ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 16 ਮੁਲਜ਼ਮ ਗ੍ਰਿਫ਼ਤਾਰ; 34 ਕਿਲੋ ਹੈਰੋਇਨ, Uzi ਗੰਨਾਂ ਤੇ ਹੈਂਡ ਗ੍ਰਨੇਡ ਬਰਾਮਦ

Updated On: 

05 Nov 2026 14:28 PM IST

ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਥਿਤ ਤੌਰ 'ਤੇ ਵਿਦੇਸ਼ਾਂ 'ਚ ਬੈਠੇ ਹੈਂਡਲਰਾਂ ਦੇ ਸੰਪਰਕ 'ਚ ਸਨ। ਇਹ ਹੈਂਡਲਰ ਅੱਗੇ ਅਪਰਾਧਿਕ ਤੱਤਾਂ ਤੱਕ ਪਹੁੰਚਾਉਣ ਲਈ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦਾ ਪ੍ਰਬੰਧ ਕਰਦੇ ਸਨ। ਪੁਲਿਸ ਵੱਲੋਂ ਹੁਣ ਇਸ ਨੈੱਟਵਰਕ ਨਾਲ ਜੁੜੀਆਂ ਪਿਛਲੀਆਂ ਤੇ ਅਗਲੀਆਂ ਕੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 16 ਮੁਲਜ਼ਮ ਗ੍ਰਿਫ਼ਤਾਰ; 34 ਕਿਲੋ ਹੈਰੋਇਨ, Uzi ਗੰਨਾਂ ਤੇ ਹੈਂਡ ਗ੍ਰਨੇਡ ਬਰਾਮਦ

ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ, ਵਿਸਫੋਟਕ ਸਮੱਗਰੀ ਤੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਖ-ਵੱਖ ਗੈਰ-ਕਾਨੂੰਨੀ ਹਥਿਆਰਾਂ ਤੇ ਨਸ਼ਾ ਤਸਕਰੀ ਦੇ ਨੈੱਟਵਰਕਾਂ ਦਾ ਪਰਦਾਫਾਸ਼ ਕਰਦਿਆਂ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਤਿੰਨ ਫਾਇਰਿੰਗ ਦੀਆਂ ਘਟਨਾਵਾਂ ਨੂੰ ਵੀ ਸੁਲਝਾਉਣ ਦਾ ਦਾਅਵਾ ਕੀਤਾ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਪੁਲਿਸ ਨੇ ਮੁਲਜ਼ਮਾਂ ਕੋਲੋਂ 5 ਨਾਜਾਇਜ਼ ਪਿਸਤੌਲ, 2 ਆਧੁਨਿਕ ਉਜ਼ੀ (Uzi) ਗੰਨਾਂ, 2 ਹੈਂਡ ਗ੍ਰਨੇਡ, 34 ਕਿਲੋ ਹੈਰੋਇਨ ਤੇ 26 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਵਿਦੇਸ਼ਾਂ ‘ਚ ਬੈਠੇ ਹੈਂਡਲਰਾਂ ਨਾਲ ਸੰਪਰਕ ਹੋਣ ਦਾ ਖੁਲਾਸਾ

ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਥਿਤ ਤੌਰ ‘ਤੇ ਵਿਦੇਸ਼ਾਂ ‘ਚ ਬੈਠੇ ਹੈਂਡਲਰਾਂ ਦੇ ਸੰਪਰਕ ‘ਚ ਸਨ। ਇਹ ਹੈਂਡਲਰ ਅੱਗੇ ਅਪਰਾਧਿਕ ਤੱਤਾਂ ਤੱਕ ਪਹੁੰਚਾਉਣ ਲਈ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦਾ ਪ੍ਰਬੰਧ ਕਰਦੇ ਸਨ। ਪੁਲਿਸ ਵੱਲੋਂ ਹੁਣ ਇਸ ਨੈੱਟਵਰਕ ਨਾਲ ਜੁੜੀਆਂ ਪਿਛਲੀਆਂ ਤੇ ਅਗਲੀਆਂ ਕੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ‘ਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।

ਪੰਜ ਥਾਣਿਆਂ ‘ਚ ਵੱਖ-ਵੱਖ ਮਾਮਲੇ ਦਰਜ

ਇਸ ਮਾਮਲੇ ਸਬੰਧੀ ਅੰਮ੍ਰਿਤਸਰ ਦੇ ਥਾਣਾ ਘਰਿੰਡਾ, ਥਾਣਾ ਬਿਆਸ, ਥਾਣਾ ਮਹਿਤਾ, ਥਾਣਾ ਲੋਪੋਕੇ ਤੇ ਥਾਣਾ ਛੇਹਰਟਾ ਵਿਖੇ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਵੱਲੋਂ ਮਾਮਲਿਆਂ ਦੀ ਅਗਲੇਰੀ ਜਾਂਚ ਜਾਰੀ ਹੈ ਤੇ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਨੇ ਕਿਹਾ ਹੈ ਕਿ ਸੂਬੇ ‘ਚ ਗੈਰ-ਕਾਨੂੰਨੀ ਹਥਿਆਰਾਂ ਤੇ ਨਸ਼ਾ ਤਸਕਰੀ ਦੇ ਨੈੱਟਵਰਕਾਂ ਨੂੰ ਖ਼ਤਮ ਕਰਨ ਤੇ ਨਸ਼ਾ ਮੁਕਤ ਤੇ ਸੁਰੱਖਿਅਤ ਪੰਜਾਬ ਬਣਾਉਣ ਲਈ ਮੁਹਿੰਮ ਲਗਾਤਾਰ ਜਾਰੀ ਰਹੇਗੀ।

Loading...
Unable to load recommendations.
Follow Us