ਦੀਨਾਨਗਰ ‘ਚ ਬਦਲੇ ਸਿਆਸੀ ਸਮੀਕਰਨ, ਸਾਬਕਾ ਅਕਾਲੀ ਇੰਚਾਰਜ ਰਵੀ ਮੋਹਣ AAP ‘ਚ ਸ਼ਾਮਿਲ; ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿੱਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਦੇ ਨਜ਼ਰ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਰਵੀ ਮੋਹਣ ਨੇ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਦੇ ਇਸ ਕਦਮ ਨਾਲ ਆਪਣੇ ਸਿਆਸੀ ਜੀਵਨ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਹੋਣ ਦੇ ਨਾਲ-ਨਾਲ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੀਨਾਨਗਰ ਦੇ ਸਿਆਸੀ ਖੇਤਰ ਵਿੱਚ ਨਵੇਂ ਸਮੀਕਰਨ ਉੱਭਰਨ ਦੀ ਪੂਰੀ ਸੰਭਾਵਨਾ ਬਣ ਗਈ ਹੈ।
ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿੱਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਦੇ ਨਜ਼ਰ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਰਵੀ ਮੋਹਣ ਨੇ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਦੇ ਇਸ ਕਦਮ ਨਾਲ ਆਪਣੇ ਸਿਆਸੀ ਜੀਵਨ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਹੋਣ ਦੇ ਨਾਲ-ਨਾਲ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੀਨਾਨਗਰ ਦੇ ਸਿਆਸੀ ਖੇਤਰ ਵਿੱਚ ਨਵੇਂ ਸਮੀਕਰਨ ਉੱਭਰਨ ਦੀ ਪੂਰੀ ਸੰਭਾਵਨਾ ਬਣ ਗਈ ਹੈ।
ਜਲੰਧਰ ਸਥਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਵਿਖੇ ਰਵੀ ਮੋਹਣ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਜਗਰੂਪ ਸਿੰਘ ਸੇਖਵਾਂ ਸਮੇਤ ਰਵੀ ਮੋਹਣ ਦੇ ਕਈ ਨਜ਼ਦੀਕੀ ਸਾਥੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਦੀਨਾਨਗਰ ਲਈ ਹੁਣੇ ਤੋਂ ਕਮਰ ਕੱਸ ਲਓ: CM ਮਾਨ
ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵੀ ਮੋਹਣ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਦੀ ਪਿੱਠ ਥਾਪੜਦਿਆਂ ਦੀਨਾਨਗਰ ਹਲਕੇ ਅੰਦਰ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਸਰਗਰਮੀ ਨਾਲ ਡਟਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਅਨੁਸਾਰ ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਸਾਲ 2027 ਵਿੱਚ ਹੋਣ ਵਾਲੀਆਂ ਆਮ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਤੋਂ ਹੀ ਜ਼ਮੀਨੀ ਪੱਧਰ ‘ਤੇ ਤਿਆਰੀਆਂ ਵਿੱਢੀਆਂ ਜਾਣ ਅਤੇ ਮੈਦਾਨੀ ਕੰਮ ਸ਼ੁਰੂ ਕਰ ਦਿੱਤਾ ਜਾਵੇ।
ਰਵੀ ਮੋਹਣ ਵੱਲੋਂ ਸਾਂਝੇ ਕੀਤੇ ਗਏ ਇਸ ਬਿਆਨ ਨੇ ਦੀਨਾਨਗਰ ਦੇ ਸਿਆਸੀ ਹਲਕਿਆਂ ਵਿੱਚ ਉਨ੍ਹਾਂ ਦੀ ਭਵਿੱਖੀ ਭੂਮਿਕਾ ਨੂੰ ਲੈ ਕੇ ਚਰਚਾਵਾਂ ਛੇੜ ਦਿੱਤੀਆਂ ਹਨ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦੀਨਾਨਗਰ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਕਿਹੜੀ ਜਥੇਬੰਦਕ ਜ਼ਿੰਮੇਵਾਰੀ ਸੌਂਪਦੀ ਹੈ।
ਰਵੀ ਮੋਹਣ ਦਾ ਸਿਆਸੀ ਸਫ਼ਰ
ਜੇਕਰ ਰਵੀ ਮੋਹਣ ਦੇ ਸਿਆਸੀ ਪਿਛੋਕੜ ‘ਤੇ ਝਾਤ ਮਾਰੀਏ ਤਾਂ ਉਹ ਲੰਮੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਸਾਥੀਆਂ ਵਿੱਚ ਸ਼ੁਮਾਰ ਰਹੇ ਹਨ। ਉਹ ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਭੋਆ ਦੇ ਹਲਕਾ ਇੰਚਾਰਜ, ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ. ਵਿੰਗ ਦੇ ਜੁਆਇੰਟ ਸਕੱਤਰ ਵਰਗੇ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਚੁੱਕੇ ਹਨ।
ਇਹ ਵੀ ਪੜ੍ਹੋ
ਲੰਮੇ ਤਜਰਬੇ ਵਾਲੇ ਅਜਿਹੇ ਆਗੂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਦੀਨਾਨਗਰ ਹਲਕੇ ਦੀ ਭਵਿੱਖੀ ਚੋਣ ਸਰਗਰਮੀ ਲਈ ਬੇਹੱਦ ਮਹੱਤਵਪੂਰਨ ਸਾਬਤ ਹੋ ਸਕਦਾ ਹੈ। ਹਾਲਾਂਕਿ, ਇਸ ਨਵੀਂ ਐਂਟਰੀ ਦਾ ਜ਼ਮੀਨੀ ਪੱਧਰ ‘ਤੇ ਅਸਲ ਪ੍ਰਭਾਵ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਉਹ ਹਲਕੇ ਅੰਦਰ ਆਪਣੇ ਪੁਰਾਣੇ ਸਾਥੀਆਂ ਅਤੇ ਨਵੇਂ ਪਾਰਟੀ ਵਰਕਰਾਂ ਨੂੰ ਕਿਸ ਹੱਦ ਤੱਕ ਲਾਮਬੰਦ ਕਰ ਪਾਉਂਦੇ ਹਨ।
ਪਾਰਟੀ ‘ਚ ਸ਼ਮੂਲੀਅਤ ਮਗਰੋਂ ਅਗਲੀ ਜ਼ਿੰਮੇਵਾਰੀ ‘ਤੇ ਟਿਕੀਆਂ ਨਜ਼ਰਾਂ
ਰਵੀ ਮੋਹਣ ਦੀ ਪਾਰਟੀ ਵਿੱਚ ਐਂਟਰੀ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਦੀਨਾਨਗਰ ਹਲਕੇ ਵਿੱਚ ਕਿਹੜੀ ਮੁੱਖ ਜ਼ਿੰਮੇਵਾਰੀ ਸੌਂਪੇਗੀ। ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਹੱਲਾਸ਼ੇਰੀ ਭਰਿਆ ਥਾਪੜਾ ਆਉਣ ਵਾਲੇ ਦਿਨਾਂ ਵਿੱਚ ਕਿਹੜਾ ਸੰਗਠਨਾਤਮਕ ਰੂਪ ਲੈਂਦਾ ਹੈ, ਇਹ ਪਾਰਟੀ ਦੇ ਆਗਾਮੀ ਫ਼ੈਸਲਿਆਂ ਨਾਲ ਹੀ ਸਾਫ਼ ਹੋ ਸਕੇਗਾ। ਫ਼ਿਲਹਾਲ, ਰਵੀ ਮੋਹਣ ਵੱਲੋਂ ‘ਆਪ’ ਦਾ ਪੱਲਾ ਫੜਨ ਨਾਲ ਦੀਨਾਨਗਰ ਦੇ ਸਿਆਸੀ ਅਖਾੜੇ ਵਿੱਚ ਨਵੀਂ ਸਰਗਰਮੀ ਸ਼ੁਰੂ ਹੋ ਚੁੱਕੀ ਹੈ। ਭਾਵੇਂ ਚੋਣਾਂ ਵਿੱਚ ਅਜੇ ਸਮਾਂ ਬਾਕੀ ਹੈ, ਪਰ ਦੀਨਾਨਗਰ ਦੇ ਸਿਆਸੀ ਤਾਪਮਾਨ ਵਿੱਚ ਹੁਣੇ ਤੋਂ ਗਰਮਾਹਟ ਦੇਖਣ ਨੂੰ ਮਿਲ ਰਹੀ ਹੈ।
