ਸੰਸਦ ਦਾ ਸਰਦ ਰੁੱਤ ਸੈਸ਼ਨ 25 ਨਵੰਬਰ ਤੋਂ ਹੋਵੇਗਾ ਸ਼ੁਰੂ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਦਿੱਤੀ ਜਾਣਕਾਰੀ
ਸੰਸਦ ਦਾ ਸਰਦ ਰੁੱਤ ਸੈਸ਼ਨ 25 ਨਵੰਬਰ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਮਨਾਈ ਜਾਵੇਗੀ। ਇਸ ਦੌਰਾਨ ਵਨ ਨੇਸ਼ਨ ਵਨ ਇਲੈਕਸ਼ਨ ਅਤੇ ਵਕਫ ਬਿੱਲ ਵਰਗੇ ਅਹਿਮ ਬਿੱਲ ਪੇਸ਼ ਕੀਤੇ ਜਾਣਗੇ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਜਾਣਕਾਰੀ ਦਿੱਤੀ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 25 ਨਵੰਬਰ ਤੋਂ ਸ਼ੁਰੂ ਹੋਵੇਗਾ। ਕੇਂਦਰੀ ਮੰਤਰੀ ਨੇ ਆਪਣੇ ਐਕਸ ਅਕਾਊਂਟ ‘ਤੇ ਪੋਸਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਇਹ ਸੈਸ਼ਨ 20 ਦਸੰਬਰ ਤੱਕ ਚੱਲੇਗਾ ਅਤੇ ਇਸ ਦੌਰਾਨ ਸੰਸਦ ਵਿੱਚ ਕਈ ਅਹਿਮ ਬਿੱਲ ਪੇਸ਼ ਕੀਤੇ ਜਾਣਗੇ। ਇਸ ਦੌਰਾਨ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਵੀ ਮਨਾਈ ਜਾਵੇਗੀ।
ਇਸ ਸੈਸ਼ਨ ‘ਚ ਸਰਕਾਰ ਕਈ ਅਹਿਮ ਬਿੱਲ ਪੇਸ਼ ਕਰਨ ਜਾ ਰਹੀ ਹੈ, ਜਿਸ ‘ਚ ਵਨ ਨੇਸ਼ਨ ਵਨ ਇਲੈਕਸ਼ਨ ਅਤੇ ਵਕਫ ਬਿੱਲ ਵਰਗੇ ਬਿੱਲ ਸ਼ਾਮਲ ਹਨ, ਜਿਨ੍ਹਾਂ ਦਾ ਵਿਰੋਧੀ ਧਿਰ ਪਹਿਲਾਂ ਹੀ ਵਿਰੋਧ ਕਰਨ ਦਾ ਐਲਾਨ ਕਰ ਚੁੱਕੀ ਹੈ।
ਸੰਵਿਧਾਨ ਦੀ 75ਵੀਂ ਵਰ੍ਹੇਗੰਢ
ਸੰਸਦ ਦੇ ਇਸ ਸੈਸ਼ਨ ‘ਚ ਦੇਸ਼ ਦੇ ਸੰਵਿਧਾਨ ਨੂੰ ਲਾਗੂ ਹੋਣ ਦੇ 75 ਸਾਲ ਪੂਰੇ ਹੋਣ ‘ਤੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇਸ ਦਾ ਆਯੋਜਨ ਸੰਵਿਧਾਨ ਸਦਨ ਦੇ ਸੈਂਟਰਲ ਹਾਲ ‘ਚ ਕੀਤਾ ਜਾਵੇਗਾ, ਪੁਰਾਣੇ ਸੰਸਦ ਭਵਨ ਨੂੰ ਸੰਵਿਧਾਨ ਸਦਨ ਕਿਹਾ ਜਾਂਦਾ ਹੈ। ਵਰ੍ਹੇਗੰਢ ਮਨਾਉਣ ਲਈ ਸੰਸਦ ਦੀ ਸਾਂਝੀ ਮੀਟਿੰਗ ਵੀ ਬੁਲਾਈ ਜਾਵੇਗੀ।
ਕਈ ਅਹਿਮ ਬਿੱਲ ਕੀਤੇ ਜਾਣਗੇ ਪੇਸ਼
ਸੈਸ਼ਨ ‘ਚ ਸਰਕਾਰ ਕਈ ਮਹੱਤਵਪੂਰਨ ਬਿੱਲਾਂ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਕਰੇਗੀ, ਜਿਨ੍ਹਾਂ ‘ਚ ਵਨ ਨੇਸ਼ਨ ਵਨ ਇਲੈਕਸ਼ਨ ਅਤੇ ਵਕਫ ਪ੍ਰਾਪਰਟੀ ਬਿੱਲ ਪ੍ਰਮੁੱਖ ਹਨ। ਵਿਰੋਧੀ ਧਿਰ ਇੰਡੀਆ ਅਲਾਇੰਸ ਨੇ ਇਨ੍ਹਾਂ ਦੋਵਾਂ ਬਿੱਲਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ, ਜਿਸ ਕਾਰਨ ਸਦਨ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਵਕਫ਼ ਜਾਇਦਾਦ ਬਿੱਲ ਨੂੰ ਲੈ ਕੇ ਹਰ ਕਿਸੇ ਦੀਆਂ ਨਜ਼ਰਾਂ ਐਨਡੀਏ ਦੇ ਦੋ ਮੁੱਖ ਹਿੱਸੇ ਟੀਡੀਪੀ ਅਤੇ ਜੇਡੀਯੂ ਤੇ ਟਿਕੀਆਂ ਹੋਈਆਂ ਹਨ। ਕੁਝ ਦਿਨ ਪਹਿਲਾਂ ਮੁਸਲਿਮ ਸੰਗਠਨਾਂ ਨੇ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਇਸ ਦਾ ਸਮਰਥਨ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ਮੁੱਦੇ ‘ਤੇ ਟੀਡੀਪੀ ਦੇ ਇਕ ਨੇਤਾ ਨੇ ਕਿਹਾ ਸੀ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਇਸ ਬਿੱਲ ਦਾ ਸਮਰਥਨ ਨਹੀਂ ਕਰਨਗੇ। ਇਸੇ ਤਰ੍ਹਾਂ ਜੇਡੀਯੂ ਕੈਂਪ ਤੋਂ ਵੀ ਇਸ ਬਿੱਲ ਦਾ ਵਿਰੋਧ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ
ਵਿਦੇਸ਼ ਮੰਤਰੀ ਦੇਣਗੇ ਬਿਆਨ
ਸਦਨ ਦੇ ਇਸ ਸੈਸ਼ਨ ਵਿੱਚ ਵਿਦੇਸ਼ ਮੰਤਰੀ ਸ. ਜੈਸ਼ੰਕਰ ਚੀਨ ਨਾਲ ਹੋਏ ਸਮਝੌਤਿਆਂ ‘ਤੇ ਸੰਸਦ ‘ਚ ਬਿਆਨ ਦੇਣਗੇ ਅਤੇ ਇਸ ਮਾਮਲੇ ‘ਤੇ ਸਦਨ ਨੂੰ ਵਿਸਥਾਰਪੂਰਵਕ ਜਾਣਕਾਰੀ ਦੇਣਗੇ। ਪੂਰਬੀ ਲੱਦਾਖ ‘ਚ ਚੱਲ ਰਹੇ ਤਣਾਅ ਨੂੰ ਖਤਮ ਕਰਨ ਲਈ ਅਕਤੂਬਰ ‘ਚ ਭਾਰਤ ਅਤੇ ਚੀਨ ਵਿਚਾਲੇ ਸਮਝੌਤਾ ਹੋਇਆ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੇ 2020 ਦੀ ਸਥਿਤੀ ਨੂੰ ਬਹਾਲ ਕਰ ਲਿਆ ਹੈ।