ਪੰਜਾਬ ‘ਚ ਦੁੱਧ ਪੀਣਾ ਹੋਇਆ ਮਹਿੰਗਾ, ਵੇਰਕਾ ਨੇ 8 ਰੁਪਏ ਤੱਕ ਵਧਾਏ ਭਾਅ; ਅੱਜ ਤੋਂ ਲਾਗੂ ਨਵੀਆਂ ਕੀਮਤਾਂ
ਪੰਜਾਬ ਵਿੱਚ ਵੇਰਕਾ (Verka) ਨੇ ਦੁੱਧ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਜਾਰੀ ਕੀਤੇ ਗਏ ਇਹ ਨਵੇਂ ਰੇਟ ਅੱਜ ਤੋਂ ਲਾਗੂ ਹੋ ਗਏ ਹਨ। ਲੁਧਿਆਣਾ ਡਿਸਟ੍ਰਿਕਟ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਵੇਰਕਾ ਦੇ ਫੁੱਲ ਕਰੀਮ, ਸਟੈਂਡਰਡ ਅਤੇ ਡਬਲ ਟੋਂਡ ਦੁੱਧ ਦੇ ਪੈਕਟਾਂ ਦੀਆਂ ਕੀਮਤਾਂ ਵਿੱਚ 1 ਰੁਪਏ ਤੋਂ ਲੈ ਕੇ 8 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।
ਪੰਜਾਬ ਵਿੱਚ ਵੇਰਕਾ (Verka) ਨੇ ਦੁੱਧ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਜਾਰੀ ਕੀਤੇ ਗਏ ਇਹ ਨਵੇਂ ਰੇਟ ਅੱਜ ਤੋਂ ਲਾਗੂ ਹੋ ਗਏ ਹਨ। ਲੁਧਿਆਣਾ ਡਿਸਟ੍ਰਿਕਟ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਵੇਰਕਾ ਦੇ ਫੁੱਲ ਕਰੀਮ, ਸਟੈਂਡਰਡ ਅਤੇ ਡਬਲ ਟੋਂਡ ਦੁੱਧ ਦੇ ਪੈਕਟਾਂ ਦੀਆਂ ਕੀਮਤਾਂ ਵਿੱਚ 1 ਰੁਪਏ ਤੋਂ ਲੈ ਕੇ 8 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮੂਲ ਅਤੇ ਮਦਰ ਡੇਅਰੀ ਨੇ ਵੀ 12 ਨਵੰਬਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਦਾ ਇਜ਼ਾਫ਼ਾ ਕੀਤਾ ਸੀ।
ਪੈਕਟਾਂ ‘ਤੇ ਛਪੇ ਹੋਣਗੇ ਪੁਰਾਣੇ ਰੇਟ
ਵੇਰਕਾ ਪ੍ਰਬੰਧਨ ਨੇ ਖਪਤਕਾਰਾਂ ਦੀ ਸਹੂਲਤ ਲਈ ਇਹ ਸਪੱਸ਼ਟ ਕੀਤਾ ਹੈ ਕਿ ਕੰਪਨੀ ਕੋਲ ਫਿਲਹਾਲ ਪੁਰਾਣੀ ਪੈਕਿੰਗ (ਪੌਲੀਥੀਨ ਫਿਲਮ) ਦਾ ਸਟਾਕ ਮੌਜੂਦ ਹੈ। ਜਦੋਂ ਤੱਕ ਇਹ ਪੁਰਾਣਾ ਸਟਾਕ ਖ਼ਤਮ ਨਹੀਂ ਹੋ ਜਾਂਦਾ, ਉਦੋਂ ਤੱਕ ਬਾਜ਼ਾਰ ਵਿੱਚ ਆਉਣ ਵਾਲੇ ਦੁੱਧ ਦੇ ਪੈਕਟਾਂ ‘ਤੇ ਪਹਿਲਾਂ ਵਾਲੇ ਪੁਰਾਣੇ ਰੇਟ ਹੀ ਛਪੇ ਹੋਏ ਨਜ਼ਰ ਆਉਣਗੇ।
ਹਾਲਾਂਕਿ, ਗਾਹਕਾਂ ਨੂੰ ਦੁੱਧ ਖ਼ਰੀਦਣ ਵੇਲੇ ਭੁਗਤਾਨ ਨਵੀਂ ਰੇਟ ਲਿਸਟ ਦੇ ਮੁਤਾਬਕ ਹੀ ਕਰਨਾ ਪਵੇਗਾ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਦੁਵਿਧਾ ਜਾਂ ਵਿਵਾਦ ਤੋਂ ਬਚਣ ਲਈ ਸਮੂਹ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਆਪੋ-ਆਪਣੀਆਂ ਦੁਕਾਨਾਂ ‘ਤੇ ਨਵੀਂ ਰੇਟ ਲਿਸਟ ਪ੍ਰਮੁੱਖਤਾ ਨਾਲ ਲਗਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਗਾਹਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਅਮੂਲ ਅਤੇ ਮਦਰ ਡੇਅਰੀ ਨੇ ਕਿਉਂ ਵਧਾਈਆਂ ਸਨ ਕੀਮਤਾਂ?
ਦੁੱਧ ਦੀਆਂ ਕੀਮਤਾਂ ਵਧਣ ਪਿੱਛੇ ਦੇ ਕਾਰਨਾਂ ਬਾਰੇ ਦੱਸਦਿਆਂ ਅਮੂਲ ਦੀ ਮੂਲ ਸੰਸਥਾ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ ਇੱਕ ਸਾਲ ਦੌਰਾਨ ਹਰੇ ਅਤੇ ਸੁੱਕੇ ਚਾਰੇ, ਮੱਕੀ ਅਤੇ ਪਸ਼ੂਆਂ ਦੀ ਖ਼ੁਰਾਕ (ਫੀਡ) ਦੀਆਂ ਕੀਮਤਾਂ ਵਿੱਚ ਕਾਫ਼ੀ ਉਛਾਲ ਆਇਆ ਹੈ। ਇਸ ਤੋਂ ਇਲਾਵਾ ਪੈਕੇਜਿੰਗ ਸਮੱਗਰੀ ਅਤੇ ਬਾਲਣ (ਈਂਧਨ) ਮਹਿੰਗਾ ਹੋਣ ਕਾਰਨ ਢੋਆ-ਢੁਆਈ ਅਤੇ ਸਪਲਾਈ ਦਾ ਖ਼ਰਚਾ ਵੀ ਪਹਿਲਾਂ ਨਾਲੋਂ ਕਾਫ਼ੀ ਵੱਧ ਗਿਆ ਹੈ।
ਕੰਪਨੀ ਅਨੁਸਾਰ, ਖਪਤਕਾਰਾਂ ਵੱਲੋਂ ਅਦਾ ਕੀਤੇ ਗਏ ਹਰੇਕ ਰੁਪਏ ਵਿੱਚੋਂ ਲਗਭਗ 80 ਪੈਸੇ ਸਿੱਧੇ ਦੁੱਧ ਉਤਪਾਦਕ ਕਿਸਾਨਾਂ ਨੂੰ ਜਾਂਦੇ ਹਨ। ਦੁੱਧ ਖ਼ਰੀਦਣ ਦੀ ਲਾਗਤ ਵਧਣ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਬਣਦਾ ਤੇ ਵਾਜਬ ਮੁੱਲ ਦਿਵਾਉਣ ਦੇ ਮਕਸਦ ਨਾਲ ਹੀ ਕੀਮਤਾਂ ਵਿੱਚ ਇਹ ਸੋਧ ਕੀਤੀ ਗਈ ਹੈ। ਮਦਰ ਡੇਅਰੀ ਵੱਲੋਂ ਵੀ ਇਨ੍ਹਾਂ ਹੀ ਆਰਥਿਕ ਕਾਰਨਾਂ ਅਤੇ ਵਧਦੀ ਲਾਗਤ ਦੇ ਚੱਲਦਿਆਂ ਆਪਣੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।
