Aman Arora: AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਅਮਨ ਅਰੋੜਾ ਨੂੰ ਮਿਲੀ ਜ਼ਿੰਮੇਵਾਰੀ
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪਰ ਪਿਛਲੇ ਦਿਨੀਂ ਉਹਨਾਂ ਨੇ ਪ੍ਰਧਾਨਗੀ ਛੱਡਣ ਦੀ ਇੱਛਾ ਜਾਹਿਰ ਕੀਤੀ ਸੀ। ਹੁਣ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਪ੍ਰਧਾਨਗੀ ਦੀ ਜਿੰਮੇਵਾਰੀ ਸੌਂਪੀ ਗਈ ਹੈ।
ਜ਼ਿਮਨੀ ਚੋਣਾਂ ਦੇ ਨਤੀਜ਼ਿਆਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ। ਅਮਨ ਅਰੋੜਾ 2017 ਵਿੱਚ ਸੁਨਾਮ ਹਲਕੇ ਤੋਂ ਕਰੀਬ 30 ਹਜ਼ਾਰ ਵੋਟਾਂ ਨਾਲ ਜਿੱਤੇ ਸਨ।
ਇਸ ਤੋਂ ਬਾਅਦ 2022 ਵਿੱਚ ਮੁੜ ਵਿਧਾਇਕ ਚੁਣੇ ਜਾਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਵਿੱਚ ਮੰਤਰੀ ਬਣੇ। ਫਿਲਹਾਲ ਉਹ ਨਵਿਆਉਣਯੋਗ ਊਰਜਾ ਨਾਲ ਸਬੰਧਿਤ ਵਿਭਾਗ ਨੂੰ ਸੰਭਾਲ ਰਹੇ ਹਨ। ਅਮਨ ਅਰੋੜਾ ਦਾ ਪਰਿਵਾਰ ਪਹਿਲਾਂ ਵੀ ਪੰਜਾਬ ਦੀ ਸਿਆਸਤ ਵਿੱਚ ਐਕਟਿਵ ਰਿਹਾ ਹੈ। ਉਹਨਾਂ ਦੇ ਪਿਤਾ ਭਗਵਾਨ ਦਾਸ ਅਰੋੜਾ ਕਾਂਗਰਸ ਸਰਕਾਰ ਸਮੇਂ ਮੰਤਰੀ ਰਹੇ ਸਨ।
ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀ ਕੈਬਿਨੇਟ ਮੰਤਰੀ ਅਮਨ ਅਰੋੜਾ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੌਂਪ ਦਿੱਤੀ ਹੈ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਅਮਨ ਅਰੋੜਾ ਪਾਰਟੀ ਪ੍ਰਧਾਨ ਅਤੇ ਸ਼ੈਰੀ ਕਲਸੀ ਉੱਪ ਪ੍ਰਧਾਨ ਦੇ ਤੌਰ ‘ਤੇ ਕੰਮ ਕਰਨਗੇ। ਮੈਨੂੰ ਆਪਣੇ ਦੋਵਾਂ ਸਾਥੀਆਂ ‘ਤੇ ਪੂਰਾ ਭਰੋਸਾ ਹੈ ਕਿ ਉਹ pic.twitter.com/vBSKCsPTXt
— Bhagwant Mann (@BhagwantMann) November 22, 2024
ਇਹ ਵੀ ਪੜ੍ਹੋ
2 ਵਾਰ ਹਾਰੇ ਸਨ ਅਮਨ ਅਰੋੜਾ
ਸਾਲ 2007 ਅਤੇ 2012 ਵਿੱਚ ਅਮਨ ਨੇ ਕਾਂਗਰਸ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਲੜੀ ਸੀ। ਪਰ ਉਹਨਾਂ ਨੂੰ ਦੋਵੇਂ ਹੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ 2017 ਦੀ ਚੋਣ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜੀ ਪਰ ਇਸ ਵਾਰ ਉਹਨਾਂ ਨੂੰ ਕਾਮਯਾਬੀ ਮਿਲੀ ਅਤੇ ਉਹ ਵਿਧਾਨ ਸਭਾ ਪਹੁੰਚੇ।
ਸ਼ੈਰੀ ਕਲਸੀ ਬਣੇ ਮੀਤ ਪ੍ਰਧਾਨ
ਬਟਾਲਾ ਤੋਂ ਵਿਧਾਇਕ ਸਮਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਪੰਜਾਬ ਇਕਾਈ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਹ 2022 ਦੀਆਂ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। ਉਹਨਾਂ ਨੇ 2024 ਵਿੱਚ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜੀ ਸੀ। ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਕਾਂਗਰਸ ਦੀ ਰਾਹ ਤੇ ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹਿੰਦੂ-ਸਿੱਖਾਂ ਦੇ ਸੁਮੇਲ ਦਾ ਅਮਲ ਅਪਣਾਇਆ ਹੈ। ਇਸ ਵਿੱਚ ਭਗਵੰਤ ਮਾਨ ਸਿੱਖ ਚਿਹਰੇ ਵਜੋਂ ਮੁੱਖ ਮੰਤਰੀ ਹੋਣਗੇ। ਅਮਨ ਅਰੋੜਾ ਪ੍ਰਧਾਨ ਨੂੰ ਹਿੰਦੂ ਚਿਹਰਾ ਬਣਾਇਆ ਗਿਆ ਹੈ। ਪਹਿਲਾਂ ਕਾਂਗਰਸ ਇਸ ਫਾਰਮੂਲੇ ‘ਤੇ ਕੰਮ ਕਰਦੀ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਵਿੱਚ ਮੁੱਖ ਮੰਤਰੀ ਸਨ ਤਾਂ ਸੁਨੀਲ ਜਾਖੜ ਨੂੰ ਮੁੱਖ ਹਿੰਦੂ ਚਿਹਰਾ ਬਣਾਇਆ ਗਿਆ ਸੀ।