Invest Punjab : ਨਿਵੇਸ਼ ਲਈ ਇਰਾਦਾ ਬਣਾਓ, ਪੰਜਾਬ ਸਰਕਾਰ ਕਰੇਗੀ ਸਹਿਯੋਗ: ਅਮਨ ਅਰੋੜਾ
ਪੰਜਵੇਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸਮਿੱਟ 2023 ਦੇ ਦੂਜੇ ਦਿਨ "ਪੰਜਾਬ ਵਿੱਚ ਟੈਕਸਟਾਈਲ- ਨੀਤੀ, ਬੁਨਿਆਦੀ ਢਾਂਚਾ, ਲਿੰਕੇਜ ਅਤੇ ਰੁਝਾਨ" ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ ਨੇ ਉਦਯੋਗਪਤੀਆਂ ਨੂੰ ਪ੍ਰਸਨਲਾਈਜਡ ਟਾਸਕ ਫੋਰਸ ਸਮੇਤ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ।
ਚੰਡੀਗੜ੍ਹ ਨਿਊਜ : ਪੰਜਾਬ ਦੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਦੇਸ਼ ਭਰ ਦੇ ਟੈਕਸਟਾਈਲ ਅਤੇ ਐਪਰਲ ਉਤਪਾਦਨ ਵਿੱਚ ਮੋਹਰੀ ਸੂਬਾ ਬਣਨ ਦੀ ਅਥਾਹ ਸੰਭਾਵਨਾਵਾਂ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਾਂ ਦਾ ਸਮਰਥਨ ਕਰ ਰਹੀ ਹੈ।
ਸਰਕਾਰ ਸਨਅਤਕਾਰਾਂ ਨੂੰ ਦੇਵੇਗੀ ਹਰ ਸਹੂਲਤ
ਉਨ੍ਹਾਂ ਦੱਸਿਆ ਕਿ ਉਦਯੋਗਪਤੀ ਇੱਕ ਟਾਸਕ ਫੋਰਸ ਬਣਾ ਸਕਦੇ ਹਨ, ਜਿਸ ਵਿੱਚ ਉਹ ਆਪਣੀ ਮਰਜ਼ੀ ਅਨੁਸਾਰ ਸਰਕਾਰੀ ਅਧਿਕਾਰੀਆਂ ਨੂੰ ਚੁਣ ਸਕਦੇ ਹਨ, ਤਾਂ ਜੋ ਉਨ੍ਹਾਂ ਦੇ ਮਸਲੇ ਜਲਦੀ ਹੱਲ ਕੀਤੇ ਜਾ ਸਕਣ। ਉਨ੍ਹਾਂ ਭਰੋਸਾ ਦਿੱਤਾ ਕਿ ਉਦਯੋਗਾਂ ਦੀ ਮੰਗ ਅਨੁਸਾਰ ਪਾਣੀ ਦੇ ਖਰਚੇ ਵੀ ਘਟਾਏ ਜਾਣਗੇ। ਉਨ੍ਹਾਂ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਉਦਯੋਗਿਕ ਕ੍ਰਾਂਤੀ ਲਈ ਆਪਣੇ ਵਿਚਾਰ ਪੇਸ਼ ਕਰਨ ਅਤੇ ਮਾਨ ਸਰਕਾਰ ਇਨ੍ਹਾਂ ਵਿਚਾਰਾਂ ਦਾ ਸਵਾਗਤ ਕਰੇਗੀ।
ਸੰਮੇਲਨ ਸੂਬੇ ਵਿੱਚ ਨਿਵੇਸ਼ ਨੂੰ ਵੱਡਾ ਹੁਲਾਰਾ ਦੇਵੇਗਾ
ਅਮਨ ਅਰੋੜਾ ਨੇ ਕਿਹਾ ਕਿ ਇਹ ਸੰਮੇਲਨ ਸੂਬੇ ਵਿੱਚ ਨਿਵੇਸ਼ ਨੂੰ ਵੱਡਾ ਹੁਲਾਰਾ ਦੇਵੇਗਾ, ਜਿਸ ਨਾਲ ਉਦਯੋਗਿਕ ਵਿਕਾਸ ਨੂੰ ਨਵੀਆਂ ਲੀਹਾਂ ਤੇ ਲਿਜਾਣ ਵਿੱਚ ਮਦਦ ਮਿਲੇਗੀ। ਪੰਜਾਬ ਸਰਕਾਰ ਦੇ ਪਾਰਦਰਸ਼ੀ ਅਤੇ ਇਮਾਨਦਾਰ ਸ਼ਾਸਨ ਦੇ ਮਾਡਲ ਕਾਰਨ ਪੰਜਾਬ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਤਿੰਨ ਜ਼ਿਲ੍ਹੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਟੈਕਸਟਾਈਲ ਅਤੇ ਐਪਰਲ ਉਦਯੋਗ ਲਈ ਪ੍ਰਸਿੱਧ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਟੈਕਸਟਾਈਲ ਅਤੇ ਐਪਰਲ ਦੀਆਂ 1,200 ਯੂਨਿਟਾਂ ਹਨ, ਜਿਹਨਾਂ ਵਿੱਚ 1.2 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਤੌਰ ‘ਤੇ ਰੋਜ਼ਗਾਰ ਮਿਲਿਆ ਹੋਇਆ ਹੈ।
ਟੈਕਸਟਾਈਲ ਖੇਤਰ ਵਿੱਚ 11 ਪ੍ਰਮੁੱਖ ਵਿਸ਼ੇਸ਼ ਖੋਜ ਸੰਸਥਾਵਾਂ
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਟੈਕਸਟਾਈਲ ਖੇਤਰ ਵਿੱਚ 11 ਪ੍ਰਮੁੱਖ ਵਿਸ਼ੇਸ਼ ਖੋਜ ਸੰਸਥਾਵਾਂ ਹਨ। ਇਸ ਤੋਂ ਇਲਾਵਾ, ਪੰਜਾਬ ਵਿੱਚ ਲਗਭਗ 80,000 ਵਿਦਿਆਰਥੀਆਂ ਦੇ ਦਾਖਲੇ ਦੀ ਸਮਰੱਥਾ ਵਾਲੀਆਂ 350 ਤੋਂ ਵੱਧ ਆਈ.ਟੀ.ਆਈਜ਼. ਹਨ ਜਿਨ੍ਹਾਂ ਵਿੱਚ ਟੈਕਸਟਾਈਲ ਅਤੇ ਐਪਰਲ ਸੈਕਟਰ ਕੋਰਸਾਂ ਸਮੇਤ 70 ਤੋਂ ਵੱਧ ਕੋਰਸ ਕਰਵਾਏ ਜਾਂਦੇ ਹਨ। ਇਸ ਦੇ ਨਾਲ ਹੀ ਸੂਬੇ ਵਿੱਚ 60,000 ਸਿਖਲਾਈ ਸਮਰੱਥਾ ਵਾਲੇ 1,000 ਤੋਂ ਵੱਧ ਹੁਨਰ ਵਿਕਾਸ ਕੇਂਦਰ ਹਨ। ਟੈਕਸਟਾਈਲ ਅਤੇ ਅਪਰੈਲ ਸੈਕਟਰ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ 250 ਸਿਖਲਾਈ ਭਾਈਵਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ।