BJP ਆਗੂ ਤਰੁਣ ਚੁੱਘ ਦੀ ਰਿਹਾਇਸ਼ ਦੇ ਬਾਹਰ AAP ਦਾ ਪ੍ਰਦਰਸ਼ਨ, ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ

Updated On: 

07 Oct 2026 17:54 PM IST

ਵਿਧਾਇਕ ਜੀਵਨਜੋਤ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ AAP ਵਰਕਰ ਅਤੇ ਆਗੂ ਕਿਸੇ ਵੀ ਤਰ੍ਹਾਂ ਦੀ ਕੇਂਦਰੀ ਕਾਰਵਾਈ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਮੁਤਾਬਕ ਇਹ ਪ੍ਰਦਰਸ਼ਨ ਕਿਸੇ ਡਰ ਕਾਰਨ ਨਹੀਂ ਕੀਤਾ ਗਿਆ, ਸਗੋਂ ਇਹ ਸੰਦੇਸ਼ ਦੇਣ ਲਈ ਕੀਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਅਜਿਹੀਆਂ ਕਾਰਵਾਈਆਂ ਦੇ ਦਬਾਅ ਹੇਠ ਨਹੀਂ ਆਉਣਗੇ।

BJP ਆਗੂ ਤਰੁਣ ਚੁੱਘ ਦੀ ਰਿਹਾਇਸ਼ ਦੇ ਬਾਹਰ AAP ਦਾ ਪ੍ਰਦਰਸ਼ਨ, ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ

ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਅਜੈ ਗੁਪਤਾ ਅਤੇ ਜੀਵਨਜੋਤ ਕੌਰ ਦੀ ਅਗਵਾਈ ਹੇਠ ਭਾਜਪਾ ਆਗੂ ਤਰੁਣ ਚੁੱਘ ਦੀ ਰਿਹਾਇਸ਼ ਦਾ ਘਿਰਾਓ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ AAP ਸਮਰਥਕਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕੇਂਦਰੀ ਜਾਂਚ ਏਜੰਸੀਆਂ ਦੀ ਕਾਰਵਾਈ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਆਪਣਾ ਰੋਸ ਜ਼ਾਹਰ ਕੀਤਾ।

ਵਿਰੋਧ ਪ੍ਰਦਰਸ਼ਨ ਦੌਰਾਨ ਵਿਧਾਇਕ ਜੀਵਨਜੋਤ ਕੌਰ ਨੇ ਕੇਂਦਰ ਸਰਕਾਰ ਅਤੇ ਭਾਜਪਾ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕੇਂਦਰੀ ਜਾਂਚ ਏਜੰਸੀਆਂ ED ਅਤੇ CBI ਦੀ ਕਥਿਤ ਤੌਰ ‘ਤੇ ਸਿਆਸੀ ਮਕਸਦਾਂ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਖ਼ਿਲਾਫ਼ ਮਾਮਲੇ ਬਣਾਏ ਗਏ। ਉਸੇ ਤਰਜ਼ ‘ਤੇ ਪੰਜਾਬ ਵਿੱਚ ਵੀ ਕਥਿਤ ਤੌਰ ‘ਤੇ ਫਰਜ਼ੀ ਮਾਮਲੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜੀਵਨਜੋਤ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ AAP ਵਰਕਰ ਅਤੇ ਆਗੂ ਕਿਸੇ ਵੀ ਤਰ੍ਹਾਂ ਦੀ ਕੇਂਦਰੀ ਕਾਰਵਾਈ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਮੁਤਾਬਕ ਇਹ ਪ੍ਰਦਰਸ਼ਨ ਕਿਸੇ ਡਰ ਕਾਰਨ ਨਹੀਂ ਕੀਤਾ ਗਿਆ, ਸਗੋਂ ਇਹ ਸੰਦੇਸ਼ ਦੇਣ ਲਈ ਕੀਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਅਜਿਹੀਆਂ ਕਾਰਵਾਈਆਂ ਦੇ ਦਬਾਅ ਹੇਠ ਨਹੀਂ ਆਉਣਗੇ।

ਭਾਜਪਾ ‘ਤੇ ਪੰਜਾਬ ਵਿਰੋਧੀ ਰੁਖ ਦਾ ਇਲਜ਼ਾਮ

ਵਿਧਾਇਕ ਜੀਵਨਜੋਤ ਕੌਰ ਨੇ ਭਾਜਪਾ ‘ਤੇ ਪੰਜਾਬ ਵਿਰੋਧੀ ਰੁਖ ਅਪਣਾਉਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੀ ਜਨਤਾ ਆਪਣੇ ਵੋਟ ਰਾਹੀਂ ਇਸ ਦਾ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹਰ ਸਿਆਸੀ ਪਾਰਟੀ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਨੂੰ ਦੇਖ ਰਹੇ ਹਨ ਅਤੇ ਚੋਣਾਂ ਵਿੱਚ ਆਪਣਾ ਫੈਸਲਾ ਦੇਣਗੇ।

ਡਾ. ਅਜੈ ਗੁਪਤਾ ਨੇ ਭਾਜਪਾ ‘ਤੇ ਲਗਾਏ ਇਲਜ਼ਾਮ

ਇਸ ਮੌਕੇ ਵਿਧਾਇਕ ਡਾ. ਅਜੈ ਗੁਪਤਾ ਨੇ ਵੀ ਭਾਜਪਾ ‘ਤੇ ਤਿੱਖੇ ਇਲਜ਼ਾਮ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਚੋਣਾਂ ਦੌਰਾਨ ਕਥਿਤ ਤੌਰ ‘ਤੇ ਵੋਟ ਚੋਰੀ ਅਤੇ ਗੈਰ-ਸੰਵਿਧਾਨਕ ਤਰੀਕਿਆਂ ਰਾਹੀਂ ਸਰਕਾਰਾਂ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਆਵਾਜ਼ ਉਠਾਈ ਜਾ ਰਹੀ ਹੈ।

ਡਾ. ਅਜੈ ਗੁਪਤਾ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਵਿਕਾਸ ਅਤੇ ਲੋਕ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਮੁਫ਼ਤ ਬਿਜਲੀ, ਸਿਹਤ ਸਹੂਲਤਾਂ ਅਤੇ ਹੋਰ ਲੋਕ ਭਲਾਈ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਦੇ ਲੋਕ ਇਨ੍ਹਾਂ ਤੋਂ ਸੰਤੁਸ਼ਟ ਹਨ।

ਉਨ੍ਹਾਂ ਭਾਜਪਾ ‘ਤੇ ਦੋਸ਼ ਲਗਾਇਆ ਕਿ ਆਪਣੀ ਸਿਆਸੀ ਸਥਿਤੀ ਨੂੰ ਲੈ ਕੇ ਪੈਦਾ ਹੋਈ ਚਿੰਤਾ ਕਾਰਨ ਅਜਿਹੇ ਕਦਮ ਚੁੱਕੇ ਜਾ ਰਹੇ ਹਨ। ਹਾਲਾਂਕਿ, ਇਹ ਸਾਰੇ ਦੋਸ਼ AAP ਆਗੂਆਂ ਵੱਲੋਂ ਲਗਾਏ ਗਏ ਹਨ।

ਪ੍ਰਦਰਸ਼ਨ ਦੌਰਾਨ AAP ਸਮਰਥਕਾਂ ਨੇ ਭਾਜਪਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਉਹ ਲੋਕਤੰਤਰਿਕ ਤਰੀਕੇ ਨਾਲ ਆਪਣੇ ਮੁੱਦੇ ਉਠਾਉਂਦੇ ਰਹਿਣਗੇ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਆਉਣ ਵਾਲੇ ਸਮੇਂ ਵਿੱਚ ਇਹ ਮੁੱਦਾ ਪੰਜਾਬ ਦੀ ਸਿਆਸਤ ਵਿੱਚ ਹੋਰ ਗਰਮਾਉਣ ਦੇ ਆਸਾਰ ਹਨ।

Loading...
Unable to load recommendations.
Follow Us