Travel Agent Arrest : ਕੈਨੇਡਾ ‘ਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ 700 ਦੇ ਕਰੀਬ
ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲੇ ਟ੍ਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਆਪ ਵੀ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਗ੍ਰਿਫ਼ਤਾਰ ਹੋਣ ਨਾਲ ਹੁਣ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦਾ ਕੇਸ ਹੋਰ ਵੀ ਮਜਬੂਤ ਹੋਵੇਗਾ।
ਸ਼ੁੱਕਰਵਾਰ ਨੂੰ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੋਸ਼ ਲਗਾਇਆ ਕਿ ਭਾਰਤ ਦੇ ਨਾਗਰਿਕ ਬ੍ਰਿਜੇਸ਼ ਮਿਸ਼ਰਾ ਨੇ ਬਿਨਾਂ ਲਾਇਸੈਂਸ ਦੇ ਇਮੀਗ੍ਰੇਸ਼ਨ ਸਲਾਹ ਦੇਣ ਅਤੇ ਸਬੰਧਤ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਦੱਸ ਦੇਈਏ ਕੇ ਸਿਰਫ਼ ਕਾਲਜ ਆਫ਼ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟ ਨਾਲ ਰਜਿਸਟਰਡ ਲਾਇਸੰਸਸ਼ੁਦਾ ਵਕੀਲ ਅਤੇ ਸਲਾਹਕਾਰ ਹੀ ਕਾਨੂੰਨੀ ਤੌਰ ‘ਤੇ ਫ਼ੀਸ ‘ਤੇ ਇਮੀਗ੍ਰੇਸ਼ਨ ਸਲਾਹ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰ ਸਕਦੇ ਹਨ।
ਕੈਨੇਡਾ ‘ਚ ਦਾਖਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
ਮੁਲਜ਼ਮ ਬ੍ਰਿਜੇਸ ਮਿਸ਼ਰਾ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਵਿਚ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਬਾਰਡਰ ਦੇ ਮੌਜੂਦ ਏਜੰਟਾਂ ਨੂੰ ਉਸ ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ। ਜਾਂਚ ਕਰਨ ਤੇ ਉਸਦੀ ਸੱਚਾਈ ਸਾਹਮਣੇ ਆ ਗਈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਸ਼ੁੱਕਰਵਾਰ ਨੂੰ ਚਾਰਜ ਕੀਤੇ ਜਾਣ ਤੱਕ ਉਹ ਉਥੋਂ ਦੀ ਪੁਲਿਸ ਹਿਰਾਸਤ ਵਿੱਚ ਹੀ ਸੀ। ਮਿਸ਼ਰਾ ਤੇ ਜਲੰਧਰ ਵਿੱਚ ਵੀ ਕਈ ਅਪਰਾਧਕ ਮਾਮਲੇ ਦਰਜ ਹਨ।
ਮਜਬੂਤ ਹੋਵੇਗਾ ਵਿਦਿਆਰਥੀਆਂ ਦਾ ਪੱਖ
ਬ੍ਰਿਜੇਸ਼ ਮਿਸ਼ਰਾ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਹੁਣ ਬੇਕਸੂਰੇ ਵਿਦਿਆਰਥੀਆਂ ਦਾ ਕੇਸ ਹੋਰ ਵੀ ਮਜਬੂਤ ਹੋ ਸਕੇਗਾ। ਦੇਸ਼ ਨਿਕਾਲੇ ਦੇ ਫੈਸਲੇ ਖਿਲਾਫ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹੁਣ ਆਪਣਾ ਪੱਖ ਰੱਖਣ ਵਿੱਚ ਹੋਰ ਵੀ ਆਸਾਨੀ ਹੋਵੇਗੀ। ਉਮੀਦ ਇਹ ਵੀ ਜਤਾਈ ਜਾ ਰਹੀ ਹੈ ਕਿ ਕੈਨੀਡੀਅਨ ਸਰਕਾਰ ਹੁਣ ਹੋਰ ਵੀ ਗੰਭੀਰਤਾ ਨਾਲ ਧੋਖਾਧੜੀ ਦਾ ਸ਼ਿਕਾਰ ਹੋਏ ਇਨ੍ਹਾਂ ਵਿਦਿਆਰਥੀਆਂ ਦੀ ਗੱਲ ਤੇ ਗੌਰ ਕਰੇਗੀ। ਉੱਧਰ, ਵਿਦਿਆਰਥੀਆਂ ਨੂੰ ਆਸ ਹੈ ਕਿ ਬ੍ਰਿਜੇਸ਼ ਮਿਸ਼ਰਾ ਆਪਣਾ ਅਪਰਾਧ ਕਬੂਲ ਕਰੇਗਾ ਤਾਂ ਉਨ੍ਹਾਂ ਨੂੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਪਵੇਗੀ। ਸਭ ਕੁਝ ਆਪਣੇ ਆਪ ਹੀ ਸਾਫ ਹੋ ਜਾਵੇਗਾ।
ਫਰਜ਼ੀ ਪਾਏ ਗਏ ਸਨ ਦਾਖ਼ਲਾ ਲੈਟਰ
ਦਰਅਸਲ 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਦੇ ਕਾਲਜਾਂ ਦੇ ਦਾਖਲੇ ਦੇ ਲੈਟਰ ਫਰਜੀ ਪਾਏ ਗਏ ਸਨ, ਜਿਸਤੋਂ ਬਾਅਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਨੇ ਇਨ੍ਹਾਂ ਵਿਦਿਆਰਥੀਆਂ ਨੂੰ
ਡਿਪੋਰਟ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ। ਇਨ੍ਹਾਂ ਵਿਦਿਆਰਥੀਆਂ ਵਿੱਚ ਜਿਆਦਾਤਰ ਵਿਦਿਆਰਥੀ ਪੰਜਾਬ ਤੋਂ ਹਨ। ਕੈਨੇਡਾ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਤੋਂ ਕੈਨੇਡਾ ਤੱਕ ਹਾਹਾਕਾਰ ਮੱਚ ਗਿਆ।
ਲੰਮੇ ਸਮੇਂ ਤੋਂ ਜਲੰਧਰ ਤੋਂ ਗਾਇਬ ਸੀ ਮਿਸ਼ਰਾ
ਬ੍ਰਿਜੇਸ਼ ਮਿਸ਼ਰਾ ਕਥਿਤ ਤੌਰ ‘ਤੇ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਦਫ਼ਤਰ ‘ਚ ਨਜ਼ਰ ਨਹੀਂ ਆ ਰਿਹਾ ਸੀ। ਇਸ ਨਾਲ ਸਬੰਧਤ ਸਾਰੀਆਂ ਵੈੱਬਸਾਈਟਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਜਿੱਥੇ ਵਿਦਿਆਰਥੀ ਵੀਜ਼ਾ ਲਈ ਅਪਲਾਈ ਕਰਦੇ ਸਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬ੍ਰਿਜੇਸ਼ ਮਿਸ਼ਰਾ ‘ਤੇ ਜਾਅਲਸਾਜ਼ੀ ਦੇ ਦੋਸ਼ ਲੱਗੇ ਹਨ। ਇਸ ਤੋਂ ਪਹਿਲਾਂ ਵੀ ਉਸ ਨੂੰ 2013 ਵਿੱਚ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਲਈ ਜਾਅਲੀ ਦਸਤਾਵੇਜ਼ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਉਹ ਹੋਰ ਲੋਕਾ ਨਾਲ ਮਿਲ ਕੇ ‘ਈਜ਼ੀ ਵੇਅ ਇਮੀਗ੍ਰੇਸ਼ਨ ਕੰਸਲਟੈਂਸੀ’ ਨਾਂ ਦੀ ਕੰਪਨੀ ਚਲਾ ਰਿਹਾ ਸੀ ਅਤੇ ਉਸ ਦੇ ਦਫ਼ਤਰ ‘ਤੇ ਪੁਲਿਸ ਵਲੋ ਛਾਪਾ ਮਾਰ ਕੇ ਨਕਦੀ, ਵਿਦਿਆਰਥੀਆਂ ਦੀਆਂ ਜਾਅਲੀ ਫਾਈਲਾਂ ਬਰਾਮਦ ਕੀਤੀਆਂ ਸਨ।
ਪੁਲਿਸ ਅਨੁਸਾਰ ਈਜ਼ਵੇਅ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸਿਜ਼ ਪ੍ਰਾਈਵੇਟ ਲਿਮਿਟਡ 12 ਨਵੰਬਰ 2010 ਨੂੰ ਰਜਿਸਟਰਡ ਪ੍ਰਾਈਵੇਟ ਕੰਪਨੀ ਸੀ। ਇਸ ਨੂੰ ਜਲੰਧਰ ਦੇ ਗ੍ਰੀਨ ਪਾਰਕ ਇਲਾਕੇ ਵਿੱਚ ਸਥਿਤ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਵਜੋਂ ਸੂਚੀਬੱਧ ਕੀਤਾ ਗਿਆ ਸੀ। ਬਾਅਦ ਵਿੱਚ ਇਸਨੂੰ ਬੰਦ ਕਰ ਦਿੱਤਾ ਗਿਆ।
ਕੇਂਦਰ ਤੋਂ ਲੈ ਕੇ ਪੰਜਾਬ ਸਰਕਾਰ ਨੇ ਚੁੱਕੇ ਕਦਮ
ਇਸ ਮਾਮਲੇ ਦੇ ਸੁੱਰਖੀਆਂ ਵਿੱਚ ਆਉਣ ਤੋਂ ਬਾਅਦ ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਪੰਜਾਬ ਦੇ ਮੰਤਰੀ
ਕੁਲਦੀਪ ਧਾਲੀਵਾਲ ਵਾਰ-ਵਾਰ ਕੈਨੇਡੀਅਨ ਅਧਿਕਾਰੀਆਂ ਨੂੰ ਨਿਰਪੱਖ ਹੋਣ ਅਤੇ ਮਨੁੱਖਤਾਵਾਦੀ ਪਹੁੰਚ ਅਪਣਾਉਣ ਦੀ ਅਪੀਲ ਕਰ ਰਹੇ ਸਨ। ਉਨ੍ਹਾਂ ਅਪੀਲ ਕੀਤੀ ਸੀ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਬੇਕਸੂਰੇ ਵਿਦਿਆਰਥੀ ਨੂੰ ਸਜ਼ਾ ਦੇਣਾ ਇਨ੍ਹਾਂ ਨਾਲ ਨਾਇਨਸਾਫ਼ੀ ਹੋਵੇਗੀ।
ਭਾਰਤ ਦੀ ਅਪੀਲ ਤੋਂ ਬਾਅਦ ਕੈਨੇਡਾ ਸਰਕਾਰ ਨੇ ਦਿੱਤਾ ਸੀ ਭਰੋਸਾ
ਭਾਰਤ ਦੀ ਅਪੀਲ ਤੋਂ ਬਾਅਦ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਮੰਨਿਆ ਸੀ ਕਿ ਜ਼ਿਆਦਾਤਰ ਵਿਦਿਆਰਥੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਨੇ ਭਰੋਸਾ ਦੁਆਇਆ ਸੀ ਕਿ
ਕੈਨੇਡਾ ਸਰਕਾਰ ਸਾਰੇ ਵਿਦਿਆਰਥੀਆਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇਵੇਗੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਕੋਈ ਵਿਦਿਆਰਥੀ ਆਪਣੇ ਨਾਲ ਹੋਈ ਧੋਖਾਧੜੀ ਨੂੰ ਸਾਬਤ ਨਹੀਂ ਕਰ ਪਾਉਂਦਾ ਹੈ ਤਾਂ ਉਸਨੂੰ ਵਾਪਸ ਆਪਣੇ ਦੇਸ਼ ਜਾਣਾ ਹੀ ਪਵੇਗਾ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ