ਅੰਮ੍ਰਿਤਸਰ ਪੁਲਿਸ ਦੇ ਵੱਡੇ ਹੁਕਮ ਜਾਰੀ! ਮੋਬਾਈਲ, ਪਾਰਕਿੰਗ, ਪਟਾਕਿਆਂ ਤੇ ਹਥਿਆਰਾਂ ਸਬੰਧੀ ਸਖ਼ਤ ਨਿਯਮ
ਇਨ੍ਹਾਂ ਹੁਕਮਾਂ ਤਹਿਤ ਮੋਬਾਈਲ ਫੋਨ ਤੇ ਸਿਮ ਵੇਚਣ, ਪਟਾਕਿਆਂ ਦੀ ਆਵਾਜ਼, ਵਾਹਨਾਂ 'ਚ ਹਥਿਆਰ ਰੱਖਣ, ਪੁਲਿਸ ਤੇ ਸੁਰੱਖਿਆ ਬਲਾਂ ਦੀਆਂ ਵਰਦੀਆਂ ਵੇਚਣ, ਪਾਰਕਿੰਗ ਸਥਾਨਾਂ ਦੀ ਸੁਰੱਖਿਆ ਤੇ ਸੜਕਾਂ ਤੇ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ।
ਫਾਈਲ ਫੋਟੋ
ਅੰਮ੍ਰਿਤਸਰ ‘ਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ, ਸਾਈਬਰ ਅਪਰਾਧਾਂ ਨੂੰ ਰੋਕਣ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ, ਆਈਪੀਐਸ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 (BNSS) ਤਹਿਤ ਵੱਖ-ਵੱਖ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਮੋਬਾਈਲ ਫੋਨ ਤੇ ਸਿਮ ਵੇਚਣ, ਪਟਾਕਿਆਂ ਦੀ ਆਵਾਜ਼, ਵਾਹਨਾਂ ‘ਚ ਹਥਿਆਰ ਰੱਖਣ, ਪੁਲਿਸ ਤੇ ਸੁਰੱਖਿਆ ਬਲਾਂ ਦੀਆਂ ਵਰਦੀਆਂ ਵੇਚਣ, ਪਾਰਕਿੰਗ ਸਥਾਨਾਂ ਦੀ ਸੁਰੱਖਿਆ ਤੇ ਸੜਕਾਂ ਤੇ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ।
ਮੋਬਾਈਲ ਫੋਨ ਤੇ ਸਿਮ ਵੇਚਣ ਲਈ ਪਛਾਣ ਪੱਤਰ ਲਾਜ਼ਮੀ
ਪੁਲਿਸ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਦੀ ਹੱਦ ਅੰਦਰ ਕੋਈ ਵੀ ਮੋਬਾਈਲ ਫੋਨ ਜਾਂ ਸਿਮ ਕਾਰਡ ਵਿਕਰੇਤਾ ਖਰੀਦਦਾਰ ਦਾ ਪਛਾਣ ਪੱਤਰ, ਆਈਡੀ ਪਰੂਫ ਤੇ ਫੋਟੋ ਲਏ ਬਿਨਾਂ ਮੋਬਾਈਲ ਫੋਨ ਜਾਂ ਸਿਮ ਨਹੀਂ ਵੇਚ ਸਕੇਗਾ। ਦੁਕਾਨਦਾਰਾਂ ਨੂੰ ਪਛਾਣ ਪੱਤਰ ਦੀ ਅਸਲੀਅਤ ਦੀ ਜਾਂਚ ਕਰਨ ਤੇ ਉਸ ਦੀ ਸਵੈ-ਤਸਦੀਕ ਕਰਵਾਉਣ ਦੇ ਵੀ ਹੁਕਮ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਮੋਬਾਈਲ ਫੋਨ ਦੀ ਖਰੀਦ-ਵੇਚ ਸਮੇਂ ਦੁਕਾਨਦਾਰ ਵੱਲੋਂ ਆਪਣੀ ਫਰਮ ਦੀ ਮੋਹਰ ਤੇ ਦਸਤਖ਼ਤਾਂ ਹੇਠ ਖਰੀਦ ਸਰਟੀਫਿਕੇਟ ਦੇਣਾ ਲਾਜ਼ਮੀ ਹੋਵੇਗਾ। ਜੇਕਰ ਫੋਨ ਦੀ ਅਦਾਇਗੀ ਕਿਸੇ ਰਿਸ਼ਤੇਦਾਰ ਜਾਂ ਹੋਰ ਵਿਅਕਤੀ ਦੇ ਬੈਂਕ ਖਾਤੇ, UPI ਜਾਂ ਕਾਰਡ ਰਾਹੀਂ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਦਾ ਪਛਾਣ ਪੱਤਰ ਵੀ ਲੈਣਾ ਹੋਵੇਗਾ। ਦੁਕਾਨਦਾਰਾਂ ਨੂੰ ਗਾਹਕ ਦਾ ਨਾਮ, ਜਨਮ ਮਿਤੀ, ਪਿਤਾ ਦਾ ਨਾਮ, ਪਤਾ, ਪਛਾਣ ਪੱਤਰ, ਮੋਬਾਈਲ ਨੰਬਰ, ਅੰਗੂਠੇ ਦਾ ਨਿਸ਼ਾਨ, ਦਸਤਖ਼ਤ, ਖਰੀਦ-ਵੇਚ ਦੀ ਮਿਤੀ ਤੇ ਸਮਾਂ, ਭੁਗਤਾਨ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਤੇ ਗਾਹਕ ਦੀ ਫੋਟੋ ਸਮੇਤ ਪੂਰਾ ਰਿਕਾਰਡ ਰਜਿਸਟਰ ‘ਚ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਪਟਾਕਿਆਂ ਦੇ ਪੈਕੇਟਾਂ ‘ਤੇ ਆਵਾਜ਼ ਦਾ ਪੱਧਰ ਛਾਪਣਾ ਲਾਜ਼ਮੀ
ਪਟਾਕਿਆਂ ਕਾਰਨ ਹੋਣ ਵਾਲੇ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਲਈ ਸਾਰੇ ਪਟਾਕਾ ਨਿਰਮਾਤਾਵਾਂ ਤੇ ਡੀਲਰਾਂ ਨੂੰ ਪਟਾਕਿਆਂ ਦੇ ਪੈਕੇਟਾਂ ਉੱਪਰ ਆਵਾਜ਼ ਦਾ ਪੱਧਰ ਡੈਸੀਬਲ ‘ਚ ਛਾਪਣ ਦੇ ਹੁਕਮ ਦਿੱਤੇ ਗਏ ਹਨ। ਹੁਕਮਾਂ ਅਨੁਸਾਰ ਪਟਾਕਿਆਂ ਦੀ ਆਵਾਜ਼ ਨਿਰਧਾਰਤ ਮਾਪਦੰਡਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ। ਨਿਯਮਾਂ ਮੁਤਾਬਕ ਪਟਾਕਿਆਂ ਦੇ ਵਿਸਫੋਟ ਵਾਲੀ ਥਾਂ ਤੋਂ 4 ਮੀਟਰ ਦੀ ਦੂਰੀ ‘ਤੇ 125 dB(AI) ਜਾਂ 145 dB(C) ਤੋਂ ਵੱਧ ਆਵਾਜ਼ ਦੀ ਇਜਾਜ਼ਤ ਨਹੀਂ ਹੈ। ਪੁਲਿਸ ਅਨੁਸਾਰ ਪਟਾਕਿਆਂ ਦੀ ਬੇਲੋੜੀ ਵਰਤੋਂ ਨਾਲ ਲੋਕਾਂ ਦੀ ਸਿਹਤ, ਜਨਤਕ ਸ਼ਾਂਤੀ ਅਤੇ ਸਰਕਾਰੀ ਤੇ ਗੈਰ-ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਰਹਿੰਦਾ ਹੈ।
ਵਾਹਨਾਂ ‘ਚ ਬੇਸਬਾਲ ਤੇ ਹੋਰ ਹਥਿਆਰ ਰੱਖਣ ‘ਤੇ ਪਾਬੰਦੀ
ਸ਼ਹਿਰ ‘ਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲਿਸ ਕਮਿਸ਼ਨਰ ਵੱਲੋਂ ਵਾਹਨਾਂ ‘ਚ ਕਿਸੇ ਵੀ ਤਰ੍ਹਾਂ ਦੇ ਹਥਿਆਰ ਰੱਖ ਕੇ ਚੱਲਣ ‘ਤੇ ਪਾਬੰਦੀ ਲਗਾਈ ਗਈ ਹੈ। ਇਸ ‘ਚ ਬੇਸਬਾਲ ਬੈਟ, ਤੇਜ਼ਧਾਰ ਹਥਿਆਰ, ਨੋਕੀਲੇ ਹਥਿਆਰ ਤੇ ਹੋਰ ਜਾਨਲੇਵਾ ਹਥਿਆਰ ਸ਼ਾਮਲ ਹਨ।
ਇਹ ਵੀ ਪੜ੍ਹੋ
ਪੁਲਿਸ ਤੇ ਫ਼ੌਜ ਦੀਆਂ ਵਰਦੀਆਂ ਵੇਚਣ ਲਈ ਪਛਾਣ ਲਾਜ਼ਮੀ
ਪੁਲਿਸ, ਅਰਧ ਸੈਨਿਕ ਬਲਾਂ ਤੇ ਫ਼ੌਜ ਦੀਆਂ ਵਰਦੀਆਂ ਦੀ ਦੁਰਵਰਤੋਂ ਰੋਕਣ ਲਈ ਦੁਕਾਨਦਾਰਾਂ ਅਤੇ ਦਰਜ਼ੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹੁਣ ਕੋਈ ਵੀ ਦੁਕਾਨਦਾਰ ਜਾਂ ਦਰਜ਼ੀ ਖਰੀਦਦਾਰ ਦੀ ਸਹੀ ਪਛਾਣ ਕੀਤੇ ਬਿਨਾਂ ਅਜਿਹੀ ਵਰਦੀ ਜਾਂ ਵਰਦੀ ਦਾ ਕੱਪੜਾ ਨਹੀਂ ਵੇਚ ਸਕੇਗਾ ਤੇ ਨਾ ਹੀ ਸਿਲਾਈ ਕਰ ਸਕੇਗਾ।
ਵਰਦੀ ਖਰੀਦਣ ਵਾਲੇ ਵਿਅਕਤੀ ਦੇ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤੇ ਫੋਟੋ ਪਛਾਣ ਪੱਤਰ ਦੀ ਸਵੈ-ਤਸਦੀਕਸ਼ੁਦਾ ਕਾਪੀ ਰੱਖਣੀ ਲਾਜ਼ਮੀ ਹੋਵੇਗੀ। ਇਸ ਦੇ ਨਾਲ ਹੀ ਖਰੀਦਦਾਰ ਦਾ ਰੈਂਕ, ਨਾਮ, ਪਤਾ, ਫੋਨ ਨੰਬਰ ਤੇ ਤਾਇਨਾਤੀ ਵਾਲੀ ਥਾਂ ਦਾ ਰਿਕਾਰਡ ਰਜਿਸਟਰ ‘ਚ ਦਰਜ ਕਰਨਾ ਹੋਵੇਗਾ। ਇਹ ਰਜਿਸਟਰ ਹਰ ਦੋ ਮਹੀਨਿਆਂ ਬਾਅਦ ਸਬੰਧਤ ਥਾਣੇ ਦੇ ਮੁੱਖ ਅਫ਼ਸਰ ਤੋਂ ਤਸਦੀਕ ਕਰਵਾਉਣਾ ਵੀ ਲਾਜ਼ਮੀ ਹੋਵੇਗਾ। ਲੋੜ ਪੈਣ ‘ਤੇ ਇਹ ਰਿਕਾਰਡ ਪੁਲਿਸ ਨੂੰ ਮੁਹੱਈਆ ਕਰਵਾਉਣਾ ਪਵੇਗਾ।
ਪਾਰਕਿੰਗ ਸਥਾਨਾਂ ‘ਤੇ CCTV ਕੈਮਰੇ ਲਗਾਉਣੇ ਲਾਜ਼ਮੀ
ਵਾਹਨ ਚੋਰੀ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਸ਼ਹਿਰ ਦੇ ਸਾਰੇ ਪਾਰਕਿੰਗ ਸਥਾਨਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ‘ਚ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਸਥਾਨਾਂ, ਹਸਪਤਾਲਾਂ, ਭੀੜ-ਭੜੱਕੇ ਵਾਲੇ ਬਾਜ਼ਾਰਾਂ ਤੇ ਹੋਰ ਪਾਰਕਿੰਗ ਸਥਾਨਾਂ ਦੇ ਅੰਦਰ ਤੇ ਬਾਹਰ ਬਣੀਆਂ ਪਾਰਕਿੰਗਾਂ ਸ਼ਾਮਲ ਹਨ। ਕੈਮਰੇ ਇਸ ਤਰ੍ਹਾਂ ਲਗਾਉਣੇ ਹੋਣਗੇ ਕਿ ਪਾਰਕਿੰਗ ‘ਚ ਆਉਣ-ਜਾਣ ਵਾਲੇ ਵਾਹਨਾਂ ਦੀ ਨੰਬਰ ਪਲੇਟ ਤੇ ਚਾਲਕ ਦਾ ਚਿਹਰਾ ਸਾਫ਼ ਦਿਖਾਈ ਦੇਵੇ। ਸੀਸੀਟੀਵੀ ਕੈਮਰਿਆਂ ਦੀ 45 ਦਿਨਾਂ ਦੀ ਰਿਕਾਰਡਿੰਗ ਦੀ ਸੀ.ਡੀ. ਤਿਆਰ ਕਰਕੇ ਹਰ 15 ਦਿਨਾਂ ਬਾਅਦ ਸਬੰਧਤ ਥਾਣੇ ‘ਚ ਜਮ੍ਹਾਂ ਕਰਵਾਉਣੀ ਹੋਵੇਗੀ।
ਪਾਰਕਿੰਗ ਪ੍ਰਬੰਧਕਾਂ ਨੂੰ ਵਾਹਨ ਮਾਲਕ ਦਾ ਨਾਮ, ਮੋਬਾਈਲ ਨੰਬਰ, ਪਛਾਣ ਪੱਤਰ, ਵਾਹਨ ਦੀ ਕਿਸਮ, ਰਜਿਸਟ੍ਰੇਸ਼ਨ ਨੰਬਰ, ਚੈਸੀ ਨੰਬਰ, ਇੰਜਣ ਨੰਬਰ ਤੇ ਵਾਹਨ ਪਾਰਕ ਕਰਨ ਤੇ ਵਾਪਸ ਲਿਜਾਣ ਦੀ ਮਿਤੀ ਦਾ ਰਿਕਾਰਡ ਰੱਖਣਾ ਹੋਵੇਗਾ। ਵਾਹਨ ਮਾਲਕ ਦੇ ਦਸਤਖ਼ਤ ਵੀ ਲਏ ਜਾਣਗੇ। ਜੇਕਰ ਵਾਹਨ ਇੱਕ ਦਿਨ ਤੋਂ ਵੱਧ ਸਮੇਂ ਲਈ ਪਾਰਕ ਕੀਤਾ ਜਾਂਦਾ ਹੈ ਤਾਂ ਉਸ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਡਰਾਈਵਿੰਗ ਲਾਇਸੈਂਸ ਦੀ ਫੋਟੋ ਕਾਪੀ ਵੀ ਰੱਖਣੀ ਹੋਵੇਗੀ। ਇਸ ਤੋਂ ਇਲਾਵਾ ਪਾਰਕਿੰਗ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ।
ਸੜਕਾਂ ਤੇ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਕਰਨ ‘ਤੇ ਪਾਬੰਦੀ
ਸ਼ਹਿਰ ‘ਚ ਟ੍ਰੈਫਿਕ ਜਾਮ ਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਸੜਕਾਂ ਤੇ ਫੁੱਟਪਾਥਾਂ ‘ਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਵੀ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਫੁੱਟਪਾਥਾਂ ‘ਤੇ ਨਾਜਾਇਜ਼ ਬੋਰਡ ਤੇ ਸਾਈਨ ਲਗਾਉਣ, ਰੇਹੜੀਆਂ-ਫੜ੍ਹੀਆਂ ਤੇ ਖੋਖੇ ਲਗਾਉਣ, ਦੁਕਾਨਾਂ ਤੋਂ ਬਾਹਰ ਸਾਮਾਨ ਰੱਖ ਕੇ ਵੇਚਣ ਤੇ ਫੁੱਟਪਾਥਾਂ ‘ਤੇ ਵਾਹਨ ਪਾਰਕ ਕਰਨ ‘ਤੇ ਪਾਬੰਦੀ ਲਗਾਈ ਗਈ ਹੈ।
ਪੁਲਿਸ ਕਮਿਸ਼ਨਰ ਅਨੁਸਾਰ ਅਜਿਹੇ ਨਾਜਾਇਜ਼ ਕਬਜ਼ਿਆਂ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਟ੍ਰੈਫਿਕ ਵਿਵਸਥਾ ਵੀ ਪ੍ਰਭਾਵਿਤ ਹੁੰਦੀ ਹੈ। ਇਨ੍ਹਾਂ ਹੁਕਮਾਂ ਦਾ ਮੁੱਖ ਉਦੇਸ਼ ਸ਼ਹਿਰ ‘ਚ ਟ੍ਰੈਫਿਕ ਜਾਮ ਰੋਕਣਾ, ਪੈਦਲ ਚੱਲਣ ਵਾਲਿਆਂ ਨੂੰ ਹਾਦਸਿਆਂ ਤੋਂ ਬਚਾਉਣਾ ਤੇ ਛੋਟੇ ਅਪਰਾਧਾਂ ਦੀ ਰੋਕਥਾਮ ਕਰਨਾ ਹੈ। ਇਨ੍ਹਾਂ ਹੁਕਮਾਂ ਰਾਹੀਂ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਸਾਈਬਰ ਅਪਰਾਧਾਂ, ਵਾਹਨ ਚੋਰੀ, ਹਥਿਆਰਾਂ ਦੀ ਦੁਰਵਰਤੋਂ, ਆਵਾਜ਼ ਪ੍ਰਦੂਸ਼ਣ ਤੇ ਟ੍ਰੈਫਿਕ ਸਮੱਸਿਆਵਾਂ ਨੂੰ ਰੋਕਣ ਲਈ ਵੱਖ-ਵੱਖ ਖੇਤਰਾਂ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
