ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਬਟਾਲਾ ਚ ਗੁਰੂ ਜੀ ਦੇ ਸੁਹਰਾ ਘਰ ਗੁਰਦਵਾਰਾ ਡੇਹਰਾ ਸਾਹਿਬ ਤੋਂ ਖਾਲਸਾਈ ਜਾਹੋ ਜਲਾਲ ਬਿਖੇਰਦਾ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਕੱਢਿਆ ਗਿਆ। ਨਗਰ ਕੀਰਤਨ ਦੀ ਅਗੁਵਾਈ ਪੰਜ ਪਿਆਰਿਆ ਕਰ ਰਹੇ ਸਨ
ਇਸ ਪਵਿੱਤਰ ਮੌਕੇ ਦਾ ਗਵਾਹ ਬਣਨ ਲਈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ, ਆਪ ਆਗੂ ਜਗਰੂਪ ਸੇਖਵਾਂ ਸਮੇਤ ਹਜਾਰਾਂ ਦੀ ਤਦਾਤ ਵਿਚ ਪਹੁੰਚ ਸ਼ਰਧਾਲੂ ਇਸ ਪਵਿੱਤਰ ਮੌਕੇ ਦੇ ਗਵਾਹ ਬਣੇ।
ਇਸ ਮੌਕੇ ਨਰਸਿੰਘੇ ਨਗਾਰੇ ਅਤੇ ਜੈਕਾਰੇ ਚਾਰੋ ਪਾਸੇ ਗੂੰਜਦੇ ਨਜਰ ਆਏ। ਹਰ ਕੋਈ ਗੁਰੂ ਸਾਹਿਬ ਦੇ ਵਿਆਹ ਦੇ ਉਤਸ਼ਾਹ ਦੇ ਰੰਗ ਵਿਚ ਰੰਗਿਆ ਨਜਰ ਆ ਰਿਹਾ ਸੀ।ਬੈਂਡ ਪਾਰਟੀਆਂ ਅਤੇ ਗਤਕਾ ਪਾਰਟੀਆਂ ਇਸ ਨਗਰ ਕੀਰਤਨ ਵਿੱਚ ਆਪਣੇ ਜੌਹਰ ਦਿਖਾਉਂਦੀਆਂ ਨਜਰ ਆ ਰਹੀਆਂ ਸੀ।
ਦੱਸ ਦੇਈਏ ਕਿ 1487 ਈਸਵੀ ਚ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਬਟਾਲਾ ਦੀ ਧਰਤੀ ਤੇ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਆਏ ਸਨ, ਉਦੋਂ ਤੋਂ ਹਰ ਸਾਲ ਇਹ ਵਿਆਹ ਪੁਰਬ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
ਵਿਸ਼ਵ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ 'ਚ ਸਵੇਰ ਤੋਂ ਹੀ ਸੰਗਤਾਂ ਦਾ ਹੜ੍ਹ ਆਇਆ ਹੋਇਆ ਸੀ। ਇੱਥੇ ਪਹੁੰਚਣ ਵਾਲਾ ਹਰ ਸ਼ਰਧਾਲੂ ਇਸ ਇਤਿਹਾਸਕ ਕੱਚੀ ਕੰਧ ਦੇ ਦਰਸ਼ਨਾਂ ਨੂੰ ਲੈ ਕੇ ਕਾਫੀ ਉਤਸਕ ਸੀ ਹਜ਼ਾਰਾਂ ਸੰਗਤਾਂ ਨੇ ਗੁਰਦੁਆਰਾ ਕੰਧ ਸਾਹਿਬ ਵਿਖੇ ਸੀਸ ਨਵਾਇਆ।
ਜਿਸ ਵੇਲ੍ਹੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤਾਂ ਉਸ ਵੇਲ੍ਹੇ ਕੁਝ ਸਮੇਂ ਲਈ ਮੀਂਹ ਵੀ ਪਿਆ, ਪਰ ਇਸ ਨਾਲ ਸੰਗਤਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਸ਼ਰਧਾਲੂ ਖਰਾਬ ਮੌਸਮ ਦੌਰਾਨ ਵੀ ਇਸ ਇਤਿਹਾਸਕ ਪੱਲ ਦੇ ਗਵਾਹ ਬਣਨ ਲਈ ਪਹੁੰਚਦੇ ਰਹੇ।
ਇਸ ਦੌਰਾਨ ਵੱਖ-ਵੱਖ ਥਾਵਾਂ 'ਤੇ ਲੰਗਰ ਅਤੇ ਠੰਡੇ ਮਿੱਠੇ ਜਲ ਦੇ ਪ੍ਰਬੰਧ ਕੀਤੇ ਗਏ ਸਨ। ਗੁਰੂ ਸਾਹਿਬ ਦੇ ਵਿਆਹ ਪੁਰਬ ਮੌਕੇ ਸ਼ੁੱਕਰਵਾਰ ਨੂੰ ਬਟਾਲਾ ਦੇ ਸਾਰੇ ਗੁਰਦੁਆਰਿਆਂ ਨੂੰ ਬਹੁਤ ਹੀ ਖੂਬਸੂਰਤੀ ਨਾਲਸਜਾਇਆ ਗਿਆ। ਬਟਾਲਾ ਦੇ ਸਵਾਗਤੀ ਗੇਟਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ।
ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪੂਰਾ ਵਾਤਾਵਰਣ ਸ਼ਰਧਾ ਅਤੇ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਗੁਰਦੁਆਰਾ ਸਾਹਿਬ ਵਿੱਚ ਪਹੁੰਚੀਆਂ ਸੰਗਤਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਨੂੰ ਵੀ ਵਿਆਹ ਪੁਰਬ ਦੀ ਵਧਾਈ ਦੇ ਰਹੀਆਂ ਸਨ ਅਤੇ ਸੀਸ ਨਵਾਂ ਰਹੀਆਂ ਸਨ।
ਸ਼ਰਧਾ ਅਤੇ ਆਸਥਾ ਤੋਂ ਇਲਾਵਾ ਇਸ ਤਿਉਹਾਰ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਮੁਸਤੈਦ ਨਜ਼ਰ ਆਇਆ। ਸੰਗਤਾਂ ਦੀ ਸੁਰੱਖਿਆਂ ਨੂੰ ਲੈ ਕੇ ਹਰ ਪਾਸੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਕੁਝ ਪੁਲਿਸ ਮੁਲਾਜ਼ਮ ਸਿਵਲ ਡਰੈੱਸ 'ਚ ਵੀ ਪੂਰੇ ਮਾਹੌਲ 'ਤੇ ਨਜ਼ਰ ਰੱਖ ਰਹੇ ਸਨ।