Amritpal Singh: ਹੱਥਾਂ ‘ਚ ਐਨਰਜੀ ਡਰਿੰਕ ਤੇ ਕੂਲ ਲੁੱਕ ‘ਚ ਫਿਰ ਨਜ਼ਰ ਆਇਆ ਅੰਮ੍ਰਿਤਪਾਲ, 9 ਦਿਨਾਂ ਤੋਂ ਖਾਲੀ ਹੱਥ ਪੰਜਾਬ ਪੁਲਿਸ
Amritpal New Selfie: ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਨੇਪਾਲ ਪਹੁੰਚ ਚੁੱਕੀ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਆਪਣੇ ਦੋਸਤ ਨਾਲ ਸੈਲਫੀ ਸਾਹਮਣੇ ਆਈ ਹੈ।
ਅੰਮ੍ਰਿਤਸਰ ਨਿਊਜ: ਵਾਰਿਸ ਪੰਜਾਬ ਦੇ (Waris Punjab De) ਦਾ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਅਜੇ ਤੱਕ ਫਰਾਰ ਹੈ। ਪੰਜਾਬ ਪੁਲਿਸ ਅਤੇ ਏਜੰਸੀਆਂ ਉਸ ਨੂੰ ਫੜਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਪਰ ਅਜੇ ਤੱਕ ਉਸਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਹੁਣ ਉਸ ਦੀ ਤਾਜ਼ਾ ਤਸਵੀਰ ਸਾਹਮਣੇ ਆਈ ਹੈ। ਜਿਸ ਵਿੱਚ ਉਹ ਆਪਣੇ ਇੱਕ ਹੋਰ ਸਾਥੀ ਪਪਲਪ੍ਰੀਤ ਸਿੰਘ ਨਾਲ ਕੋਲਡ ਡਰਿੰਕ ਪੀਂਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ ਅੱਜ ਅੰਮ੍ਰਿਤਪਾਲ ਦੇ ਨਜ਼ਦੀਕੀ ਗੰਨਮੈਨ ਵਰਿੰਦਰ ਜੌਹਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਰਿੰਦਰ ‘ਤੇ NSA (ਰਾਸ਼ਟਰੀ ਸੁਰੱਖਿਆ ਐਕਟ) ਲਗਾਇਆ ਗਿਆ ਹੈ।
ਉੱਥੇ ਹੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਦੂਜੇ ਗੰਨਮੈਨ ਗੋਰਖਾ ਬਾਬਾ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇੰਟੈਲੀਜੈਂਸ ਬਿਊਰੋ (IB) ਨੂੰ ਉਸ ਦੇ ਫੋਨ ਤੋਂ ਖਾਲਿਸਤਾਨ ਨਾਲ ਸਬੰਧਤ ਕਈ ਅਹਿਮ ਦਸਤਾਵੇਜ਼ ਮਿਲੇ ਹਨ। ਪੁਲਿਸ ਇਸ ਪੂਰੇ ਮਾਮਲੇ ਵਿੱਚ ਹੁਣ ਤੱਕ 353 ਲੋਕਾਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਐਤਵਾਰ ਤੱਕ 197 ਲੋਕਾਂ ਨੂੰ ਰਿਹਾਅ ਕੀਤਾ ਹੈ।
ਪਹਿਲਾਂ ਵੀ ਕਈ ਫੁਟੇਜ ਆ ਚੁੱਕੇ ਹਨ ਸਾਹਮਣੇ
ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੀ ਇੱਕ ਤਸਵੀਰ ਸਾਹਮਣੇ ਆਈ ਸੀ। ਜਿਸ ‘ਚ ਉਹ ਇੱਕ ਰੇਹੜੀ ਤੇ ਬਾਈਕ ਰੱਖ ਕੇ ਫਰਾਰ ਹੁੰਦਾ ਦੇਖਿਆ ਗਿਆ ਸੀ। ਪੁਲਿਸ ਤੋਂ ਬਚਣ ਲਈ ਮੁਲਜ਼ਮ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਿਹਾ ਹੈ। ਕਦੇ ਬਾਈਕ ਤੇ ਕਦੇ ਕਾਰ ਰਾਹੀਂ ਭੱਜਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਚੁੱਕੀ ਹੈ। ਦੱਸ ਦੇਈਏ ਕਿ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ 18 ਮਾਰਚ ਤੋਂ ਫਰਾਰ ਹੈ। 9 ਦਿਨ ਬੀਤ ਜਾਣ ਤੋਂ ਬਾਅਦ ਵੀ ਉਹ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਪੰਜਾਬ ਪੁਲਿਸ ਮੁਲਜ਼ਮ ਨੂੰ ਭਗੌੜਾ ਕਰਾਰ ਦੇ ਚੁੱਕੀ ਹੈ।
ਪਨਾਹ ਦੇਣ ਵਾਲੀ ਔਰਤ ਵੀ ਹੋ ਚੁੱਕੀ ਹੈ ਗ੍ਰਿਫ਼ਤਾਰ
ਪੁਲਿਸ ਨੇ ਐਤਵਾਰ ਨੂੰ ਵਾਰਿਸ ਪੰਜਾਬ ਦੇ ਮੁਖੀ ਨੂੰ 6 ਘੰਟੇ ਤੱਕ ਪਨਾਹ ਦੇਣ ਦੇ ਦੋਸ਼ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਦੂਸਰੀ ਔਰਤ ਸੀ ਜਿਸ ਨੂੰ ਪੁਲਿਸ ਨੇ ਦੋਸ਼ੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਰੂਪ ਬਦਲ ਕੇ ਆਪਣੀ ਸਾਥੀ ਬਲਬੀਰ ਕੌਰ ਦੀ ਸਕੂਟੀ ਲੈ ਕੇ ਫਰਾਰ ਹੋਇਆ ਸੀ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਨੇ ਇੱਕ ਹੋਰ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਸੀ।
6 ਮੁਲਜ਼ਮਾਂ ਦੀ ਨਕੋਦਰ ਕੋਰਟ ‘ਚ ਪੇਸ਼ੀ
ਉਧਰ, ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਸ਼ਾਹਕੋਟ ਪੁਲਿਸ ਨੇ 05 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ 6 ਮੁਲਜ਼ਮਾਂ ਨੂੰ ਨਕੋਦਰ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿਸ ਵਿੱਚ ਸੁਖਦੀਪ ਤੋਂ ਇਲਾਵਾ ਮਨਪ੍ਰੀਤ ਸਿੰਘ ਮੰਨਾ, ਗੁਰਪ੍ਰੀਤ ਸਿੰਘ, ਗੁਰਬੇਜ ਸਿੰਘ ਭੇਜਾ, ਹਰਪ੍ਰੀਤ ਸਿੰਘ ਦੇ ਇਲਾਵਾ ਦੋ ਬੁਲੇਟ ਮੋਟਰਸਾਈਕਲ ਅਤੇ ਪਲੈਟੀਨਾ ਮੋਟਰਸਾਈਕਲ ਦਿਲਾਉਣ ਵਾਲੇ ਸੁਖਦੀਪ ਸਿੰਘ ਨੂੰ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਪਟਿਆਲਾ ਦੀ ਬਲਬੀਰ ਕੌਰ ਅਤੇ ਸ਼ਾਹਬਾਦ ਦੀ ਬਲਜੀਤ ਕੌਰ ਨੂੰ ਵੀ 03 ਦਿਨ ਦਾ ਰਿਮਾਂਡ ਖਤਮ ਹੋਣ ਉਪਰੰਤ ਨਕੋਦਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।