱਲੋਂ ਇੱਕ ਪਟੀਸ਼ਨ ਦਾਇਰ ਕਰਕੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਐਫਆਈਆਰ ਦਰਜ ਕਰ ਲਈਆਂ ਹਨ, ਇਸ ਮਾਮਲੇ ਵਿੱਚ ਅਗਲੀ ਸੁਣਵਾਈ ਰੋਕੀ ਹੋਈ ਹੈ।
ਅੰਮ੍ਰਿਤਸਰ ਨਿਊਜ: ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨੇ ਤੇ ਬੈਠੀਆਂ ਮਹਿਲਾ ਪਹਿਲਵਾਨਾਂ ਨਾਲ ਪੁਲਿਸ ਵੱਲੋਂ ਕੀਤੀ ਗਈ ਬਦਸਲੂਕੀ ਦਾ ਮਾਮਲਾ ਭਖਦਾ ਨਜਰ ਆ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ੁੱਕਰਵਾਰ ਨੂੰ ਪੂਰੇ ਸੂਬੇ ਵਿਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਕਮੇਟੀ ਦਾ ਕਹਿਣਾ ਹੈ ਕਿ ਇਹ ਮਹਿਲਾ ਪਹਿਲਵਾਨ ਆਪਣੇ ਹੱਕਾਂ ਲਈ ਲੜ ਰਹੀਆਂ ਹਨ। ਧਰਨੇ ਤੇ ਬੈਠਣ ਦੌਰਾਨ ਉਨ੍ਹਾਂ ਨਾਲ ਦਿੱਲੀ ਪੁਲਿਸ ਵੱਲੋਂ ਕੀਤਾ ਗਿਆ ਇਹ ਵਤੀਰਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੰਜਾਬ ਦੇ ਸੂਬਾ ਦਫਤਰ ਸਕੱਤਰ ਸਰਵਣ ਸਿੰਘ ਪੰਧੇਰ ਨੇ ਬਿਆਨ ਜਾਰੀ ਕਰਦਿਆਂ ਕਿ ਭਾਜਪਾ ਸੰਸਦ ਅਤੇ ਕੁਸ਼ਤੀ ਮਹਾਂਸੰਘ ਦੇ ਮੁਖੀ ਬ੍ਰਿਜਭੁਸ਼ਣ ਸ਼ਰਨ ਸਿੰਘ ਤੇ ਮਹਿਲਾ ਪਹਿਲਵਾਨਾਂ ਨਾਲ ਕੀਤੇ ਗਏ ਜਿਨਸੀ ਸੋਸ਼ਣ ਖਿਲਾਫ ਮਹਿਲਾ ਪਹਿਲਵਾਨਾਂ ਵਲੋ ਜੰਤਰ ਮੰਤਰ ਦਿੱਲੀ ਵਿਖੇ ਪਿਛਲੇ 12 ਦਿਨਾਂ ਤੋਂ ਧਰਨਾ ਲਗਾਇਆ ਗਿਆ ਹੈ। ਪਰ ਉਨ੍ਹਾਂ ਨੂੰ ਦਿੱਲੀ ਪੁਲਿਸ ਵੱਲੋਂ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਪਹਿਲਵਾਨਾਂ ਦੀ ਹਮਾਇਤ ਲਈ ਦਿੱਲੀ ਪਹੁੰਚ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੱਥੇ ਨੂੰ ਦਿੱਲੀ ਪੁਲਿਸ ਵੱਲੋਂ ਸਿੰਘੁ ਬਾਰਡਰ ਵਿਖੇ ਗ੍ਰਿਫਤਾਰ ਕਰਕੇ ਬਵਾਨਾ ਥਾਣੇ ਲਿਜਾਇਆ ਗਿਆ ਹੈ। ਜਿਸਦੀ ਜਥੇਬੰਦੀ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ।
ਕਿਸਾਨਾਂ ਦੀ ਕੇਂਦਰ ਨੂੰ ਚਿਤਾਵਨੀ
ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆ ਕਿਹਾ ਕਿ ਜੰਤਰ ਮੰਤਰ ਵਿਖੇ ਪੁਰਅਮਨ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਨਾ ਅਤੇ ਦੇਸ਼ ਵਾਸੀਆਂ ਵੱਲੋਂ ਉਸਦਾ ਸਮਰਥਨ ਕਰਨਾ ਲੋਕਤੰਤਰੀ ਅਤੇ ਜਮਹੂਰੀ ਹੱਕ ਹੈ, ਜੇਕਰ ਦਿੱਲੀ ਪੁਲਿਸ ਹਰਿਆਣਾ ਅਤੇ ਯੂਪੀ ਦੇ ਕਿਸਾਨ ਆਗੂਆਂ ਸਮੇਤ ਜਥੇਬੰਦੀ ਦੇ ਆਗੂਆਂ ਨੂੰ ਰਿਹਾਅ ਨਹੀਂ ਕਰਦੀ ਤਾਂ ਕੱਲ੍ਹ ਨੂੰ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰ ਕੇਂਦਰ ਸਰਕਾਰ ਹੋਵੇਗੀ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਪਹਿਲਵਾਨਾਂ ਨੂੰ ਨਿਆਂ ਦਿਵਾਉਣ ਦੀ ਜਗ੍ਹਾ ਦੋਸ਼ੀ ਭਾਜਪਾ ਸੰਸਦ ਬ੍ਰਿਜ਼ਭੂਸ਼ਣ ਸਿੰਘ ਸ਼ਰਨ ਦੇ ਹੱਕ ਵਿੱਚ ਖੜੇ ਹੋਣਾ ਦੇਸ਼ ਹਿੱਤ ਲਈ ਚੰਗਾ ਸੰਕੇਤ ਨਹੀਂ ਹੈ। ਕੇਂਦਰ ਸਰਕਾਰ ਦੇਸ਼ ਦੇ ਆਮ ਲੋਕਾਂ ਲਈ ਕਨੂੰਨ ਕੁਝ ਹੋਰ ਅਤੇ ਭਾਜਪਾ ਆਗੂਆਂ ਲਈ ਕਾਨੂੰਨ ਕੁਝ ਹੋਰ ਵਰਤ ਰਹੀ ਹੈ, ਜਿਸਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੇਸ਼ ਭਰ ਦੇ ਲੋਕਾਂ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ