ਅਰਬ ‘ਚ ਪੈਦਾ ਹੋਇਆ ਹਲਵਾ ਕਿਵੇਂ ਇਰਾਨ ਦੇ ਰਸਤੇ ਭਾਰਤ ਪਹੁੰਚਿਆ, ਲੋਕ ਸਭਾ ‘ਚ ਕਿਉਂ ਬਣਿਆ ਮੁੱਦਾ?

Updated On: 

31 Jul 2024 13:32 PM

Halwa History: ਸੰਸਦ 'ਚ ਬਜਟ 'ਤੇ ਬਹਿਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਦਨ 'ਚ ਕੇਂਦਰੀ ਬਜਟ ਤੋਂ ਪਹਿਲਾਂ ਹੋਣ ਵਾਲੀ 'ਹਲਵਾ ਸੈਰੇਮਨੀ' ਦੀ ਫੋਟੋ ਦਿਖਾ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਬਜਟ ਦਾ ਹਲਵਾ ਵੰਡ ਰਿਹਾ ਹੈ ਪਰ ਦੇਸ਼ ਨੂੰ ਨਹੀਂ ਮਿਲ ਰਿਹਾ। ਇਸ ਬਹਾਨੇ ਆਓ ਜਾਣਦੇ ਹਾਂ ਕਿ ਤੁਰਕੀ 'ਚ ਬਣਿਆ 'ਹੁਲਵ' ਭਾਰਤ 'ਚ 'ਹਲਵਾ' ਬਣਕੇ ਕਿਵੇਂ ਪਹੁੰਚਿਆ।

ਅਰਬ ਚ ਪੈਦਾ ਹੋਇਆ ਹਲਵਾ ਕਿਵੇਂ ਇਰਾਨ ਦੇ ਰਸਤੇ ਭਾਰਤ ਪਹੁੰਚਿਆ, ਲੋਕ ਸਭਾ ਚ ਕਿਉਂ ਬਣਿਆ ਮੁੱਦਾ?

ਅਰਬ 'ਚ ਪੈਦਾ ਹੋਏ ਹਲਵੇ ਦਾ ਦਿਲਚਸਪ ਇਤਿਹਾਸ

Follow Us On

ਸੰਸਦ ਦੇ ਮਾਨਸੂਨ ਸੈਸ਼ਨ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬਜਟ ‘ਤੇ ਬਹਿਸ ਲਈ ਖੜ੍ਹੇ ਹੋਏ। ਉਨ੍ਹਾਂ ਸਦਨ ਵਿੱਚ ਕੇਂਦਰੀ ਬਜਟ ਤੋਂ ਪਹਿਲਾਂ ਰੱਖੀ ਹਲਵਾ ਸੈਰੇਮਨੀ ਦੀ ਫੋਟੋ ਦਿਖਾਉਂਦੇ ਹੋਏ ਕਿਹਾ, ਇਸ ਵਿੱਚ ਬਜਟ ਦਾ ਹਲਵਾ ਵੰਡ ਰਿਹਾ ਹੈ। ਪਰ ਫੋਟੋ ਵਿੱਚ ਮੈਨੂੰ ਕੋਈ ਓਬੀਸੀ, ਆਦੀਵਾਸੀ ਜਾਂ ਦਲਿਤ ਅਫਸਰ ਨਜ਼ਰ ਨਹੀਂ ਆ ਰਿਹਾ। ਦੇਸ਼ ਦਾ ਹਲਵਾ ਵੰਡ ਰਿਹਾ ਹੈ ਅਤੇ ਇਸ ਵਿੱਚ 73 ਫੀਸਦੀ ਹਿੱਸਾ ਕਿਧਰੇ ਹੈ ਹੀ ਨਹੀਂ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ‘ਬਜਟ ਦਾ ਹਲਵਾ ਵੰਡ ਰਿਹਾ ਹੈ ਪਰ ਦੇਸ਼ ਨੂੰ ਹਲਵਾ ਨਹੀਂ ਮਿਲ ਰਿਹਾ’। ਆਓ ਇਸ ਬਹਾਨੇ ਜਾਣਦੇ ਹਾਂ ਕਿ ਅਰਬ ਵਿੱਚ ਪੈਦਾ ਹੋਇਆ ਹਲਵਾ ਕਿਵੇਂ ਭਾਰਤੀ ਸੰਸਕ੍ਰਿਤੀ ਵਿੱਚ ਇੰਨਾ ਰੱਲ-ਮਿਲ ਗਿਆ ਕਿ ਅੱਜ ਇਹ ਇੱਕ ਇੰਡੀਅਨ ਡਿਸ਼ ਬਣ ਗਈ ਹੈ।

‘ਹਲਵਾ’ ਅਰਬੀ ਸ਼ਬਦ ‘ਹੁਲਵ’ ਤੋਂ ਆਇਆ ਹੈ, ਜਿਸਦਾ ਅਰਥ ਹੈ ਮਿੱਠਾ। ਸ਼ੁਰੂ ਵਿਚ ਇਹ ਮਿਠਾਈ ਖਜੂਰ ਦੇ ਪੇਸਟ ਅਤੇ ਦੁੱਧ ਨਾਲ ਬਣਾਈ ਜਾਂਦੀ ਸੀ। ਅੱਜ ਵੀ, ਅਰਬੀ ਲੋਗ ਖਾਸ ਮਹਿਮਾਨਾਂ ਨੂੰ ਓਮਾਨੀ ਹਲਵਾ ਪਰੋਸਦੇ ਹਨ, ਜੋ ਕਿ ਸਟਾਰਚ, ਅੰਡੇ, ਚੀਨੀ, ਮੇਵੇ ਅਤੇ ਘਿਓ ਨਾਲ ਬਣਿਆ ਹੁੰਦਾ ਹੈ। ਅਰਬ ਦੇਸ਼ਾਂ ਅਤੇ ਪੱਛਮੀ ਏਸ਼ੀਆ ਵਿੱਚ ਇਸ ਮਿੱਠੇ ਨੂੰ ਹਲਾਵਾ, ਹਲੇਵੇਹ, ਹੇਲਵਾ, ਹਲਵਾਹ, ਹਾਲਵਾ, ਹੇਲਾਵਾ, ਹੇਲਵਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਸਭ ਤੋਂ ਪਹਿਲਾਂ ਕਿਸਨੇ ਬਣਾਇਆ ਹਲਵਾ ?

ਹਲਵੇ ਦੀ ਕਾਢ ਨੂੰ ਲੈ ਕੇ ਕਈ ਦਲੀਲਾਂ ਅਤੇ ਦਾਅਵੇ ਕੀਤੇ ਜਾਂਦੇ ਹਨ। ਇਕ ਰਿਪੋਰਟ ਮੁਤਾਬਕ, ਹਲਵਾ ਬਣਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤੁਰਕੀ ‘ਚ ਹੋਈ ਸੀ। ਰਾਜਧਾਨੀ ਇਸਤਾਂਬੁਲ ਦੇ ਕਈ ਦੁਕਾਨਦਾਰਾਂ ਦਾ ਦਾਅਵਾ ਹੈ ਕਿ ਹਲਵੇ ਦੀ ਕਾਢ ਅਤੇ ਸਭ ਤੋਂ ਪੁਰਾਣੀ ਰੇਸਿਪੀ ਉਨ੍ਹਾਂ ਦੇ ਕੋਲ ਹੀ ਬਣੀ ਸੀ। ‘ਹਿਸਟੋਕਿਲ ਡਿਕਸ਼ਨਰੀ ਆਫ਼ ਇੰਡੀਅਨ ਫੂਡ’ ਵਿੱਚ, ਭੋਜਨ ਇਤਿਹਾਸਕਾਰ ਕੇ. ਟੀ. ਅਚਾਯਾ ਲਿਖਦੇ ਹਨ ਕਿ ਜਦੋਂ ਹਲਵਾ ਪਹਿਲੀ ਵਾਰ ਅੰਗਰੇਜ਼ੀ ਭਾਸ਼ਾ ਵਿੱਚ ਆਇਆ, ਤਾਂ ਇਸਦੀ ਵਰਤੋਂ ਅਜਿਹੀ ਤੁਰਕੀ ਮਿਠਾਈ ਲਈ ਕੀਤੀ ਜਾਂਦੀ ਸੀ, ਜੋਪਿਸੇ ਹੋਏ ਤਿਲ ਅਤੇ ਸ਼ਹਿਦ ਨਾਲ ਬਣੀ ਹੁੰਦੀ ਸੀ ।

ਹਲਵੇ ਦੀ ਪਹਿਲੀ ਰੇਸਿਪੀ13ਵੀਂ ਸਦੀ ਦੀ ਅਰਬੀ ਕਿਤਾਬ ‘ਕਿਤਾਬ-ਅਲ-ਤਬੀਕ’ ਵਿੱਚ ਮਿਲਦੀ ਹੈ। ਇਹ ਪਕਵਾਨਾਂ ਦੀ ਇੱਕ ਕਿਤਾਬ ਹੈ, ਜੋ ਮੁਹੰਮਦ-ਇਬਨ-ਅਲ-ਹਸਨ-ਇਬਨ-ਅਲ-ਕਰੀਮ ਦੁਆਰਾ ਲਿਖੀ ਗਈ ਸੀ। ਇਸ ਵਿੱਚ ਅੱਠ ਤਰ੍ਹਾਂ ਦੇ ਹਲਵੇ ਦੀ ਰੇਸਿਪੀ ਦਿੱਤੀ ਗਈ ਹੈ।

ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਹਲਵੇ ਦੀ ਸ਼ੁਰੂਆਤ ਓਟੋਮਾਨ ਰਿਆਸਤ ਦੇ ਸੁਲਤਾਨ ਸੁਲੇਮਾਨ (1520-1566) ਦੀ ਰਸੋਈ ਤੋਂ ਹੋਈ ਸੀ। ਕਿਹਾ ਜਾਂਦਾ ਹੈ ਕਿ ਸੁਲਤਾਨ ਨੂੰ ਹਲਵਾ ਇੰਨਾ ਪਸੰਦ ਸੀ ਕਿ ਉਸ ਨੇ ਹਲਵੇ ਲਈ ਵੱਖਰੀ ਰਸੋਈ ਬਣਵਾਈ ਹੋਈ ਸੀ। ਇਸ ਰਸੋਈ ਨੂੰ ਹੇਲਵਾਹਨੇ ਜਾਂ ਮਿੱਠਾਈ ਵਾਲਾ ਕਮਰਾ ਵੀ ਕਿਹਾ ਜਾਂਦਾ ਸੀ।

ਭਾਰਤ ਵਿੱਚ ਕਦੋਂ ਅਤੇ ਕਿਵੇਂ ਆਇਆ ਹਲਵਾ ?

ਅਰਬ ਦਾ ਹਲਵਾ ਭਾਰਤ ਵਿੱਚ ਦਿੱਲੀ ਸਲਤਨਤ ਦੌਰਾਨ ਆਇਆ ਸੀ। ‘ਫੀਸਟਸ ਐਂਡ ਫਾਸਟਸ’ ਦੇ ਅਨੁਸਾਰ, ਭਾਰਤ ਵਿੱਚ ਹਲਵਾ 13ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ 16ਵੀਂ ਸਦੀ ਦੇ ਮੱਧ ਤੱਕ ਆਇਆ ਹੋਵੇਗਾ। ਮਾਲਵਾ ਦੇ ਸੁਲਤਾਨ ਲਈ 1500 ਵਿਚ ਲਿਖੀ ਗਈ ਕਿਤਾਬ ‘ਨਿਮਤਨਾਮਾ, ਜਾਂ ਦਿ ਬੁੱਕ ਆਫ਼ ਡਿਲਾਈਟਸ’ ਵਿਚ ਹਲਵੇ ਅਤੇ ਇਸਦੀ ਰੇਸਿਪੀ ਦਾ ਜ਼ਿਕਰ ਕੀਤਾ ਗਿਆ ਹੈ।

ਲਖਨਊ ਦੇ ਇਤਿਹਾਸਕਾਰ ਅਬਦੁਲ ਹਲੀਮ ਸ਼ਰਰ ਨੇ ਆਪਣੀ ਕਿਤਾਬ ‘ਗੁਜਿਸ਼ਤਾ ਲਖਨਊ’ ਵਿੱਚ ਲਿਖਿਆ ਹੈ ਕਿ ਹਲਵਾ ਅਰਬੀ ਦੇਸ਼ਾਂ ਤੋਂ ਫਾਰਸ ਦੇ ਰਸਤੇ ਭਾਰਤ ਆਇਆ ਸੀ। ਜਦੋਂ ਕਿ ਇਤਿਹਾਸਕਾਰ ਲਿਲੀ ਸਵਰਨ ਦਾ ਮੰਨਣਾ ਹੈ ਕਿ ਹਲਵਾ ਸੀਰੀਆ ਅਤੇ ਅਫਗਾਨਿਸਤਾਨ ਦੇ ਰਸਤੇ ਭਾਰਤ ਆਇਆ। ਆਪਣੀ ਕਿਤਾਬ Different Truth ਵਿੱਚ ਉਹ ਲਿਖਦੇ ਹਨ ਕਿ ਹਲਵਾ ਸੀਰੀਆ ਰਾਹੀਂ ਅਫਗਾਨਿਸਤਾਨ ਆਇਆ। ਫਿਰ 16ਵੀਂ ਸਦੀ ਵਿੱਚ, ਮੁਗਲ ਬਾਦਸ਼ਾਹਾਂ ਦੀਆਂ ਰਸੋਈਆਂ ਵਿੱਚੋਂ ਹਲਵਾ ਪੂਰੇ ਭਾਰਤ ਵਿੱਚ ਪ੍ਰਸਿੱਧ ਹੋ ਗਿਆ।

ਭਾਰਤ ਵਿੱਚ ਗਾਜਰ ਦਾ ਹਲਵਾ ਮਸ਼ਹੂਰ ਬਣਾਉਣ ਵਿੱਚ ਮੁਗਲਾਂ ਦਾ ਵੀ ਹੱਥ ਰਿਹਾ ਹੈ। ਗਾਜਰ ਸਭ ਤੋਂ ਪਹਿਲਾਂ ਫਾਰਸ ਅਤੇ ਅਫਗਾਨਿਸਤਾਨ ਤੋਂ ਭਾਰਤ ਵਿੱਚ ਲਿਆਈ ਗਈ ਸੀ। ਰਿਪੋਰਟ ਮੁਤਾਬਕ ਭਾਰਤ ‘ਚ ਸਦੀਆਂ ਤੋਂ ਗਾਜਰਾਂ ਦੀ ਕਾਸ਼ਤ ਕੀਤੀ ਜਾਂਦੀ ਰਹੀ ਹੈ ਅਤੇ ਬਾਦਸ਼ਾਹਾਂ ਅਤੇ ਰਾਜਿਆਂ ਦੀਆਂ ਰਸੋਈਆਂ ‘ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਮੁਗਲ ਕਾਲ ਦੌਰਾਨ ਇਸ ਨੂੰ ਵੱਡੀ ਆਬਾਦੀ ਦੀ ਖੁਰਾਕ ਵਜੋਂ ਮਾਨਤਾ ਮਿਲੀ। ਮੁਗਲ ਸਾਮਰਾਜ ਦੇ ਸੰਸਥਾਪਕ ਦੀ ਧੀ ਅਤੇ ਸਮਰਾਟ ਹੁਮਾਯੂੰ ਦੀ ਭੈਣ ਗੁਲਬਦਨ ਬੇਗਮ ਆਪਣੇ “ਹਲਵਾ-ਏ ਜ਼ਰਦਕ” (ਗਾਜਰ ਦੇ ਹਲਵੇ) ਲਈ ਜਾਣੀ ਜਾਂਦੀ ਸੀ।

Exit mobile version