ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ‘ਚ 12 ਸਾਲਾ ਬੱਚੀ ਦੀ ਮੌਤ, ਪਰਿਵਾਰ ਵੱਲੋਂ ਡਾਕਟਰਾਂ ‘ਤੇ ਦੋਸ਼
Amritsar Girl Dies: ਸਵੇਰੇ ਐਕਸ-ਰੇ ਕਰਵਾਉਣ ਤੋਂ ਬਾਅਦ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਬੱਚੀ ਦੇ ਖੱਬੇ ਫੇਫੜੇ ਵਿੱਚ ਪਾਣੀ ਭਰਿਆ ਹੋਇਆ ਹੈ। ਇਸ ਤੋਂ ਬਾਅਦ ਪਰਿਵਾਰ ਨੂੰ ਚੈਸਟ ਡਿਪਾਰਟਮੈਂਟ ਦੇ ਡਾਕਟਰ ਨੂੰ ਵਿਖਾਉਣ ਲਈ ਕਿਹਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਚੈਸਟ ਡਿਪਾਰਟਮੈਂਟ ਵੱਲੋਂ ਸ਼ਾਮ ਨੂੰ ਵਿਜ਼ਿਟ ਕਰਨ ਦੀ ਗੱਲ ਕਹੀ ਗਈ ਪਰ ਕੋਈ ਲਿਖਤੀ ਹਦਾਇਤ ਨਹੀਂ ਦਿੱਤੀ ਗਈ।
ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਵਿੱਚ 12 ਸਾਲਾ ਬੱਚੀ ਦੀ ਮੌਤ ਦਾ ਮਾਮਲਾ ਗੰਭੀਰ ਬਣਦਾ ਜਾ ਰਿਹਾ ਹੈ। ਮ੍ਰਿਤਕ ਬੱਚੀ ਦੇ ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਅਤੇ ਪ੍ਰਸ਼ਾਸਨ ਤੇ ਭਾਰੀ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਸਹੀ ਸਮੇਂ ਇਲਾਜ ਅਤੇ ਸੀਨੀਅਰ ਡਾਕਟਰਾਂ ਦੀ ਵਿਜ਼ਿਟ ਨਾ ਹੋਣ ਕਾਰਨ ਬੱਚੀ ਦੀ ਜਾਨ ਗਈ। ਪਰਿਵਾਰਕ ਮੈਂਬਰਾਂ ਮੁਤਾਬਕ 7 ਤਾਰੀਖ ਦੀ ਰਾਤ ਨੂੰ ਬੱਚੀ ਦੀ ਆਕਸੀਜਨ ਲੈਵਲ ਅਚਾਨਕ 35 ਤੱਕ ਘਟ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਆਂਦਾ ਗਿਆ। ਇੱਥੇ ਆਕਸੀਜਨ ਲਗਾਉਣ ਤੋਂ ਬਾਅਦ ਬੱਚੀ ਦੀ ਹਾਲਤ ਵਿੱਚ ਸੁਧਾਰ ਆਇਆ ਅਤੇ ਆਕਸੀਜਨ ਲੈਵਲ 80 ਤੋਂ 85 ਤੱਕ ਪਹੁੰਚ ਗਈ। ਰਾਤ ਦੌਰਾਨ ਬੱਚੀ ਸਟੇਬਲ ਰਹੀ ਅਤੇ ਸਵੇਰੇ ਵੀ ਉਸ ਦੀ ਹਾਲਤ ਠੀਕ ਦੱਸੀ ਗਈ।
ਐਕਸ-ਰੇ ਤੋਂ ਬਾਅਦ ਫੇਫੜੇ ਵਿੱਚ ਪਾਣੀ ਹੋਣ ਦੀ ਪੁਸ਼ਟੀ
ਸਵੇਰੇ ਐਕਸ-ਰੇ ਕਰਵਾਉਣ ਤੋਂ ਬਾਅਦ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਬੱਚੀ ਦੇ ਖੱਬੇ ਫੇਫੜੇ ਵਿੱਚ ਪਾਣੀ ਭਰਿਆ ਹੋਇਆ ਹੈ। ਇਸ ਤੋਂ ਬਾਅਦ ਪਰਿਵਾਰ ਨੂੰ ਚੈਸਟ ਡਿਪਾਰਟਮੈਂਟ ਦੇ ਡਾਕਟਰ ਨੂੰ ਵਿਖਾਉਣ ਲਈ ਕਿਹਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਚੈਸਟ ਡਿਪਾਰਟਮੈਂਟ ਵੱਲੋਂ ਸ਼ਾਮ ਨੂੰ ਵਿਜ਼ਿਟ ਕਰਨ ਦੀ ਗੱਲ ਕਹੀ ਗਈ ਪਰ ਕੋਈ ਲਿਖਤੀ ਹਦਾਇਤ ਨਹੀਂ ਦਿੱਤੀ ਗਈ।
ਸੀਨੀਅਰ ਡਾਕਟਰਾਂ ਦੀ ਵਿਜ਼ਿਟ ਨਾ ਹੋਣ ਦਾ ਦੋਸ਼
ਪਰਿਵਾਰ ਮੁਤਾਬਕ ਵਾਰਡ ਵਿੱਚ ਮੌਜੂਦ ਡਿਊਟੀ ਡਾਕਟਰ ਨੇ ਲਿਖਤੀ ਹਦਾਇਤਾਂ ਦੀ ਮੰਗ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਦੁਬਾਰਾ ਚੈਸਟ ਡਾਕਟਰ ਕੋਲ ਭੇਜਿਆ ਗਿਆ। ਹਾਲਾਂਕਿ ਸ਼ਾਮ ਤੱਕ ਕੋਈ ਵੀ ਸੀਨੀਅਰ ਡਾਕਟਰ ਵਿਜ਼ਿਟ ਲਈ ਨਹੀਂ ਆਇਆ, ਜਿਸ ਨਾਲ ਇਲਾਜ ਵਿੱਚ ਦੇਰੀ ਹੋਈ। ਪਰਿਵਾਰ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੱਚੀ ਦੇ ਮਾਤਾ-ਪਿਤਾ ਜਾਂ ਦਾਦਾ ਦੀ ਸਹਿਮਤੀ ਲਏ ਬਿਨਾਂ ਹੀ ਫੇਫੜੇ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੂਈਆਂ ਲਗਾਈਆਂ ਗਈਆਂ ਅਤੇ ਗਲੇ ਨਾਲ ਸੰਬੰਧਿਤ ਕਾਰਵਾਈ ਤੋਂ ਬਾਅਦ ਬੱਚੀ ਦੇ ਮੂੰਹ ਵਿੱਚੋਂ ਖੂਨ ਆਉਣ ਲੱਗ ਪਿਆ। ਇਸ ਤੋਂ ਤੁਰੰਤ ਬਾਅਦ ਹੀ ਬੱਚੀ ਦੀ ਮੌਤ ਹੋ ਗਈ।
ਮੈਡੀਕਲ ਫਾਈਲ ਨਾ ਦੇਣ ਤੇ ਵੀ ਉਠੇ ਸਵਾਲ
ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਮੌਤ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਮੈਡੀਕਲ ਫਾਈਲ ਨਹੀਂ ਦਿੱਤੀ ਜਾ ਰਹੀ, ਜਿਸ ਨਾਲ ਤੋੜਫੋੜ ਜਾਂ ਸਬੂਤ ਲੁਕਾਉਣ ਦੀ ਸ਼ੰਕਾ ਪੈਦਾ ਹੋ ਰਹੀ ਹੈ। ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲੇ ਸਬੰਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਚਨਾ ਮਿਲਣ ਤੇ ਪੁਲਿਸ ਤੁਰੰਤ ਹਸਪਤਾਲ ਪਹੁੰਚੀ। ਫਿਲਹਾਲ ਕਿਸੇ ਪੱਖ ਵੱਲੋਂ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ, ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਕਿ ਜਿਵੇਂ ਹੀ ਲਿਖਤੀ ਸ਼ਿਕਾਇਤ ਮਿਲਦੀ ਹੈ, ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
