ਸਫਾਈ ਵਿੱਚ ਇੰਦੌਰ ਦਾ ਤਾਜ ਬਰਕਰਾਰ, ਨੋਇਡਾ ਨੇ ਵੀ ਮਾਰੀ ਬਾਜ਼ੀ, ਸਿਟੀ ਬਿਊਟੀਫੁੱਲ ਕਿੰਨੇ ਨੰਬਰ ਤੇ, ਜਾਣੋ
Swachh Bharat Survekshan: ਸਵੱਛ ਭਾਰਤ ਸਰਵੇਖਣ 2024 ਦੇ ਨਤੀਜੇ ਐਲਾਨ ਦਿੱਤੇ ਗਏ ਹਨ, ਜਿਸ ਵਿੱਚ ਇੰਦੌਰ ਨੇ ਲਗਾਤਾਰ ਅੱਠਵੀਂ ਵਾਰ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸੂਰਤ ਅਤੇ ਨਵੀਂ ਮੁੰਬਈ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਇਸ ਸਾਲ, ਸਰਵੇਖਣ ਨੇ ਆਬਾਦੀ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਹਿਰਾਂ ਦਾ ਮੁਲਾਂਕਣ ਕੀਤਾ। ਨੋਇਡਾ, ਚੰਡੀਗੜ੍ਹ ਅਤੇ ਨਵੀਂ ਦਿੱਲੀ ਸਮੇਤ ਹੋਰ ਸ਼ਹਿਰਾਂ ਨੇ ਵੀ ਆਪਣੀਆਂ-ਆਪਣੀਆਂ ਸ਼੍ਰੇਣੀਆਂ ਵਿੱਚ ਬਾਜ਼ੀ ਮਾਰੀ ਹੈ।
Photo Credit: Social Media
ਸਵੱਛ ਭਾਰਤ ਸਰਵੇਖਣ ਦੇ ਨਤੀਜੇ ਅੱਜ ਯਾਨੀ 17 ਜੁਲਾਈ ਨੂੰ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਨਤੀਜਿਆਂ ਵਿੱਚ, ਇੱਕ ਵਾਰ ਫਿਰ ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਟਾਪ ਤੇ ਆਇਆ ਹੈ। ਜਦੋਂ ਕਿ ਸੂਰਤ ਦੂਜੇ ਅਤੇ ਨਵੀਂ ਮੁੰਬਈ ਤੀਜੇ ਸਥਾਨ ‘ਤੇ ਆਇਆ ਹੈ। ਹਰ ਸਾਲ ਦੇ ਉਲਟ, ਇਸ ਸਾਲ ਇਸਨੂੰ ਆਬਾਦੀ ਦੇ ਆਧਾਰ ‘ਤੇ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਹ ਪੂਰਾ ਪ੍ਰੋਗਰਾਮ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਕੀਤਾ ਗਿਆ ਸੀ।
ਇੰਦੌਰ ਨੇ ਲਗਾਤਾਰ ਅੱਠਵੀਂ ਵਾਰ ਸਫਾਈ ਦਾ ਤਾਜ ਬਰਕਰਾਰ ਰੱਖਿਆ ਹੈ। ਸੂਰਤ ਨੇ ਪਿਛਲੇ ਸਾਲ ਵੀ ਇੰਦੌਰ ਨਾਲ ਸਫਾਈ ਪੁਰਸਕਾਰ ਸਾਂਝਾ ਕੀਤਾ ਸੀ। ਹਾਲਾਂਕਿ, ਇਸ ਵਾਰ ਸੂਰਤ ਦੂਜੇ ਸਥਾਨ ‘ਤੇ ਆਇਆ ਹੈ।
ਇਸ ਵਾਰ ਸੁਪਰ ਸਵੱਛ ਲੀਗ ਨੂੰ 5 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚ 10 ਲੱਖ ਤੋਂ ਵੱਧ ਆਬਾਦੀ ਵਾਲੇ ਸਥਾਨ, 3 ਤੋਂ 10 ਲੱਖ ਦੀ ਆਬਾਦੀ, 50 ਹਜ਼ਾਰ ਤੋਂ 3 ਲੱਖ ਦੀ ਆਬਾਦੀ, 20 ਤੋਂ 50 ਹਜ਼ਾਰ ਦੀ ਆਬਾਦੀ, 20 ਹਜ਼ਾਰ ਤੋਂ ਘੱਟ ਦੀ ਆਬਾਦੀ ਸ਼ਾਮਲ ਹੈ।
ਇਹ ਇੱਕ ਵੱਖਰਾ ਯੁੱਗ ਹੈ – ਵਿਜੇਵਰਗੀਆ
ਇੰਦੌਰ ਨੇ ਅੱਠਵੀਂ ਵਾਰ ਸਫਾਈ ਪੁਰਸਕਾਰ ਜਿੱਤਿਆ ਹੈ, ਇੰਦੌਰ ਦੇ ਮੇਅਰ ਪੁਸ਼ਯਮਿੱਤਰ ਭਾਰਗਵ ਅਤੇ ਮੰਤਰੀ ਕੈਲਾਸ਼ ਵਿਜੇਵਰਗੀਆ ਪੁਰਸਕਾਰ ਲੈਣ ਲਈ ਪਹੁੰਚੇ। ਵਿਜੇਵਰਗੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਸੁਪਰ ਕਲੀਨ ਇੰਦੌਰ, ਇਹ ਇੱਕ ਵੱਖਰਾ ਯੁੱਗ ਹੈ !!! ਅੱਜ ਮੈਨੂੰ ਨਵੀਂ ਦਿੱਲੀ ਵਿੱਚ ਮਹਾਮਹਿਮ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਤੋਂ ਸਵੱਛਤਾ ਸਰਵੇਖਣ 2024 ਦੇ ਤਹਿਤ ਪੁਰਸਕਾਰ ਪ੍ਰਾਪਤ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ।
ਅੱਗੇ ਲਿਖਿਆ ਕਿ ਇੰਦੌਰ ਨੂੰ ਲਗਾਤਾਰ ਅੱਠਵੀਂ ਵਾਰ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਦਾ ਪੁਰਸਕਾਰ ਮਿਲਿਆ ਹੈ। ਇਸ ਦੇ ਨਾਲ ਹੀ, ਮੱਧ ਪ੍ਰਦੇਸ਼ ਨੂੰ ਹੋਰ ਸ਼੍ਰੇਣੀਆਂ ਵਿੱਚ ਵੀ ਪੁਰਸਕਾਰ ਮਿਲੇ ਹਨ। ਸਾਰੇ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ।
ਇਹ ਵੀ ਪੜ੍ਹੋ
ਨੋਇਡਾ ਨੇ ਮਾਰੀ ਬਾਜ਼ੀ ਤਾਂ ਚੰਡੀਗੜ੍ਹ ਵੀ ਦੂਜੇ ਸਥਾਨ ਤੇ
ਸੁਪਰ ਸਵੱਛ ਲੀਗ ਵਿੱਚ, ਨੋਇਡਾ ਨੇ 3 ਤੋਂ 10 ਲੱਖ ਦੀ ਆਬਾਦੀ ਦੀ ਸ਼੍ਰੇਣੀ ਵਿੱਚ ਬਾਜ਼ੀ ਮਾਰੀ ਹੈ। ਇਸ ਤੋਂ ਇਲਾਵਾ, ਚੰਡੀਗੜ੍ਹ ਦੂਜੇ ਸਥਾਨ ‘ਤੇ, ਮੈਸੂਰ ਤੀਜੇ ਸਥਾਨ ‘ਤੇ, ਉਜੈਨ ਚੌਥੇ ਸਥਾਨ ‘ਤੇ, ਗਾਂਧੀਨਗਰ ਪੰਜਵੇਂ ਸਥਾਨ ‘ਤੇ ਅਤੇ ਗੁੰਟੂਰ ਛੇਵੇਂ ਸਥਾਨ ‘ਤੇ ਰਿਹਾ ਹੈ।
ਇਨ੍ਹਾਂ ਸ਼ਹਿਰਾਂ ਨੇ ਵੀ ਗੱਡੇ ਝੰਡੇ
50 ਹਜ਼ਾਰ ਤੋਂ 3 ਲੱਖ ਦੀ ਆਬਾਦੀ ਵਾਲੀ ਸੁਪਰ ਸਵੱਛ ਲੀਗ ਵਿੱਚ, ਨਵੀਂ ਦਿੱਲੀ ਦਾ ਦਬਦਬਾ ਰਿਹਾ ਹੈ। ਇਸ ਸ਼੍ਰੇਣੀ ਵਿੱਚ, ਤਿਰੂਪਤੀ ਦੂਜੇ ਸਥਾਨ ‘ਤੇ, ਅੰਬਿਕਾਪੁਰ ਤੀਜੇ ਸਥਾਨ ‘ਤੇ ਅਤੇ ਲੋਨਾਵਾਲਾ ਚੌਥੇ ਸਥਾਨ ‘ਤੇ ਰਿਹਾ ਹੈ।
20 ਤੋਂ 50 ਹਜ਼ਾਰ ਦੀ ਆਬਾਦੀ ਵਾਲੇ ਸੁਪਰ ਸਵੱਛ ਲੀਗ ਸ਼ਹਿਰ ਵਿੱਚ, ਵੀਟਾ ਪਹਿਲੇ ਸਥਾਨ ‘ਤੇ, ਸਾਸਵਦ ਦੂਜੇ ਸਥਾਨ ‘ਤੇ, ਦੇਵਲਾਨੀ ਪਰਵਾਰਾ ਤੀਜੇ ਸਥਾਨ ‘ਤੇ ਅਤੇ ਡੂੰਗਰਪੁਰ ਚੌਥੇ ਸਥਾਨ ‘ਤੇ ਰਿਹਾ ਹੈ।
ਸੁਪਰ ਸਵੱਛ ਲੀਗ ਵਿੱਚ, 20 ਹਜ਼ਾਰ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ, ਪੰਚਗਨੀ ਪਹਿਲੇ ਸਥਾਨ ‘ਤੇ, ਪਾਟਨ ਦੂਜੇ ਸਥਾਨ ‘ਤੇ, ਪੰਹਾਲਾ ਤੀਜੇ ਸਥਾਨ ‘ਤੇ, ਵਿਸ਼ਰਾਮਪੁਰ ਚੌਥੇ ਸਥਾਨ ‘ਤੇ ਅਤੇ ਬੁਦਨੀ ਨੇ ਪੰਜਵੇਂ ਸਥਾਨ ‘ਤੇ ਥਾਂ ਬਣਾਈ ਹੈ।