CM ਭਗਵੰਤ ਮਾਨ ਨੇ 801 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਬੋਲੇ- ਹੁਣ ਤੱਕ ਦਿੱਤੀਆਂ 71,777 ਸਰਕਾਰੀ ਨੌਕਰੀਆਂ

Updated On: 

03 Nov 2026 15:06 PM IST

ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਨਿਯੁਕਤ ਨੌਜਵਾਨਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀ ਮਿਲਣਾ ਨੌਜਵਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਖੁਸ਼ੀ ਦਾ ਦਿਨ ਹੈ।

CM ਭਗਵੰਤ ਮਾਨ ਨੇ 801 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਬੋਲੇ- ਹੁਣ ਤੱਕ ਦਿੱਤੀਆਂ 71,777 ਸਰਕਾਰੀ ਨੌਕਰੀਆਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 3 ਨਵੰਬਰ ਨੂੰ ਮੋਹਾਲੀ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ‘ਚ ਨਵੇਂ ਨਿਯੁਕਤ 801 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਉਨ੍ਹਾਂ ਨਵੇਂ ਨਿਯੁਕਤ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਅੱਜ ਦਿੱਤੇ ਗਏ ਨਿਯੁਕਤੀ ਪੱਤਰਾਂ ਸਮੇਤ ਉਨ੍ਹਾਂ ਦੀ ਸਰਕਾਰ ਹੁਣ ਤੱਕ 71,777 ਸਰਕਾਰੀ ਨੌਕਰੀਆਂ ਦੇ ਚੁੱਕੀ ਹੈ।

“ਸਿਫ਼ਾਰਸ਼ ਜਾਂ ਰਿਸ਼ਵਤ ਨੂੰ ਥਾਂ ਨਹੀਂ”

ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਨਿਯੁਕਤ ਨੌਜਵਾਨਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀ ਮਿਲਣਾ ਨੌਜਵਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਖੁਸ਼ੀ ਦਾ ਦਿਨ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਨੌਕਰੀਆਂ ਦੇਣ ਲਈ ਕਿਸੇ ਤਰ੍ਹਾਂ ਦੀ ਸਿਫ਼ਾਰਸ਼ ਜਾਂ ਰਿਸ਼ਵਤ ਨੂੰ ਥਾਂ ਨਹੀਂ ਦਿੱਤੀ ਗਈ ਤੇ ਭਰਤੀ ਪ੍ਰਕਿਰਿਆ ਮੈਰਿਟ ਦੇ ਆਧਾਰ ‘ਤੇ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਤੰਜ ਕੱਸਦਿਆਂ ਕਿਹਾ ਕਿ ਪਹਿਲਾਂ ਸਰਕਾਰੀ ਨੌਕਰੀਆਂ ਹਾਸਲ ਕਰਨ ਲਈ ਪੈਸਿਆਂ ਨਾਲ ਭਰੇ ਅਟੈਚੀ ਦੇਣੇ ਪੈਂਦੇ ਸਨ।

ਵਿਰੋਧੀਆਂ ‘ਤੇ ਸਾਧੇ ਨਿਸ਼ਾਨੇ, ED ਤੇ CBI ਦਾ ਵੀ ਕੀਤਾ ਜ਼ਿਕਰ

ਸੀਐਮ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਵੀ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਣ ਕਾਰਨ ਵਿਰੋਧੀ ਧਿਰਾਂ ਵੱਲੋਂ ਸਰਕਾਰ ਖ਼ਿਲਾਫ਼ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾਣਗੇ। ਉਨ੍ਹਾਂ ਈਡੀ ਤੇ ਸੀਬੀਆਈ ਦੀਆਂ ਸੰਭਾਵਿਤ ਕਾਰਵਾਈਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਚੋਣਾਂ ਜਿੱਤਣ ਲਈ ਅਜਿਹੇ ਤਰੀਕੇ ਅਪਣਾਉਂਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਮੇਰੇ ‘ਤੇ ਇੱਕ ਰੁਪਇਆ ਲੈਣ ਦਾ ਇਲਜ਼ਾਮ ਲਗਾ ਕੇ ਦਿਖਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕਾਂ ਦਾ ਸਾਥ ਉਨ੍ਹਾਂ ਨਾਲ ਹੈ, ਉਨ੍ਹਾਂ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੈ।

ਵਿਰੋਧੀ ਪਾਰਟੀਆਂ ‘ਤੇ ਕੱਸੇ ਤੰਜ

ਮੁੱਖ ਮੰਤਰੀ ਨੇ ਵਿਰੋਧੀ ਦਲਾਂ ‘ਤੇ ਨਿਸ਼ਾਨਾ ਸਾਧਦਿਆਂ ਇਲਜ਼ਾਮ ਲਗਾਇਆ ਕਿ ਇਨ੍ਹਾਂ ਪਾਰਟੀਆਂ ਨੇ ਆਪਣੇ ਰਾਜ ਦੌਰਾਨ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂ ਲੋਕਾਂ ਦੀ ਭਲਾਈ ਦੀ ਬਜਾਏ ਸੱਤਾ ਹਾਸਲ ਕਰਨ ਦੀ ਲੜਾਈ ਵਿੱਚ ਲੱਗੇ ਰਹਿੰਦੇ ਹਨ।

ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੀ ਪਛਾਣ ਹਾਕੀ, ਕਬੱਡੀ, ਗਿੱਧਾ ਤੇ ਭੰਗੜੇ ਵਰਗੀਆਂ ਖੇਡਾਂ ਤੇ ਸੱਭਿਆਚਾਰ ਨਾਲ ਰਹੀ ਹੈ। ਪਰ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਨਸ਼ਿਆਂ ਲਈ ਬਦਨਾਮ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੂਬੇ ‘ਚ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅਤੇ ਜਲੰਧਰ ‘ਚ ਮੈਚਾਂ ਤੋਂ ਬਾਅਦ ਮੋਹਾਲੀ ‘ਚ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਕਰਵਾਏ ਜਾਣੇ ਹਨ।

ਜਨਤਾ ਦਾ ਪੈਸਾ ਜਨਤਾ ਦੀ ਭਲਾਈ ‘ਤੇ ਖਰਚਿਆ ਜਾ ਰਿਹਾ

ਮੁੱਖ ਮੰਤਰੀ ਨੇ ਵਿਰੋਧੀਆਂ ਵੱਲੋਂ ਸਰਕਾਰ ‘ਤੇ ਪੈਸਾ ਖਰਚਣ ਨੂੰ ਲੈ ਕੇ ਕੀਤੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰੀ ਖਜ਼ਾਨੇ ‘ਚ ਆਉਣ ਵਾਲਾ ਪੈਸਾ ਲੋਕਾਂ ਦਾ ਹੈ ਤੇ ਇਸ ਨੂੰ ਲੋਕਾਂ ਦੀਆਂ ਸਹੂਲਤਾਂ ‘ਤੇ ਖਰਚ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸੇ ਪੈਸੇ ਨਾਲ ਸਕੂਲਾਂ ਦਾ ਕਾਇਆ-ਕਲਪ, ਸੜਕਾਂ ਦੀ ਉਸਾਰੀ, ਆਮ ਆਦਮੀ ਕਲੀਨਿਕ, ਸਿਹਤ ਸਹੂਲਤਾਂ ਤੇ ਖੇਡ ਮੈਦਾਨਾਂ ਦੇ ਵਿਕਾਸ ਵਰਗੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਮਿਲ ਰਹੇ ਹੁੰਗਾਰੇ ‘ਤੇ ਵੀ ਖੁਸ਼ੀ ਜ਼ਾਹਰ ਕੀਤੀ।

Loading...
Unable to load recommendations.
Follow Us