SGPC Chief: ਬੇਕਸੂਰੇ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਬੰਦ ਕਰੇ ਪੰਜਾਬ ਸਰਕਾਰ: ਐਡਵੋਕੇਟ ਧਾਮੀ
Advocate Dhami ਨੇ ਕਿਹਾ ਕਿ ਜੇਕਰ ਸਰਕਾਰ ਸੁਹਿਰਦ ਅਤੇ ਸੰਜੀਦਾ ਹੈ ਤਾਂ ਪੰਜਾਬ ਦੇ ਨੌਜੁਆਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਕੇਵਲ ਰਾਜਸੀ ਲਾਭ ਲਈ ਸਰਕਾਰ ਦੀ ਮਸ਼ੀਨਰੀ ਦੀ ਦੁਰਵਰਤੋਂ ਜਾਇਜ਼ ਨਹੀਂ ਹੈ।
ਅੰਮ੍ਰਿਤਸਰ ਨਿਊਜ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Advocate Harjinder Singh Dhami) ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਪੁਲਿਸ ਵੱਲੋਂ ਸਿੱਖ ਨੌਜੁਆਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਕਰੜੀ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਜਾਰੀ ਇਕ ਬਿਆਨ ਵਿਚ ਆਖਿਆ ਹੈ ਕਿ ਪੰਜਾਬ ਅੰਦਰ ਬੇਕਸੂਰੇ ਸਿੱਖ ਨੌਜੁਆਨਾਂ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਉਣਾ ਠੀਕ ਨਹੀਂ ਹੈ। ਬਿਨਾਂ ਕਿਸੇ ਦੋਸ਼ ਦੇ ਮਨਘੜ੍ਹਤ ਕਹਾਣੀਆਂ ਬਣਾ ਕੇ ਨੌਜੁਆਨਾਂ ਦੀ ਫੜੋ-ਫੜਾਈ ਸੂਬੇ ਦੇ ਹਿੱਤ ਵਿਚ ਨਹੀਂ।
ਜਾਣਬੁਝ ਕੇ ਸਿੱਖ ਨੌਜਵਾਨਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾ ਰਿਹਾ
ਉਨ੍ਹਾਂ ਕਿਹਾ ਕਿ ਪੰਜਾਬ ਨੇ ਕਈ ਦੌਰ ਵੇਖੇ ਹਨ ਅਤੇ ਸੂਬੇ ਦੀ ਮੌਜੂਦਾ ਸਰਕਾਰ ਵੱਲੋਂ ਹਾਲਾਤਾਂ ਨੂੰ ਤਲਖ਼ ਕਰਨ ਵਿਚ ਇਕ ਹੋਰ ਅਧਿਆਏ ਸ਼ਾਮਲ ਕਰਨਾ ਬੇਹੱਦ ਮੰਦਭਾਗਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਦੀ ਸਿੱਖ ਨੌਜਵਾਨੀ ਨੇ ਇਕੱਲੇ ਸੂਬੇ ਦੀ ਹੀ ਨਹੀਂ, ਸਗੋਂ ਦੇਸ਼ ਅਤੇ ਦੁਨੀਆਂ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਪਰੰਤੂ ਦੁੱਖ ਦੀ ਗੱਲ ਹੈ ਕਿ ਸਮੇਂ-ਸਮੇਂ ਤੇ ਜਾਣਬੁਝ ਕੇ ਸਿੱਖ ਨੌਜੁਆਨਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ। ਪੰਜਾਬ ਦੀ ਮੌਜੂਦਾ ਸਰਕਾਰ ਵੀ ਅਜਿਹੀ ਹੀ ਗਲਤੀ ਕਰ ਰਹੀ ਹੈ।
ਕਸੂਰ ਹੋਵੇ ਤਾਂ ਜਰੂਰ ਕਰੋ ਕਾਨੂੰਨੀ ਕਾਰਵਾਈ -ਧਾਮੀ
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਕੋਈ ਕਸੂਰ ਸਾਹਮਣੇ ਆਉਂਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਤੌਰ ਤੇ ਹੀ ਕਾਰਵਾਈ ਕੀਤੀ ਜਾ ਸਕਦੀ ਹੈ। ਕਿਸੇ ਵੀ ਵਰਤਾਰੇ ਦੀ ਆੜ ਹੇਠ ਸਰਕਾਰ ਨੂੰ ਸੂਬੇ ਅੰਦਰ ਡਰ ਦਾ ਮਾਹੌਲ ਬਿਲਕੁਲ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਆਖਿਆ ਕਿ ਸਿੱਖ ਨੌਜਵਾਨੀ ਅੰਦਰ ਚੇਤਨਾ ਦੇ ਅਮਲ ਨੂੰ ਦੋਸ਼ ਵਜੋਂ ਪੇਸ਼ ਕਰਨਾ ਸਰਕਾਰ ਦੀ ਵੱਡੀ ਭੁੱਲ ਹੀ ਮੰਨੀ ਜਾਵੇਗੀ। ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਨੂੰ ਅਜਿਹੀਆਂ ਕਾਰਵਾਈਆਂ ਬੰਦ ਕਰਨ ਦੀ ਨਸੀਹਤ ਦਿੱਤੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ