BRICS Summit: ਦਿੱਲੀ ਪਹੁੰਚੇ ਰਾਸ਼ਟਰਪਤੀ ਪੁਤਿਨ, ਮੰਤਰੀ ਕੀਰਤੀਵਰਧਨ ਸਿੰਘ ਨੇ ਕੀਤਾ ਸਵਾਗਤ; ਅੱਜ PM ਮੋਦੀ ਨਾਲ ਹੋਵੇਗੀ ਅਹਿਮ ਬੈਠਕ

Updated On: 

11 Sep 2026 07:02 AM IST

BRICS Summit: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇਰ ਰਾਤ ਤਿੰਨ ਰੋਜ਼ਾ ਅਧਿਕਾਰਤ ਦੌਰੇ 'ਤੇ ਭਾਰਤ ਪਹੁੰਚ ਗਏ ਹਨ। ਆਪਣੇ ਇਸ ਅਹਿਮ ਦੌਰੇ ਦੌਰਾਨ ਉਹ ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ 18ਵੇਂ ਬ੍ਰਿਕਸ ਸਿਖ਼ਰ ਸੰਮੇਲਨ (BRICS Summit 2026) ਵਿੱਚ ਹਿੱਸਾ ਲੈਣਗੇ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉੱਚ ਪੱਧਰੀ ਦੁਵੱਲੀ ਬੈਠਕ ਕਰਨਗੇ।

BRICS Summit: ਦਿੱਲੀ ਪਹੁੰਚੇ ਰਾਸ਼ਟਰਪਤੀ ਪੁਤਿਨ, ਮੰਤਰੀ ਕੀਰਤੀਵਰਧਨ ਸਿੰਘ ਨੇ ਕੀਤਾ ਸਵਾਗਤ; ਅੱਜ PM ਮੋਦੀ ਨਾਲ ਹੋਵੇਗੀ ਅਹਿਮ ਬੈਠਕ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇਰ ਰਾਤ ਤਿੰਨ ਰੋਜ਼ਾ ਅਧਿਕਾਰਤ ਦੌਰੇ ‘ਤੇ ਭਾਰਤ ਪਹੁੰਚ ਗਏ ਹਨ। ਆਪਣੇ ਇਸ ਅਹਿਮ ਦੌਰੇ ਦੌਰਾਨ ਉਹ ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ 18ਵੇਂ ਬ੍ਰਿਕਸ ਸਿਖ਼ਰ ਸੰਮੇਲਨ (BRICS Summit 2026) ਵਿੱਚ ਹਿੱਸਾ ਲੈਣਗੇ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉੱਚ ਪੱਧਰੀ ਦੁਵੱਲੀ ਬੈਠਕ ਕਰਨਗੇ। ਪੁਤਿਨ ਦੇ ਆਉਣ ਤੋਂ ਪਹਿਲਾਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੁਰੋਵ ਵੀ ਭਾਰਤ ਪਹੁੰਚ ਚੁੱਕੇ ਹਨ।

ਰੂਸੀ ਰਾਸ਼ਟਰਪਤੀ ਭਵਨ ਕ੍ਰੈਮਲਿਨ ਦੇ ਸੀਨੀਅਰ ਅਧਿਕਾਰੀ ਯੂਰੀ ਉਸ਼ਾਕੋਵ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਸ਼ੁੱਕਰਵਾਰ (ਅੱਜ) ਰਾਸ਼ਟਰਪਤੀ ਪੁਤਿਨ ਸਾਲਾਨਾ ਬ੍ਰਿਕਸ ਬਿਜ਼ਨਸ ਫ਼ੋਰਮ ਦੇ ਪੂਰਨ ਸੈਸ਼ਨ (ਪਲੇਨਰੀ ਸੈਸ਼ਨ) ਨੂੰ ਸੰਬੋਧਨ ਕਰਨਗੇ। ਇਹ ਸੈਸ਼ਨ ਰਵਾਇਤੀ ਤੌਰ ‘ਤੇ ਮੁੱਖ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਕਰਵਾਇਆ ਜਾਂਦਾ ਹੈ ਅਤੇ ਇਹ ਬ੍ਰਿਕਸ ਮੈਂਬਰ ਮੁਲਕਾਂ ਦੇ ਵਪਾਰਕ ਨੁਮਾਇੰਦਿਆਂ ਵਿਚਾਲੇ ਆਪਸੀ ਗੱਲਬਾਤ ਅਤੇ ਸਹਿਯੋਗ ਵਧਾਉਣ ਦਾ ਪ੍ਰਮੁੱਖ ਮੰਚ ਹੈ।

ਪਾਲਮ ਹਵਾਈ ਅੱਡੇ ‘ਤੇ ਰਾਸ਼ਟਰਪਤੀ ਪੁਤਿਨ ਦਾ ਨਿੱਘਾ ਸਵਾਗਤ

ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ 18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਪੁੱਜੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੀ ਧਰਤੀ ‘ਤੇ ਨਿੱਘਾ ਸਵਾਗਤ ਹੈ। ਦਿੱਲੀ ਦੇ ਪਾਲਮ ਏਅਰਪੋਰਟ ‘ਤੇ ਕੇਂਦਰੀ ਰਾਜ ਮੰਤਰੀ ਅਤੇ ਗੋਂਡਾ ਤੋਂ ਸੰਸਦ ਮੈਂਬਰ ਕੇ.ਵੀ. ਸਿੰਘ ਨੇ ਉਨ੍ਹਾਂ ਦੀ ਅਗਵਾਈ ਕਰਦਿਆਂ ਰਸਮੀ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਅਨੁਸਾਰ ਭਾਰਤ ਅਤੇ ਰੂਸ ਵਿਚਾਲੇ ਬਹੁ-ਪੱਖੀ ਅਤੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਇਤਿਹਾਸਕ ਸਬੰਧ ਹਨ, ਜੋ ਕਿ ‘ਵਿਸ਼ੇਸ਼ ਅਤੇ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ’ ਦੀ ਮਜ਼ਬੂਤ ਨੀਂਹ ‘ਤੇ ਆਧਾਰਿਤ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਵਾਰਤਾ

ਯੂਰੀ ਉਸ਼ਾਕੋਵ ਨੇ ਦੱਸਿਆ ਕਿ ਅੱਜ ਹੀ ਰੂਸੀ ਰਾਸ਼ਟਰਪਤੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਦੁਵੱਲੀ ਬੈਠਕ ਹੋਵੇਗੀ। ਇਸ ਤੋਂ ਇਲਾਵਾ ਦੋਵੇਂ ਆਗੂ ਦੋਵਾਂ ਦੇਸ਼ਾਂ ਦੇ ਉਦਯੋਗ ਅਤੇ ਵਪਾਰ ਮੰਤਰਾਲਿਆਂ ਵੱਲੋਂ ਸਾਂਝੇ ਤੌਰ ‘ਤੇ ਲਗਾਈ ਗਈ ‘ਇਨੋਪ੍ਰੋਮ ਇੰਡੀਆ ਪ੍ਰਦਰਸ਼ਨੀ’ ਦਾ ਦੌਰਾ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਸੰਮੇਲਨ ਦਾ ਮੁੱਖ ਪ੍ਰੋਗਰਾਮ 12 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਬ੍ਰਿਕਸ ਮੁਲਕਾਂ ਦੇ ਸਿਖ਼ਰਲੇ ਆਗੂਆਂ ਦੀ ਸਾਂਝੀ ਬੈਠਕ ਹੋਵੇਗੀ।

ਕਈ ਕੌਮਾਂਤਰੀ ਆਗੂਆਂ ਨਾਲ ਕਰਨਗੇ ਉੱਚ-ਪੱਧਰੀ ਮੁਲਾਕਾਤਾਂ

ਸੰਮੇਲਨ ਦੌਰਾਨ ਭਾਰਤ ਦੀ ਪ੍ਰਧਾਨਗੀ ਹੇਠ ਪ੍ਰਸਤਾਵਿਤ ਵੱਖ-ਵੱਖ ਪਹਿਲਕਦਮੀਆਂ ਅਤੇ ਰਾਜਨੀਤੀ, ਸੁਰੱਖਿਆ, ਆਰਥਿਕਤਾ, ਵਿੱਤ ਸਮੇਤ ਸੱਭਿਆਚਾਰਕ ਤੇ ਮਾਨਵੀ ਖੇਤਰਾਂ ਵਿੱਚ ਬ੍ਰਿਕਸ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਗੂੜ੍ਹਾ ਕਰਨ ‘ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਲੋਬਲ ਆਗੂ ਮੌਜੂਦਾ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ‘ਤੇ ਵੀ ਵਿਚਾਰ ਵਟਾਂਦਰਾ ਕਰਨਗੇ। ਸੰਮੇਲਨ ਤੋਂ ਇਲਾਵਾ ਪੁਤਿਨ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫ਼ਤਾਹ ਅਲ-ਸੀਸੀ ਸਮੇਤ ਕਈ ਆਲਮੀ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ।

ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ ਦਾ ਪੂਰਾ ਸ਼ਡਿਊਲ

ਅੱਜ ਤੋਂ 13 ਸਤੰਬਰ ਤੱਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਵਿੱਚ ਰਹਿਣਗੇ ਅਤੇ 18ਵੇਂ ਬ੍ਰਿਕਸ ਸੰਮੇਲਨ ਦੀਆਂ ਕਾਰਵਾਈਆਂ ਵਿੱਚ ਹਿੱਸਾ ਲੈਣਗੇ।

  • ਅੱਜ ਪੁਤਿਨ ਬ੍ਰਿਕਸ ਬਿਜ਼ਨਸ ਫ਼ੋਰਮ ਦੇ ਪਲੇਨਰੀ ਸੈਸ਼ਨ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਨਗੇ।
  • ਅੱਜ ਦੁਪਹਿਰ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਅਹਿਮ ਦੁਵੱਲੀ ਵਾਰਤਾ ਹੋਵੇਗੀ।
  • ਦੋਵੇਂ ਆਗੂ ਮਿਲ ਕੇ ਦੋਵਾਂ ਦੇਸ਼ਾਂ ਦੇ ਉਦਯੋਗ ਅਤੇ ਵਪਾਰ ਮੰਤਰਾਲਿਆਂ ਵੱਲੋਂ ਲਗਾਈ ‘ਇਨੋਪ੍ਰੋਮ ਇੰਡੀਆ ਪ੍ਰਦਰਸ਼ਨੀ’ ਦਾ ਜਾਇਜ਼ਾ ਲੈਣਗੇ।
  • 12 ਸਤੰਬਰ ਨੂੰ ਬ੍ਰਿਕਸ ਸੰਮੇਲਨ ਦਾ ਮੁੱਖ ਪੜਾਅ ਸ਼ੁਰੂ ਹੋਵੇਗਾ, ਜਿਸ ਵਿੱਚ ਭਾਰਤ ਦੀ ਅਗਵਾਈ ਅਧੀਨ ਤੈਅ ਏਜੰਡਿਆਂ ‘ਤੇ ਵਿਚਾਰ ਕੀਤਾ ਜਾਵੇਗਾ।
  • ਬੈਠਕ ਵਿੱਚ ਰਾਜਨੀਤੀ, ਸੁਰੱਖਿਆ, ਵਪਾਰ, ਵਿੱਤ ਅਤੇ ਸੱਭਿਆਚਾਰਕ ਮਾਮਲਿਆਂ ਵਿੱਚ ਸਹਿਯੋਗ ਮਜ਼ਬੂਤ ਕਰਨ ਦਾ ਖ਼ਾਕਾ ਤਿਆਰ ਕੀਤਾ ਜਾਵੇਗਾ।
  • ਮੌਜੂਦਾ ਵਿਸ਼ਵ ਵਿਵਸਥਾ ਅਤੇ ਖੇਤਰੀ ਸਥਿਤੀਆਂ ‘ਤੇ ਨੇਤਾਵਾਂ ਵਿਚਾਲੇ ਵਿਸਥਾਰਤ ਚਰਚਾ ਹੋਵੇਗੀ।
  • 13 ਸਤੰਬਰ ਨੂੰ ‘ਵਿਸਥਾਰਤ ਬ੍ਰਿਕਸ’ (ਐਕਸਪੈਂਡਿਡ ਬ੍ਰਿਕਸ) ਬੈਠਕ ਹੋਵੇਗੀ, ਜਿਸ ਵਿੱਚ ਮੈਂਬਰ ਦੇਸ਼ਾਂ ਦੇ ਨਾਲ-ਨਾਲ ਭਾਈਵਾਲ ਮੁਲਕਾਂ, ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁਖੀ ਸ਼ਾਮਲ ਹੋਣਗੇ।
  • ਸੰਮੇਲਨ ਦੌਰਾਨ ਹੋਏ ਮੁੱਖ ਸਮਝੌਤਿਆਂ ਅਤੇ ਸਹਿਮਤੀਆਂ ਨੂੰ ਅੰਤਿਮ ਦਸਤਾਵੇਜ਼ (ਫ਼ਾਈਨਲ ਡੌਕੂਮੈਂਟ) ਵਜੋਂ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
  • ਪੁਤਿਨ ਭਾਰਤ ਦੌਰੇ ਦੌਰਾਨ ਹੋਰਨਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਨਾਲ ਵੀ ਕਈ ਅਹਿਮ ਮੀਟਿੰਗਾਂ ਕਰਨਗੇ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਸੰਮੇਲਨ ‘ਚ ਲੈਣਗੇ ਹਿੱਸਾ

ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਬ੍ਰਿਕਸ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਪਹੁੰਚ ਰਹੇ ਹਨ। ਪਿਛਲੇ ਸੱਤ ਸਾਲਾਂ ਵਿੱਚ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੋਵੇਗਾ। ਕੂਟਨੀਤਕ ਮਾਹਿਰਾਂ ਵੱਲੋਂ ਇਸ ਨੂੰ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਕੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਮੁੜ ਲੀਹ ‘ਤੇ ਲਿਆਉਣ ਦੇ ਇੱਕ ਅਹਿਮ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਕਰਨਗੇ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੁਨੀਆ ਭੂ-ਰਾਜਨੀਤਕ ਉਥਲ-ਪੁਥਲ ਦੇ ਦੌਰ ਵਿੱਚੋਂ ਲੰਘ ਰਹੀ ਹੈ।

ਅਰੁਣਾਚਲ ਪ੍ਰਦੇਸ਼ ਸਰਹੱਦ ‘ਤੇ ਤਣਾਅ ਵਿਚਾਲੇ ਦੌਰਾ

ਚੀਨੀ ਰਾਸ਼ਟਰਪਤੀ ਦਾ ਇਹ ਦੋ ਰੋਜ਼ਾ ਦੌਰਾ ਹਾਲ ਹੀ ਵਿੱਚ ਦੋਹਾਂ ਮੁਲਕਾਂ ਦਰਮਿਆਨ ਹੋਈਆਂ ਕਈ ਉੱਚ-ਪੱਧਰੀ ਕੂਟਨੀਤਕ ਬੈਠਕਾਂ ਤੋਂ ਬਾਅਦ ਹੋ ਰਿਹਾ ਹੈ। ਇਸ ਵਿੱਚ ਬੀਜਿੰਗ ਵਿਖੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਵੀ ਸ਼ਾਮਲ ਰਹੀ ਹੈ। ਇਹ ਫੇਰੀ ਅਜਿਹੇ ਮਾਹੌਲ ਵਿੱਚ ਹੋ ਰਹੀ ਹੈ ਜਦੋਂ ਅਰੁਣਾਚਲ ਪ੍ਰਦੇਸ਼ ਸੈਕਟਰ ਵਿੱਚ ਚੀਨ ਦੀਆਂ ਹਮਲਾਵਰ ਫ਼ੌਜੀ ਸਰਗਰਮੀਆਂ ਨੂੰ ਲੈ ਕੇ ਸਰਹੱਦ ‘ਤੇ ਚਿੰਤਾਵਾਂ ਬਣੀਆਂ ਹੋਈਆਂ ਹਨ।

ਵਿਸ਼ਵ ਆਗੂਆਂ ਨਾਲ PM ਮੋਦੀ ਦੀਆਂ ਵੱਖ-ਵੱਖ ਬੈਠਕਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਹੋਰ ਕਈ ਆਲਮੀ ਨੇਤਾਵਾਂ ਨਾਲ ਵੱਖੋ-ਵੱਖਰੀਆਂ ਦੁਵੱਲੀਆਂ ਮੀਟਿੰਗਾਂ ਕਰਨਗੇ। ਨਿਰਧਾਰਿਤ ਪ੍ਰੋਗਰਾਮ ਅਨੁਸਾਰ ਰਾਸ਼ਟਰਪਤੀ ਪੁਤਿਨ ਨਾਲ ਉਨ੍ਹਾਂ ਦੀ ਬੈਠਕ ਅੱਜ ਦੁਪਹਿਰ 3:30 ਵਜੇ ਹੋਵੇਗੀ, ਜਦਕਿ ਈਰਾਨ ਦੇ ਰਾਸ਼ਟਰਪਤੀ ਪੇਜ਼ੇਸ਼ਕੀਅਨ ਨਾਲ ਉਹ ਸ਼ਾਮ 6:15 ਵਜੇ ਗੱਲਬਾਤ ਕਰਨਗੇ।

Loading...
Unable to load recommendations.
Follow Us
Related Stories