9 ਸਾਲ ਬਾਅਦ ਕੈਨੇਡਾ ਤੋਂ ਭਾਰਤ ਆਈ ਠੱਗ ਮਹਿਲਾ, ਏਅਰਪੋਰਟ ਤੋਂ ਹੀ ਕੀਤਾ ਗਿਆ ਗ੍ਰਿਫ਼ਤਾਰ
ਕੈਨੇਡਾ ਤੋਂ 9 ਸਾਲ ਬਾਅਦ ਵਾਪਿਸ ਪਰਤੀ ਮਹਿਲਾ ਨੂੰ ਲੁਧਿਆਣਾ ਦਿਹਾਤੀ ਪੁਲਿਸ ਨੇ ਦਿੱਲੀ ਦੇ ਹਵਾਈਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਲੁਧਿਆਣਾ ਦੇ ਦੋਰਾਹਾ ਦੀ ਵਸਨੀਕ ਮਹਿਲਾ ਤੇ ਵਿਦੇਸ਼ ਲੈਕੇ ਜਾਣ ਦੇ ਨਾਮ ਤੇ ਠੱਗੀ ਮਾਰਨ ਦਾ ਇਲਜ਼ਾਮ ਹੈ। ਮਹਿਲਾ ਜੋਕਿ ਹੁਣ ਕੈਨੇਡਾ ਦੀ ਨਾਗਰਿਕ ਹੈ 2015 ਵਿੱਚ ਭਾਰਤ ਤੋਂ ਵਿਦੇਸ਼ ਗਈ ਸੀ। ਮਾਮਲੇ ਵਿੱਚ ਪੁਲਿਸ ਨੇ ਜਾਂਚ ਤੋਂ ਬਾਅਦ ਮਹਿਲਾ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਜਿਵੇਂ ਹੀ ਮਹਿਲਾ ਭਾਰਤ ਵਿੱਚ ਦਾਖਿਲ ਹੋਈ ਉਸ ਸਮੇਂ ਹੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
(ਸੰਕੇਤਕ ਤਸਵੀਰ)
ਜਗਰਾਓਂ ਵਿੱਚ ਦਰਜ ਹੋਏ ਧੋਖਾਧੜੀ ਦੇ ਮਾਮਲਿਆਂ ਵਿੱਚ ਫਰਾਰ ਹੋਈ ਕੈਨੇਡਾ ਦੀ ਵਸਨੀਕ ਮੁਲਜ਼ਮ ਔਰਤ ਨੂੰ ਲੁਧਿਆਣਾ ਦਿਹਾਤੀ ਪੁਲੀਸ ਨੇ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ ਹੈ। ਮੁਲਜ਼ਮ ਔਰਤ 9 ਸਾਲ ਬਾਅਦ ਭਾਰਤ ਪਰਤੀ ਸੀ। ਪਰ ਜਿਵੇਂ ਹੀ ਉਹ ਦਿੱਲੀ ਉਤਰੀਆ ਤਾਂ ਏਅਰਪੋਰਟ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਲੁੱਕਆਊਟ ਨੋਟਿਸ ਜਾਰੀ ਕਰਕੇ ਉਸ ਨੂੰ ਫੜ ਲਿਆ ਅਤੇ ਲੁਧਿਆਣਾ ਦੀ ਦਿਹਾਤੀ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਮੁਲਜ਼ਮ ਦੀ ਪਛਾਣ ਜਸਵੀਨ ਕੌਰ ਵਾਸੀ ਦੋਰਾਹਾ ਵਜੋਂ ਹੋਈ ਹੈ। ਮੁਲਜ਼ਮ ਔਰਤ ਖ਼ਿਲਾਫ਼ 28 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਚੱਲ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਜਸਵੀਨ ਕੌਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਕੇ ਰਾਏਕੋਟ ਲੈਕੇ ਆਈ ਹੈ। ਜਿਸ ਤੋਂ ਬਾਅਦ ਮੁਲਜ਼ਮ ਮਹਿਲਾ ਨੂੰ ਜਗਰਾਉਂ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਿਲ ਕਰ ਲਿਆ।


