ਗੈਂਗਸਟਰਵਾਦ ਦੇ ਮੁੱਦੇ ‘ਤੇ ‘ਆਪ’ ਦਾ ਵੱਡਾ ਹਮਲਾ, ਪੰਨੂ ਨੇ ਸੁਖਬੀਰ ਬਾਦਲ ਤੇ ਧਾਮੀ ਦੀਆਂ ਤਸਵੀਰਾਂ ਜਾਰੀ ਕਰਕੇ ਪੁੱਛੇ ਤਿੱਖੇ ਸਵਾਲ
ਆਮ ਆਦਮੀ ਪਾਰਟੀ (AAP) ਨੇ ਗੈਂਗਸਟਰਾਂ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਰੁੱਧ ਸਖ਼ਤ ਮੋਰਚਾ ਖੋਲ੍ਹ ਦਿੱਤਾ ਹੈ। 'ਆਪ' ਆਗੂ ਬਲਤੇਜ ਪੰਨੂ ਨੇ ਇੱਕ ਵਿਆਹ ਸਮਾਗਮ ਦੀਆਂ ਅੱਠ ਅਹਿਮ ਤਸਵੀਰਾਂ ਜਾਰੀ ਕਰਦਿਆਂ ਸੁਖਬੀਰ ਬਾਦਲ ਅਤੇ ਧਾਮੀ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਆਮ ਆਦਮੀ ਪਾਰਟੀ (AAP) ਨੇ ਗੈਂਗਸਟਰਾਂ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਰੁੱਧ ਸਖ਼ਤ ਮੋਰਚਾ ਖੋਲ੍ਹ ਦਿੱਤਾ ਹੈ। ‘ਆਪ’ ਆਗੂ ਬਲਤੇਜ ਪੰਨੂ ਨੇ ਇੱਕ ਵਿਆਹ ਸਮਾਗਮ ਦੀਆਂ ਅੱਠ ਅਹਿਮ ਤਸਵੀਰਾਂ ਜਾਰੀ ਕਰਦਿਆਂ ਸੁਖਬੀਰ ਬਾਦਲ ਅਤੇ ਧਾਮੀ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਪੰਨੂ ਨੇ ਦਾਅਵਾ ਕੀਤਾ ਕਿ ਇਹ ਆਗੂ ਜਿਸ ਵਿਆਹ ਵਿੱਚ ਸ਼ਾਮਲ ਹੋਏ ਸਨ, ਉਹ ਇੱਕ ਅਜਿਹੇ ਗੈਂਗਸਟਰ ਦੀ ਭੈਣ ਦਾ ਸੀ ਜਿਸ ਦੀ ਪੁਲਿਸ ਨੂੰ ਸਰਗਰਮੀ ਨਾਲ ਭਾਲ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਸੁਖਬੀਰ ਬਾਦਲ ਹੁਣ ਗੈਂਗਸਟਰਾਂ ਦੇ ਸਹਾਰੇ ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਵਾਪਸ ਹਾਸਲ ਕਰਨਾ ਚਾਹੁੰਦੇ ਹਨ?
ਕੀ ਗੈਂਗਸਟਰਾਂ ਦੇ ਜ਼ਰੀਏ ਸਿਆਸਤ ਵਿੱਚ ਵਾਪਸੀ ਦੀ ਕੋਸ਼ਿਸ਼?
ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਦੇ ਲੋਕ ਵਾਰ-ਵਾਰ ਅਕਾਲੀ ਦਲ ਨੂੰ ਨਕਾਰ ਚੁੱਕੇ ਹਨ, ਜਿਸ ਕਾਰਨ ਹੁਣ ਸੁਖਬੀਰ ਬਾਦਲ ਨੂੰ ਲੱਗਦਾ ਹੈ ਕਿ ਗੈਂਗਸਟਰਾਂ ਦਾ ਸਹਾਰਾ ਲਏ ਬਿਨਾਂ ਉਨ੍ਹਾਂ ਦੀ ਦਾਲ ਪੰਜਾਬ ਦੀ ਰਾਜਨੀਤੀ ਵਿੱਚ ਨਹੀਂ ਗਲ ਸਕਦੀ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਗੈਂਗਸਟਰਵਾਦ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਲੋਕਾਂ ‘ਤੇ ਦਬਾਅ ਬਣਾ ਕੇ ਅਗਲੀਆਂ ਚੋਣਾਂ ਵਿੱਚ ਆਪਣੀ ਜਗ੍ਹਾ ਬਣਾਉਣਾ ਚਾਹੁੰਦੇ ਹਨ। ਇਸੇ ਲਈ ਉਹ ਗੈਂਗਸਟਰਾਂ ਦੇ ਪਰਿਵਾਰਾਂ ਦਾ ਸਾਥ ਦੇ ਰਹੇ ਹਨ।
‘ਆਪ’ ਪੰਜਾਬ ਮੀਡੀਆ ਇੰਚਾਰਜ @BaltejPannu ਨੇ ਗੈਂਗਸਟਰਾਂ ‘ਤੇ ਵਾਰ ਦੇ ਅੰਕੜੇ ਕੀਤੇ ਸਾਂਝੇ !!
👉 ਗੈਂਗਸਟਰਾਂ ‘ਤੇ ਵਾਰ ਦੌਰਾਨ ਹੁਣ ਤੱਕ ਹੋਈਆਂ 3520 ਗ੍ਰਿਫ਼ਤਾਰੀਆਂ 👉 1599 ਨੂੰ ਪਹੁੰਚਾਇਆ ਪ੍ਰੀਵੇਂਟਿਵ ਡਿਟੈਂਸ਼ਨ ‘ਚ, 104 ਹਥਿਆਰ ਕੀਤੇ ਬਰਾਮਦ 👉 ਅਕਾਲੀ ਦਲ ਨੂੰ ਲਿਆ ਕਰੜੇ ਹੱਥੀਂ, ਕਿਹਾ ਜਿਨ੍ਹਾਂ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ pic.twitter.com/jTfUJqy5Aa — AAP Punjab (@AAPPunjab) January 30, 2026
ਦੂਜੇ ਪਾਸੇ, ਉਨ੍ਹਾਂ ਹਰਜਿੰਦਰ ਸਿੰਘ ਧਾਮੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਉਹ ਐੱਸ.ਜੀ.ਪੀ.ਸੀ. ਪ੍ਰਧਾਨ ਵਜੋਂ ਅਜਿਹੇ ਸਮਾਗਮਾਂ ਵਿੱਚ ਗਏ ਸਨ ਜਾਂ ਸੁਖਬੀਰ ਬਾਦਲ ਦੇ ਇੱਕ ਸਿਪਾਹੀ ਵਜੋਂ। ਜੇਕਰ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਗਏ ਹਨ, ਤਾਂ ਇਹ ਬਹੁਤ ਗੰਭੀਰ ਇਤਰਾਜ਼ ਵਾਲੀ ਗੱਲ ਹੈ ਕਿ ਪੰਜਾਬ ਦੇ ਵੱਖ-ਵੱਖ ਕੇਸਾਂ ਵਿੱਚ ਲੋੜੀਂਦੇ ਵਿਅਕਤੀਆਂ ਨੂੰ ਇੰਨੀ ਅਹਿਮੀਅਤ ਕਿਉਂ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ
ਅਕਾਲੀ ਦਲ ਦਾ ਇਤਿਹਾਸ ਅਤੇ ਪੁਲਿਸ ਕਾਰਵਾਈ
ਪ੍ਰੈੱਸ ਕਾਨਫਰੰਸ ਦੌਰਾਨ ਪੰਨੂ ਨੇ ਕਿਹਾ ਕਿ ਗੈਂਗਸਟਰਾਂ ਵਿਰੁੱਧ ਪੰਜਾਬ ਪੁਲਿਸ ਦਾ ‘ਐਕਸ਼ਨ ਪ੍ਰਹਾਰ’ ਲਗਾਤਾਰ ਜਾਰੀ ਰਹੇਗਾ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ‘ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਅਕਾਲੀ ਦਲ ਦੇ ਇਤਿਹਾਸ ‘ਤੇ ਚੋਟ ਕਰਦਿਆਂ ਕਿਹਾ ਕਿ 1978, 84, 88 ਅਤੇ 96 ਦੇ ਸਮੇਂ ਪੰਜਾਬ ਨਾਲ ਕਈ ਧੋਖੇ ਹੋਏ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਦੀਆਂ ਵਧੀਕੀਆਂ ਕਰਨ ਵਾਲੇ ਅਫ਼ਸਰਾਂ ਨੂੰ ਅਕਾਲੀ ਸਰਕਾਰਾਂ ਦੌਰਾਨ ਤਰੱਕੀਆਂ ਦੇ ਕੇ ਉੱਚੇ ਅਹੁਦਿਆਂ ‘ਤੇ ਪਹੁੰਚਾਇਆ ਗਿਆ ਅਤੇ 2015 ਦੇ ਬੇਅਦਬੀ ਕਾਂਡ ਵਿੱਚ ਵੀ ਅਜਿਹੇ ਹੀ ਅਫ਼ਸਰਾਂ ਦੇ ਨਾਂ ਸਾਹਮਣੇ ਆਏ।
‘ਆਪ’ ਪੰਜਾਬ ਮੀਡੀਆ ਇੰਚਾਰਜ @BaltejPannu ਨੇ ਅਕਾਲੀਆਂ ਤੇ ਕਾਂਗਰਸੀਆਂ ਦੇ ਫ਼ਰੋਲੇ ਪੋਤੜੇ !!
ਕਿਹਾ, ਸ਼੍ਰੋਮਣੀ ਅਕਾਲੀ ਦਲ ਪੰਜਾਬ ‘ਚ ਗੈਂਗਸਟਰ ਸ਼ਬਦ ਹੋਂਦ ਵਿੱਚ ਆਇਆ। ਨਾਭਾ ਜੇਲ੍ਹ ਚੋਂ ਗੈਂਗਸਟਰਾਂ ਨੂੰ ਕਿਸ ਤਰੀਕੇ ਭਜਾਇਆ ਗਿਆ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਤਰਨਤਾਰਨ ਜ਼ਿਮਨੀ ਚੋਣ ‘ਚ ਅਕਾਲੀਆਂ ਨੇ ਗੈਂਗਸਟਰਾਂ ਦੇ ਪਰਿਵਾਰ ਵਾਲਿਆਂ pic.twitter.com/271GoMENws — AAP Punjab (@AAPPunjab) January 30, 2026
ਪੰਜਾਬ ਵਿੱਚ ਗੈਂਗਸਟਰਵਾਦ ਦੀ ਪੈਦਾਇਸ਼ ‘ਤੇ ਸਵਾਲ
ਸੁਖਬੀਰ ਬਾਦਲ ਵੱਲੋਂ ਪੁਲਿਸ ਅਫ਼ਸਰਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ‘ਤੇ ਟਿੱਪਣੀ ਕਰਦਿਆਂ ਪੰਨੂ ਨੇ ਕਿਹਾ ਕਿ ਇੱਕ ਪਾਸੇ ਉਹ ਧਮਕੀਆਂ ਦੇ ਰਹੇ ਹਨ ਅਤੇ ਦੂਜੇ ਪਾਸੇ ਗੈਂਗਸਟਰਾਂ ਨੂੰ ਦਬਾਉਣ ਦੀ ਗੱਲ ਕਰਦੇ ਹਨ। ਉਨ੍ਹਾਂ ਪੁੱਛਿਆ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਕਿਸ ਨੇ ਪੈਦਾ ਕੀਤਾ? ਉਨ੍ਹਾਂ ਅੰਮ੍ਰਿਤਸਰ ਵਿੱਚ ਆਪਣੀ ਧੀ ਦੀ ਇੱਜ਼ਤ ਬਚਾਉਂਦੇ ਸ਼ਹੀਦ ਹੋਏ ਐੱਸ.ਆਈ., ਲੁਧਿਆਣਾ ਵਿੱਚ ਪੁਲਿਸ ਅਫ਼ਸਰ ਦੀ ਲੱਤ ਤੋੜਨ ਅਤੇ ਨਾਭਾ ਜੇਲ੍ਹ ਬ੍ਰੇਕ ਕਾਂਡ ਵਰਗੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਭ ਅਕਾਲੀ ਦਲ ਦੇ ਰਾਜ ਦੌਰਾਨ ਸ਼ੁਰੂ ਹੋਇਆ ਸੀ।
ਤਰਨਤਾਰਨ ਉਪ-ਚੋਣ ਅਤੇ ਗੈਂਗਸਟਰ ਪਰਿਵਾਰ ਨੂੰ ਟਿਕਟ
ਪੰਨੂ ਨੇ ਤਰਨਤਾਰਨ ਉਪ-ਚੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਉਮੀਦਵਾਰ ਨੂੰ ‘ਧਰਮੀ ਫੌਜੀ’ ਦਾ ਪਰਿਵਾਰ ਦੱਸ ਕੇ ਟਿਕਟ ਦਿੱਤੀ ਗਈ ਸੀ, ਉਸ ਨੇ ਕਿਤੇ ਵੀ ਚੋਣ ਪ੍ਰਚਾਰ ਨਹੀਂ ਕੀਤਾ। ਅਸਲੀਅਤ ਵਿੱਚ ਉਹ ਉਮੀਦਵਾਰ ਸਿੱਧੇ ਤੌਰ ‘ਤੇ ਗੈਂਗਸਟਰ ਦੇ ਪਰਿਵਾਰ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਗਈ ਸੀ।
ਵਿਆਹ ਦੀਆਂ ਤਸਵੀਰਾਂ ਅਤੇ ਸਿਆਸੀ ਆਗੂਆਂ ਦੀ ਸ਼ਮੂਲੀਅਤ
ਬਲਤੇਜ ਪੰਨੂ ਅਨੁਸਾਰ, ਅੰਮ੍ਰਿਤਸਰ ਵਿੱਚ ਹੋਏ ਗੈਂਗਸਟਰ ਅੰਮ੍ਰਿਤਪਾਲ ਬਾਠ ਦੀ ਭੈਣ ਦੇ ਵਿਆਹ ਵਿੱਚ ਸੁਖਬੀਰ ਬਾਦਲ, ਹਰਜਿੰਦਰ ਸਿੰਘ ਧਾਮੀ, ਵਿਰਸਾ ਸਿੰਘ ਵਲਟੋਹਾ, ਬ੍ਰਹਮਪੁਰਾ ਅਤੇ ਬੀਬੀ ਗਨੀਵ ਕੌਰ ਮਜੀਠੀਆ ਵਰਗੇ ਆਗੂ ਸ਼ਾਮਲ ਹੋਏ। ਉਨ੍ਹਾਂ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਇਨ੍ਹਾਂ ਫੋਟੋਆਂ ਵਿੱਚ ਗੈਂਗਸਟਰ ਦੀ ਮਾਤਾ ਅਤੇ ਤਰਨਤਾਰਨ ਦੀ ਉਮੀਦਵਾਰ ਵੀ ਸਾਫ਼ ਨਜ਼ਰ ਆ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਹੁਣ ਅਕਾਲੀ ਆਗੂਆਂ ਨੂੰ ਕੋਈ ਆਮ ਲੋਕ ਆਪਣੇ ਵਿਆਹਾਂ ਵਿੱਚ ਨਹੀਂ ਬੁਲਾਉਂਦੇ ਜੋ ਉਹ ਗੈਂਗਸਟਰਾਂ ਦੇ ਪਰਿਵਾਰਾਂ ਦੇ ਸਮਾਗਮਾਂ ਤੱਕ ਸੀਮਤ ਹੋ ਗਏ ਹਨ?
ਪੰਨੂ ਨੇ ਅੰਤ ਵਿੱਚ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇੱਕ ਪਾਸੇ ਪੰਜਾਬ ਸਰਕਾਰ ਗੈਂਗਸਟਰਾਂ ਖ਼ਿਲਾਫ਼ ਲੜਾਈ ਲੜ ਰਹੀ ਹੈ, ਦੂਜੇ ਪਾਸੇ ਅਕਾਲੀ ਆਗੂ ਉਨ੍ਹਾਂ ਨਾਲ ਤਸਵੀਰਾਂ ਖਿਚਵਾ ਰਹੇ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ ਮੁੜ ਸਵਾਲ ਕੀਤਾ ਕਿ ਕੀ ਉਹ ਗੈਂਗਸਟਰਾਂ ਦੇ ਮਾਧਿਅਮ ਰਾਹੀਂ ਹੀ ਸਿਆਸਤ ਵਿੱਚ ਵਾਪਸੀ ਦਾ ਰਾਹ ਲੱਭ ਰਹੇ ਹਨ?


