ਤਰਨਤਾਰਨ ਦੇ ਪਿੰਡ ਰਾਜੋਕੇ ਚੋਂ ਬੀਐੱਸਐੱਫ ਵੱਲੋਂ ਤਿੰਨ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ, ਤਲਾਸ਼ੀ ਮੁਹਿੰਮ ਚਲਾਈ
ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਹੁਣ ਮੁੜ ਪੁਲਿਸ ਅਤੇ ਬੀਐੱਸਐੱਫ ਨੇ ਤਰਨਤਾਰਨ ਦੇ ਪਿੰਡ ਰਾਜੋਕੇ ਦੇ ਇੱਕ ਕਿਸਾਨ ਦੇ ਖੇਤ ਚੋਂ ਕਰੀਬ ਤਿੰਨ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਬਾਅਦ ਮਾਮਲਾ ਦਰਜ ਕਰਕੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਹੈ।
ਤਰਨਤਾਰਨ। ਤਰਨਤਾਰਨ ਦੇ ਪਿੰਡ ਰਾਜੋਕੇ ਚੋਂ ਸੁਰੱਖਿਆ ਬਲਾਂ ਨੂੰ ਤਿੰਨ ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਦਰਅਸਲ ਇੱਥੇ ਖਾਲੜਾ ਪੁਲਿਸ ਅਤੇ ਬੀਐਸਐਫ 103 ਬਟਾਲੀਅਨ ਨੇ ਨਸ਼ੇ ਦੇ ਖਿਲਾਫ ਸਾਂਝੇ ਤੌਰ ਤੇ ਇੱਕ ਆਪਰੇਸ਼ਨ ਸ਼ੁਰੂ ਕੀਤਾ ਹੋਇਆ ਹੈ, ਜਿਸਦੀ ਅਗਵਾਈ ਐਸ.ਪੀ ਕੇ.ਐਨ.ਪ੍ਰਸਾਦ ਕਰ ਰਹੇ ਨੇ।ਸਰਚ ਟੀਮ ਨੇ SHO ਖਾਲੜਾ ਦੀ ਅਗਵਾਈ ਵਿੱਚ ਪਿੰਡ ਰਾਜੋਕੇ ਦੇ ਪਿੱਛੇ ਅਤੇ ਪਿੰਡ ਬਾਸਰਕੇ ਤੋਂ ਰਾਜੋਕੇ ਨੂੰ ਆਉਂਦੀ ਡ੍ਰੇਨ ਦੇ ਨਜਦੀਕ ਸ਼ੱਕੀ ਇਲਾਕਿਆਂ ਦੇ ਆਸ-ਪਾਸ ਦੀ ਤਲਾਸ਼ੀ ਲਈ।
ਇਸਦੇ ਤਹਿਤ ਸੋਮਵਾਰ ਕਰੀਬ 08:40 ਵਜੇ ਪਿੰਡ ਰਾਜੋਕੇ ਦੇ ਸਰਪੰਚ ਮਹਿਤਾਬ ਸਿੰਘ ਦੇ ਝੋਨੇ ਦੇ ਖੇਤ ਵਿੱਚੋਂ ਪੀਲੀ ਟੇਪ ਵਿੱਚ ਕੱਸ ਕੇ ਲਪੇਟਿਆ ਪਾਬੰਦੀਸ਼ੁਦਾ ਪਦਾਰਥ ਅਤੇ ਉਸ ਨਾਲ ਲੱਗੀ ਇੱਕ ਧਾਤ ਦੀ ਮੁੰਦਰੀ ਬਰਾਮਦ ਹੋਈ। ਜਦੋਂ ਇਸ ਇਸਨੂੰ ਖੋਲਿਆ ਤਾਂ ਤਿੰਨ ਕਿੱਲੋਂ ਦੇ ਕਰੀਬ ਹੈਰੋਇਨ ਬਰਾਮਦ ਹੋਈ।


