AAP ਦੀਆਂ 2 ਸੂਚੀਆਂ ‘ਚ 71 ਉਮੀਦਵਾਰਾਂ ਦਾ ਐਲਾਨ, ਸਾਬਕਾ ਮੁੱਖ ਮੰਤਰੀਆਂ ਨੂੰ ਹਰਾਉਣ ਵਾਲਿਆਂ ਦੀ ਕੱਟੀ ਟਿਕਟ; 12 ਮੰਤਰੀਆਂ ‘ਤੇ ਸਸਪੈਂਸ ਬਰਕਰਾਰ

Updated On: 

13 Nov 2026 09:50 AM IST

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੱਤਾਧਾਰੀ ਆਮ ਆਦਮੀ पार्टी (AAP) ਨੇ ਆਪਣੀ ਰਣਨੀਤੀ ਤੇਜ਼ ਕਰਦਿਆਂ ਹੁਣ ਤੱਕ ਦੋ ਸੂਚੀਆਂ ਜਾਰੀ ਕਰਕੇ ਕੁੱਲ 71 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ਵਿੱਚ ਮੁੜ ਸਰਕਾਰ ਬਣਾਉਣ (ਰਿਪੀਟ ਕਰਨ) ਦੇ ਟੀਚੇ ਨਾਲ ਪਾਰਟੀ ਹਾਈਕਮਾਨ ਨੇ ਟਿਕਟਾਂ ਦੀ ਵੰਡ ਵਿੱਚ ਕਈ ਹੈਰਾਨੀਜਨਕ ਅਤੇ ਵੱਡੇ ਫ਼ੈਸਲੇ ਲਏ ਹਨ।

AAP ਦੀਆਂ 2 ਸੂਚੀਆਂ ਚ 71 ਉਮੀਦਵਾਰਾਂ ਦਾ ਐਲਾਨ, ਸਾਬਕਾ ਮੁੱਖ ਮੰਤਰੀਆਂ ਨੂੰ ਹਰਾਉਣ ਵਾਲਿਆਂ ਦੀ ਕੱਟੀ ਟਿਕਟ; 12 ਮੰਤਰੀਆਂ ਤੇ ਸਸਪੈਂਸ ਬਰਕਰਾਰ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੱਤਾਧਾਰੀ ਆਮ ਆਦਮੀ पार्टी (AAP) ਨੇ ਆਪਣੀ ਰਣਨੀਤੀ ਤੇਜ਼ ਕਰਦਿਆਂ ਹੁਣ ਤੱਕ ਦੋ ਸੂਚੀਆਂ ਜਾਰੀ ਕਰਕੇ ਕੁੱਲ 71 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ਵਿੱਚ ਮੁੜ ਸਰਕਾਰ ਬਣਾਉਣ (ਰਿਪੀਟ ਕਰਨ) ਦੇ ਟੀਚੇ ਨਾਲ ਪਾਰਟੀ ਹਾਈਕਮਾਨ ਨੇ ਟਿਕਟਾਂ ਦੀ ਵੰਡ ਵਿੱਚ ਕਈ ਹੈਰਾਨੀਜਨਕ ਅਤੇ ਵੱਡੇ ਫ਼ੈਸਲੇ ਲਏ ਹਨ।

ਇਸ ਵਾਰ ਦੋ ਸਾਬਕਾ ਮੁੱਖ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਹਰਾਉਣ ਵਾਲੇ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਕੇ ਨਵੇਂ ਚਿਹਰਿਆਂ ‘ਤੇ ਭਰੋਸਾ ਜਤਾਇਆ ਗਿਆ ਹੈ। ਉੱਥੇ ਹੀ ਵਿਧਾਇਕ ਪੁੱਤਰ ਤੋਂ ਬਾਅਦ ਹੁਣ ਸੰਸਦ ਮੈਂਬਰ ਪਿਤਾ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਦੂਜੀਆਂ ਪਾਰਟੀਆਂ ਤੋਂ ਆਏ ਦੋ ਆਗੂਆਂ ‘ਤੇ ਦਾਅ ਖੇਡਣ ਦੇ ਨਾਲ-ਨਾਲ ਪਾਰਟੀ ਦੇ ਦਿੱਗਜ ਮੰਤਰੀਆਂ ਦੀਆਂ ਟਿਕਟਾਂ ਹੋਲਡ (ਰੋਕ) ਰੱਖ ਕੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਗਈ ਹੈ।

ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਨੂੰ ਮੁੜ ਮਿਲੀ ਟਿਕਟ, ਦੂਜੇ ਦੀ ਕੱਟੀ

ਆਮ ਆਦਮੀ ਪਾਰਟੀ ਨੇ ਆਪਣੀ ਦੂਜੀ ਸੂਚੀ ਵਿੱਚ ਲੰਬੀ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟ ਦਿੱਤੀ ਹੈ। ਉਨ੍ਹਾਂ ਦੀ ਥਾਂ ‘ਤੇ ਉਨ੍ਹਾਂ ਦੇ ਭਤੀਜੇ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਮੀਤ ਖੁੱਡੀਆਂ ਨੇ 2022 ਦੀਆਂ ਚੋਣਾਂ ਵਿੱਚ 5 ਵਾਰ ਦੇ ਮੁੱਖ ਮੰਤਰੀ ਰਹੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ, ਜੋ ਕਿ ਬਾਦਲ ਸਾਹਿਬ ਦੀ ਜ਼ਿੰਦਗੀ ਦੀ ਆਖ਼ਰੀ ਚੋਣ ਸਾਬਤ ਹੋਈ ਸੀ।

ਇਸੇ ਤਰ੍ਹਾਂ ਸ੍ਰੀ ਚਮਕੌਰ ਸਾਹਿਬ ਤੋਂ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਦੀ ਟਿਕਟ ਵੀ ਕੱਟ ਦਿੱਤੀ ਗਈ ਹੈ। ਡਾ. ਚਰਨਜੀਤ ਸਿੰਘ ਨੇ 2022 ਵਿੱਚ ਇੱਥੋਂ ਤਤਕਾਲੀ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਸ਼ਿਕਸਤ ਦਿੱਤੀ ਸੀ। ਹਾਲਾਂਕਿ, ਭਦੌੜ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉੱਗੋਕੇ ਅਤੇ ਪਟਿਆਲਾ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਅਜੀਤਪਾਲ ਸਿੰਘ ਕੋਹਲੀ ਨੂੰ ਪਾਰਟੀ ਨੇ ਆਪਣੀ ਪਹਿਲੀ ਸੂਚੀ ਵਿੱਚ ਹੀ ਮੁੜ ਟਿਕਟ ਦੇ ਦਿੱਤੀ ਸੀ।

ਵਿਧਾਇਕ ਪੁੱਤਰ ਤੋਂ ਬਾਅਦ ਹੁਣ ਸੰਸਦ ਮੈਂਬਰ ਪਿਤਾ ਵੀ ਚੋਣ ਮੈਦਾਨ ਵਿੱਚ

ਹੁਣ ਤੱਕ ਐਲਾਨੀਆਂ ਗਈਆਂ ਸੂਚੀਆਂ ਵਿੱਚ ਇੱਕੋ ਪਰਿਵਾਰ ਨੂੰ ਦੋ ਟਿਕਟਾਂ ਦੇਣ ਦੀ ਇਹ ਇਕਲੌਤੀ ਮਿਸਾਲ ਸਾਹਮਣੇ ਆਈ ਹੈ। ਪਾਰਟੀ ਨੇ ਪਹਿਲਾਂ ਚੱਬੇਵਾਲ ਤੋਂ ਮੌਜੂਦਾ ਵਿਧਾਇਕ ਡਾ. ਇਸ਼ਾਂਕ ਚੱਬੇਵਾਲ ਨੂੰ ਪਹਿਲੀ ਸੂਚੀ ਵਿੱਚ ਉਮੀਦਵਾਰ ਬਣਾਇਆ ਸੀ ਅਤੇ ਹੁਣ ਦੂਜੀ ਸੂਚੀ ਵਿੱਚ ਉਨ੍ਹਾਂ ਦੇ ਪਿਤਾ ਡਾ. ਰਾਜ ਕੁਮਾਰ ਚੱਬੇਵਾਲ ਨੂੰ ਫਗਵਾੜਾ ਹਲਕੇ ਤੋਂ ਟਿਕਟ ਸੌਂਪ ਦਿੱਤੀ ਹੈ। ਦੱਸਣਯੋਗ ਹੈ ਕਿ ਡਾ. ਰਾਜ ਕੁਮਾਰ ਚੱਬੇਵਾਲ ਮੌਜੂਦਾ ਸਮੇਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ‘ਆਪ’ ਦੇ ਸੰਸਦ ਮੈਂਬਰ ਵੀ ਹਨ।

ਵਿਧਾਇਕ, ਮੰਤਰੀ, ਫਿਰ ਸੰਸਦ ਮੈਂਬਰ ਤੇ ਹੁਣ ਮੁੜ ਵਿਧਾਨ ਸਭਾ ਦੀ ਟਿਕਟ

ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ‘ਤੇ ਪਾਰਟੀ ਹਾਈਕਮਾਨ ਪੂਰੀ ਤਰ੍ਹਾਂ ਮਿਹਰਬਾਨ ਨਜ਼ਰ ਆ ਰਹੀ ਹੈ। ਮੀਤ ਹੇਅਰ 2022 ਵਿੱਚ ਬਰਨਾਲਾ ਤੋਂ ਵਿਧਾਇਕ ਚੁਣੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ। ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੇ ਉਨ੍ਹਾਂ ਨੂੰ ਸੰਗਰੂਰ ਤੋਂ ਮੈਦਾਨ ਵਿੱਚ ਉਤਾਰਿਆ ਅਤੇ ਉਹ ਸੰਸਦ ਮੈਂਬਰ ਚੁਣੇ ਗਏ। ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਬਰਨਾਲਾ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ।

ਸੂਬਾ ਪ੍ਰਧਾਨ ਅਤੇ ਸਰਕਾਰ ਦੇ ਨੰਬਰ-2 ਮੰਤਰੀ ਦਾ ਨਾਮ ਹੋਲਡ

ਪੰਜਾਬ ‘ਆਪ’ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਮ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ। ਇਹੀ ਸਥਿਤੀ ਪੰਜਾਬ ਸਰਕਾਰ ਵਿੱਚ ਨੰਬਰ-2 ਮੰਨੇ ਜਾਂਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਵੀ ਹੈ, ਜਿਨ੍ਹਾਂ ਦਾ ਨਾਮ ਦੂਜੀ ਸੂਚੀ ਵਿੱਚ ਵੀ ਸ਼ਾਮਲ ਨਹੀਂ ਹੈ। ਸਿਆਸੀ ਵਿਸ਼ਲੇਸ਼ਕਾਂ ਲਈ ਇਹ ਗੱਲ ਬੇਹੱਦ ਹੈਰਾਨੀਜਨਕ ਬਣੀ ਹੋਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਪਹਿਲੀ ਸੂਚੀ ਵਿੱਚ ਆਉਣ ਦੇ ਬਾਵਜੂਦ ਸੂਬਾ ਪ੍ਰਧਾਨ ਅਤੇ ਵਿੱਤ ਮੰਤਰੀ ਦੀਆਂ ਟਿਕਟਾਂ ਕਿਉਂ ਰੋਕੀਆਂ ਗਈਆਂ ਹਨ।

ਜਿਸ ਨੂੰ ਮਨਾ ਕੇ ਪਾਰਟੀ ਵਿੱਚ ਵਾਪਸ ਲਿਆਂਦਾ, ਉਸ ਦੀ ਟਿਕਟ ਕੱਟੀ

ਖਰੜ ਹਲਕੇ ਤੋਂ ਵਿਧਾਇਕਾ ਅਤੇ ਸਾਬਕਾ ਅਦਾਕਾਰਾ ਅਨਮੋਲ ਗਗਨ ਮਾਨ ਬਾਰੇ ਲਿਆ ਗਿਆ ਫ਼ੈਸਲਾ ਵੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਨਮੋਲ 2022 ਵਿੱਚ ਪਹਿਲੀ ਵਾਰ ਵਿਧਾਇਕ ਬਣੀ ਸੀ ਅਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਵੀ ਬਣਾਇਆ ਗਿਆ ਸੀ, ਪਰ ਬਾਅਦ ਵਿੱਚ ਅਚਾਨਕ ਉਨ੍ਹਾਂ ਤੋਂ ਮੰਤਰੀ ਦਾ ਅਹੁਦਾ ਵਾਪਸ ਲੈ ਲਿਆ ਗਿਆ। ਇਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ 19 ਜੁਲਾਈ 2025 ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਸੀ। ਉਸ ਵੇਲੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਉਨ੍ਹਾਂ ਨੂੰ ਮਨਾ ਕੇ ਪਾਰਟੀ ਵਿੱਚ ਰੋਕ ਲਿਆ ਸੀ, ਪਰ ਹੁਣ ਪਾਰਟੀ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਹੈ।

71 ਉਮੀਦਵਾਰਾਂ ਵਿੱਚ ਸਿਰਫ਼ 9 ਮਹਿਲਾਵਾਂ ਨੂੰ ਮਿਲੀ ਥਾਂ

ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ ਐਲਾਨੇ ਗਏ 71 ਉਮੀਦਵਾਰਾਂ ਦੀ ਸੂਚੀ ਵਿੱਚ ਸਿਰਫ਼ 9 ਮਹਿਲਾਵਾਂ ਨੂੰ ਹੀ ਨੁਮਾਇੰਦਗੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਮੌਜੂਦਾ ਵਿਧਾਇਕਾਵਾਂ ਇੰਦਰਜੀਤ ਕੌਰ ਮਾਨ, ਸੰਤੋਸ਼ ਕੁਮਾਰੀ ਕਟਾਰੀਆ, ਪ੍ਰੋ. ਬਲਜਿੰਦਰ ਕੌਰ, ਡਾ. ਅਮਨਦੀਪ ਕੌਰ ਅਰੋੜਾ ਅਤੇ ਸਰਵਜੀਤ ਕੌਰ ਮਾਣੂੰਕੇ ਸ਼ਾਮਲ ਹਨ। ਬਲਜਿੰਦਰ ਕੌਰ ਅਤੇ ਸਰਵਜੀਤ ਕੌਰ ਮਾਣੂੰਕੇ ਨੂੰ ਪਾਰਟੀ ਨੇ ਲਗਾਤਾਰ ਤੀਜੀ ਵਾਰ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਨਵੇਂ ਚਿਹਰਿਆਂ ਵਜੋਂ ਅਦਾਕਾਰਾ ਸੋਨੀਆ ਮਾਨ, ਹਰਜੋਤ ਕੌਰ ਲੋਹਟੀਆ, ਡਾ. ਸੁਹਾਨੀ ਡੋਡਾ ਅਤੇ ਵਨਿੰਦਰ ਕੌਰ ਲੂੰਬਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਸਭ ਤੋਂ ਵੱਧ ਉਮੀਦਵਾਰ ਦੋਆਬਾ ਖੇਤਰ ਵਿੱਚ ਐਲਾਨੇ ਗਏ

ਖੇਤਰਵਾਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਾਰਟੀ ਨੇ ਸਭ ਤੋਂ ਵੱਧ 19 ਉਮੀਦਵਾਰ ਦੋਆਬਾ ਖੇਤਰ ਵਿੱਚ ਐਲਾਨੇ ਹਨ, ਜਿੱਥੇ ਕੁੱਲ 23 ਵਿਧਾਨ ਸਭਾ ਸੀਟਾਂ ਹਨ। ਇਸੇ ਤਰ੍ਹਾਂ ਮਾਝਾ ਖੇਤਰ ਦੀਆਂ 25 ਵਿੱਚੋਂ 15 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ। ਦੂਜੇ ਪਾਸੇ, ਸਿਆਸਤ ਦਾ ਧੁਰਾ ਮੰਨੇ ਜਾਂਦੇ ਮਾਲਵਾ ਖੇਤਰ ਦੀਆਂ 69 ਸੀਟਾਂ ਵਿੱਚੋਂ ਅਜੇ ਸਿਰਫ਼ 37 ਸੀਟਾਂ ‘ਤੇ ਹੀ ਟਿਕਟਾਂ ਦਿੱਤੀਆਂ ਗਈਆਂ ਹਨ। ਸਪੱਸ਼ਟ ਹੈ ਕਿ ਮਾਲਵਾ ਵਿੱਚ ਉਮੀਦਵਾਰ ਉਤਾਰਨ ਲਈ ਪਾਰਟੀ ਬੇਹੱਦ ਫੂਕ-ਫੂਕ ਕੇ ਕਦਮ ਰੱਖ ਰਹੀ ਹੈ।

ਜੇਲ੍ਹ ਵਿੱਚ ਬੰਦ ਮੰਤਰੀ ਨੂੰ ਮਿਲੀ ਟਿਕਟ, 12 ਮੰਤਰੀਆਂ ਦੇ ਨਾਮ ਅਜੇ ਵੀ ਲਟਕੇ

ਪਾਰਟੀ ਨੇ ਜੇਲ੍ਹ ਵਿੱਚ ਬੰਦ ਮੰਤਰੀ ਸੰਜੀਵ ਅਰੋੜਾ ਨੂੰ ਪਹਿਲੀ ਸੂਚੀ ਵਿੱਚ ਹੀ ਲੁਧਿਆਣਾ ਪੱਛਮੀ ਹਲਕੇ ਤੋਂ ਟਿਕਟ ਦੇ ਕੇ ਭਰੋਸਾ ਜਤਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੀ ਪਹਿਲੀ ਸੂਚੀ ਵਿੱਚ ਆ ਚੁੱਕਾ ਹੈ। ਦੂਜੀ ਸੂਚੀ ਵਿੱਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟ ਦਿੱਤੀ ਗਈ ਹੈ, ਪਰ ਕੈਬਨਿਟ ਦੇ 15 ਵਿੱਚੋਂ 12 ਮੰਤਰੀਆਂ ਦੀਆਂ ਟਿਕਟਾਂ ਅਜੇ ਵੀ ਹੋਲਡ ‘ਤੇ ਰੱਖੀਆਂ ਗਈਆਂ ਹਨ, ਜਿਸ ਕਾਰਨ ਮੰਤਰੀਆਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ।

3 ਦਾਗੀ ਵਿਧਾਇਕਾਂ ਦੀ ਕੱਟੀ ਟਿਕਟ, 1 ਦਾ ਨਾਮ ਹੋਲਡ

ਭ੍ਰਿਸ਼ਟਾਚਾਰ ਅਤੇ ਹੋਰ ਵਿਵਾਦਾਂ ਵਿੱਚ ਘਿਰੇ ਵਿਧਾਇਕਾਂ ‘ਤੇ ਕਾਰਵਾਈ ਕਰਦਿਆਂ ‘ਆਪ’ ਨੇ 3 ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ। ਇਨ੍ਹਾਂ ਵਿੱਚ ਜਲੰਧਰ ਸੈਂਟਰਲ ਤੋਂ ਰਮਨ ਅਰੋੜਾ, ਬਠਿੰਡਾ ਦਿਹਾਤੀ ਤੋਂ ਅਮਿਤ ਰਤਨ ਕੋਟਫੱਤਾ ਅਤੇ ਪੱਟੀ ਤੋਂ ਲਾਲਜੀਤ ਸਿੰਘ ਭੁੱਲਰ ਦੇ ਨਾਮ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਰਮਨ ਅਰੋੜਾ ਅਤੇ ਅਮਿਤ ਰਤਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਫਸੇ ਸਨ, ਜਦਕਿ ਲਾਲਜੀਤ ਭੁੱਲਰ ਵੇਅਰਹਾਊਸ ਅਫ਼ਸਰ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ। ਹਾਲਾਂਕਿ, ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫੜੇ ਗਏ ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ ਦੀ ਸੀਟ ਦੀ ਟਿਕਟ ਫਿਲਹਾਲ ਹੋਲਡ ‘ਤੇ ਰੱਖੀ ਗਈ ਹੈ।

Loading...
Unable to load recommendations.
Follow Us