Police Encounter: ਨੌਜਵਾਨ ਦੀਆਂ ਉਂਗਲਾਂ ਵੱਢਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕੀਤੇ ਕਾਬੂ
8 ਫਰਵਰੀ ਨੂੰ, ਹਰਦੀਪ ਸਿੰਘ ਉਰਫ਼ ਰਾਜੀ ਨਾਮ ਦੇ ਵਿਅਕਤੀ ਦੀਆਂ ਦੋ ਵਿਅਕਤੀਆਂ ਨੇ ਉਂਗਲਾਂ ਵੱਢ ਦਿੱਤੀਆਂ ਸਨ, ਜੋ CIA ਦਾ ਸਟਾਫ ਹੋਣ ਦਾ ਦਾਅਵਾ ਕਰਦੇ ਸਨ। ਪੰਜਾਬ-ਹਰਿਆਣਾ ਸਰਹੱਦ 'ਤੇ ਸ਼ੰਭੂ ਬੈਰੀਅਰ ਨੇੜੇ ਹੋਈ ਐਂਨਕਾਊਂਟਰ ਤੋਂ ਬਾਅਦ ਹੁਣ ਪੁਲਿਸ ਨੇ ਗੌਰਵ ਅਤੇ ਤਰੁਣ ਨਾਂ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਿਛਲੇ ਦਿਨੀਂ ਮੋਹਾਲੀ ਦੇ ਨੌਜਵਾਨ ਦੀਆਂ ਉਂਗਲਾਂ ਵੱਢਣ ਵਾਲੇ ਬਦਮਾਸ਼ਾਂ ਨੂੰ ਸ਼ੰਭੂ ਬਾਰਡਰ ਤੇ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਹਿਚਾਣ ਗੌਰਵ ਉਰਫ ਗੋਰੀ ਅਤੇ ਤਰੁਣ ਵਜੋਂ ਹੋਈ ਹੈ। ਮੁਕਾਬਲੇ ਦੌਰਾਨ ਗੋਰੀ ਦੇ ਲੱਤ ‘ਚ ਗੋਲੀ ਲੱਗੀ ਹੈ। ਜ਼ਿਕਰਯੋਗ ਹੈ ਕਿ ਇਹਨਾਂ ਮੁਲਜ਼ਮਾਂ ਵੱਲੋਂ ਨੌਜਵਾਨ ਨੂੰ ਅਗਵਾ ਕਰਕੇ ਮੋਹਾਲੀ ਦੇ ਨਜ਼ਦੀਕ ਪਿੰਡ ਬੜਮਾਜਰਾ ‘ਚ ਦਾਤ ਨਾਲ ਉਸ ਦੀਆਂ ਉਂਗਲਾਂ ਕੱਟਣ ਦੇ ਦੋਸ਼ ਹਨ। ਇਸ ਮਾਮਲੇ ਵਿਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਜਿਸ ਦੀ ਬੀਤੇ ਦਿਨੀਂ ਇਨਾਂ ਮੁਲਜ਼ਮਾਂ ਵੱਲੋਂ ਵੀਡੀਓ ਵੀ ਵਾਇਰਲ ਕੀਤੀ ਗਈ ਸੀ। ਇਸ ਮਾਮਲੇ ‘ਚ ਪੁਲਿਸ ਨੇ ਮੋਹਾਲੀ ਦੇ ਫੇਜ਼ ਇੱਕ ਥਾਣੇ ਵਿੱਚ ਮਾਮਲਾ ਦਰਜ ਕੀਤਾ ਸੀ। ਮੁਲਜ਼ਮਾਂ ਦੇ ਫੜੇ ਜਾਣ ਦੀ ਪੁਸ਼ਟੀ ਮੋਹਾਲੀ ਦੇ ਐਸ ਐਸ ਪੀ ਸੰਦੀਪ ਗਰਗ ਵੱਲੋਂ ਕੀਤੀ ਗਈ ਹੈ।
ਦੋਵੇਂ ਗੈਂਗਸਟਰ ਭੂਪੀ ਰਾਣਾ ਗਰੁਪ ਦੇ ਮੁੱਖ ਸ਼ੂਟਰ
ਜਾਣਕਾਰੀ ਅਨੁਸਾਰ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋਵੇਂ ਮੁਲਜ਼ਮਾਂ ਨੂੰ ਸ਼ੰਭੂ ਬੈਰੀਅਰ ਤੋਂ ਅੱਗੇ ਗ੍ਰਿ਼ਫਤਾਰ ਕੀਤਾ। ਜਦੋਂ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਤਾਂ ਮੁਲਜ਼ਮਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਕਾਰਵਾਈ ਕੀਤੀ। ਇਸ ਦੌਰਾਨ ਪੁਲਿਸ ਗੋਲੀਬਾਰੀ ਵਿੱਚ ਇੱਕ ਗੈਂਗਸਟਰ ਨੂੰ ਪੈਰ ਵਿੱਚ ਗੋਲੀ ਲੱਗੀ। ਇਹ ਦੋਵੇਂ ਗੈਂਗਸਟਰ ਭੂਪੀ ਰਾਣਾ ਗਰੁਪ ਦੇ ਮੁੱਖ ਸ਼ੂਟਰ ਹਨ।
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
ਜਿਨ੍ਹਾਂ ਕੋਲੋਂ ਇੱਕ 9 ਐਮ.ਐਮ. ਪਿਸਟਲ ਤਿੰਨ ਖਾਲੀ ਅਤੇ ਇੱਕ ਮਿਸ ਫਾਇਰ ਕਾਰਤੂਸ ਬਰਾਮਦ ਹੋਏ ਹਨ।ਇਹਨਾਂ ਕੋਲੋਂ ਉਪਰੋਕਤ ਵਾਰਦਾਤ ਵਿੱਚ ਵਰਤੀ ਗਈ ਗੱਡੀ ਸਵਿਫਟ ਨੰਬਰ ਪੀ.ਬੀ.10ਸੀ.ਸੀ. -0241 ਵੀ ਬਰਾਮਦ ਕੀਤੀ ਗਈ। ਇਸ ਮੁਕਾਬਲੇ ਵਿੱਚ ਗੈਂਗਸਟਰਾਂ ਵਲੋਂ ਕੀਤੀ ਗੋਲੀਬਾਰੀ ਸਬੰਧੀ ਅੰਬਾਲਾ ਪੁਲੀਸ ਕੋਲ ਪੁਲਿਸ ਕਾਰਵਾਈ ਕਰਵਾਈ ਜਾ ਰਹੀ ਹੈ। ਇਹਨਾ ਦੋਵੇਂ ਗੈਗਸਟਰਾਂ ਦੀ ਗ੍ਰਿਫਤਾਰੀ ਤੋਂ ਹੋਰ ਵੀ ਸੰਗੀਨ ਜੁਰਮ ਟਰੇਸ ਹੋਣ ਦੀ ਉਮੀਦ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ