ਖੁੱਲ੍ਹੇ ਵਾਲ, ਚਿਹਰੇ ‘ਤੇ Mask… ਦਿੱਲੀ ‘ਚ ਨਿਡਰ ਹੋ ਕੇ ਘੁੰਮਦਾ ਵਿਖਿਆ ਅੰਮ੍ਰਿਤਪਾਲ ਸਿੰਘ, CCTV ਫੁਟੇਜ ਆਈ ਸਾਹਮਣੇ
Amritpal Singh: ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਨੇਪਾਲ ਪਹੁੰਚ ਗਿਆ ਹੈ ਅਤੇ ਉਥੋਂ ਭੱਜ ਕੇ ਦੂਜੇ ਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।
Amritpal Singh: ਪਿਛਲੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਨਾਲ ਲੁਕਣਮੀਟੀ ਦੀ ਖੇਡ ਰਹੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਹੁਣ ਦਿੱਲੀ ਵਿੱਚ ਦੇਖਿਆ ਗਿਆ ਹੈ। ਉਸ ਨਾਲ ਜੁੜੀ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਉਹ ਭੇਸ ਵਿਚ ਦਿੱਲੀ ਦੀਆਂ ਸੜਕਾਂ ‘ਤੇ ਘੁੰਮਦਾ ਨਜ਼ਰ ਆ ਰਿਹਾ ਹੈ। ਪੰਜਾਬ ਪੁਲਿਸ 18 ਮਾਰਚ ਤੋਂ ਉਸ ਦੀ ਭਾਲ ਕਰ ਰਹੀ ਸੀ। ਦੇਸ਼ ਭਰ ਵਿਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉਹ ਪੁਲਿਸ ਤੋਂ ਛੁਪਣ ਲਈ ਲਗਾਤਾਰ ਇਧਰ-ਉਧਰ ਭੱਜ ਰਿਹਾ ਹੈ।
ਪੰਜਾਬ ਪੁਲਿਸ ਵੱਲੋਂ ਸਰਚ ਅਭਿਆਨ ਚਲਾਏ ਜਾਣ ਤੋਂ ਕੁਝ ਦਿਨ ਬਾਅਦ ਅੰਮ੍ਰਿਤਪਾਲ ਸਿੰਘ ਪੰਜਾਬ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਦੌਰਾਨ ਉਹ ਪੁਲਿਸ ਨੂੰ ਚਕਮਾ ਦੇਣ ਲਈ ਵਾਰ-ਵਾਰ ਗੱਡੀ ਬਦਲਦਾ ਰਿਹਾ। ਪੁਲਿਸ ਨੇ ਸਰਹੱਦੀ ਇਲਾਕੇ ਦੀ ਨਾਕਾਬੰਦੀ ਵੀ ਕੀਤੀ ਸੀ ਪਰ ਇਸ ਦੇ ਬਾਵਜੂਦ ਉਹ ਪੰਜਾਬ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਖਬਰ ਆਈ ਕਿ ਉਹ ਨੇਪਾਲ ਪਹੁੰਚ ਗਿਆ ਹੈ ਅਤੇ ਹੁਣ ਉਹ ਕਿਸੇ ਹੋਰ ਦੇਸ਼ ਭੱਜਣ ਦੀ ਤਿਆਰੀ ‘ਚ ਹੈ। ਇਸ ਇਨਪੁਟ ਦੇ ਆਧਾਰ ‘ਤੇ ਸੋਮਵਾਰ ਨੂੰ ਪੰਜਾਬ ਪੁਲਿਸ ਵੀ ਨੇਪਾਲ ਪਹੁੰਚ ਗਈ।
ਸਾਦੇ ਕੱਪੜਿਆਂ ‘ਚ ਛਾਪੇਮਾਰੀ ਕਰ ਰਹੀ ਪੁਲਿਸ
ਦੂਜੇ ਪਾਸੇ ਨੇਪਾਲ ਦੇ ਇਮੀਗ੍ਰੇਸ਼ਨ ਵਿਭਾਗ ਨੇ ਵੀ ਅੰਮ੍ਰਿਤਪਾਲ ਦਾ ਨਾਂ ਨਿਗਰਾਨੀ ਸੂਚੀ ਵਿੱਚ ਪਾ ਦਿੱਤਾ ਸੀ, ਤਾਂ ਜੋ ਜੇਕਰ ਉਹ ਕਿਤੇ ਵੀ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਜਾਵੇ। ਜਾਣਕਾਰੀ ਮੁਤਾਬਕ ਨੇਪਾਲੀ ਅਖਬਾਰ ਕਾਠਮੰਡੂ ਪੋਸਟ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਭਾਰਤ ਤੋਂ ਫਰਾਰ ਹੋ ਕੇ ਨੇਪਾਲ ਪਹੁੰਚ ਗਿਆ ਹੈ। ਅਜਿਹੇ ‘ਚ ਦੋਹਾਂ ਦੇਸ਼ਾਂ ਦੀ ਪੁਲਿਸ ਵੀ ਅਲਰਟ ਹੋ ਗਈ ਸੀ। ਅੰਮ੍ਰਿਤਪਾਲ ਸਿੰਘ ਨੂੰ ਲੱਭਣ ਲਈ ਪੁਲਿਸ ਸਾਦੇ ਕੱਪੜਿਆਂ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ ਅਤੇ ਭਾਰਤ-ਨੇਪਾਲ ਸਰਹੱਦ ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਅੰਮ੍ਰਿਤਪਾਲ ਸਿੰਘ ਦੀ ਇੱਕ ਤਸਵੀਰ ਸਾਹਮਣੇ ਆਈ ਸੀ ਜਿਸ ਵਿੱਚ ਉਹ ਆਪਣੇ ਸਾਥੀ ਪਾਪਲਪ੍ਰੀਤ ਨਾਲ ਹੱਥ ਵਿੱਚ ਐਨਰਜੀ ਡਰਿੰਕ ਲੈ ਕੇ ਨਜ਼ਰ ਆ ਰਿਹਾ ਸੀ। ਇਸ ਦੇ ਨਾਲ ਹੀ ਜਲੰਧਰ ਤੋਂ ਇਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ‘ਚ ਉਹ ਰੇਹੜੀ ਤੇ ਖਰਾਬ ਬਾਈਕ ਨਾਲ ਬੈਠਾ ਨਜ਼ਰ ਆ ਰਿਹਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ