Shimla Rain: ਬਰਸਾਤ ਬਣੀ ਤਬਾਹੀ! ਹਿਮਾਚਲ ‘ਚ ਬੱਦਲ ਫਟਣ ਨਾਲ ਵਹਿ ਗਿਆ ਅੱਧਾ ਪਿੰਡ, 25 ਪਰਿਵਾਰ ਘਰ, 36 ਲੋਕ ਲਾਪਤਾ…
HImachal Flood: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਦੇਖਣ ਨੂੰ ਮਿਲੀ। 25 ਘਰ ਹੜ੍ਹ ਦੇ ਪਾਣੀ ਵਿੱਚ ਵਹਿ ਗਏ। 36 ਲੋਕ ਲਾਪਤਾ ਹੋ ਗਏ ਹਨ। ਕੁਝ ਲੋਕਾਂ ਦੇ ਮਰਨ ਦਾ ਵੀ ਖਦਸ਼ਾ ਹੈ। ਪਿੰਡ ਵਿੱਚ ਰਹਿਣ ਵਾਲੇ ਜੋੜੇ ਨੇ ਦੱਸਿਆ ਕਿ ਜਦੋਂ ਬੱਦਲ ਫਟਿਆ ਤਾਂ ਕੀ ਹੋਇਆ। ਉਨ੍ਹਾਂ ਲੋਕਾਂ ਨੇ ਆਪਣੀ ਜਾਨ ਕਿਵੇਂ ਬਚਾਈ? ਨਾਲ ਹੀ ਡੀਸੀ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਲਾਪਤਾ ਲੋਕਾਂ ਨੂੰ ਬਚਾਉਣ ਲਈ ਕੀ ਕਰ ਰਿਹਾ ਹੈ।
ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਅਤੇ ਹੜ੍ਹਾਂ ਦਾ ਸਿਲਸਿਲਾ ਜਾਰੀ ਹੈ। ਨਦੀਆਂ ਦਾ ਪਾਣੀ ਉਫਾਨ ਤੇ ਹੈ, ਪਹਾੜਾਂ ਤੋਂ ਡਿੱਗਣ ਵਾਲੇ ਪੱਥਰਾਂ ਨਾਲ ਹਾਈਵੇਅ ਨੁਕਸਾਨੇ ਗਏ ਹਨ। ਹਰ ਪਾਸੇ ਤਬਾਹੀ ਦੇ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਕਈ ਥਾਵਾਂ ‘ਤੇ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਸਿਲਸਿਲੇ ‘ਚ ਸ਼ਿਮਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਵੀਰਵਾਰ ਨੂੰ ਰਾਮਪੁਰ ‘ਚ ਬੱਦਲ ਫਟਣ ਕਾਰਨ ਕਈ ਪਿੰਡਾਂ ‘ਚ ਹੜਕੰਪ ਮਚ ਗਿਆ। ਸਭ ਤੋਂ ਵੱਧ ਨੁਕਸਾਨ ਸਮੇਜ ਪਿੰਡ ਨੂੰ ਹੋਇਆ। ਇੱਥੇ ਅੱਧੇ ਤੋਂ ਵੱਧ ਪਿੰਡ ਹੜ੍ਹ ਦੇ ਪਾਣੀ ਵਿੱਚ ਵਹਿ ਗਏ।
ਜਾਣਕਾਰੀ ਮੁਤਾਬਕ ਸ਼ਿਮਲਾ ਤੋਂ 100 ਕਿਲੋਮੀਟਰ ਦੂਰ ਰਾਮਪੁਰ ਦੇ ਝਕੜੀ ‘ਚ ਹਾਈਡਰੋ ਪ੍ਰੋਜੈਕਟ ਨੇੜੇ ਬੱਦਲ ਫਟਣ ਕਾਰਨ ਸਮੇਜ ਖੱਡ ‘ਚ ਪਾਣੀ ਭਰ ਗਿਆ। ਇਹ ਘਟਨਾ ਵੀਰਵਾਰ ਸਵੇਰੇ ਵਾਪਰੀ। ਕੁਝ ਹੀ ਸਕਿੰਟਾਂ ਵਿੱਚ 25 ਘਰ ਪਾਣੀ ਵਿੱਚ ਵਹਿ ਗਏ। 36 ਲੋਕ ਕਿੱਥੇ ਗਏ, ਕੋਈ ਨਹੀਂ ਜਾਣਦਾ। ਸਾਰੇ ਲਾਪਤਾ ਹੈ। ਬਚਾਅ ਟੀਮਾਂ ਉਨ੍ਹਾਂ ਦੀ ਭਾਲ ਕਰ ਰਹੀਆਂ ਹਨ। ਪਰ ਅਜੇ ਤੱਕ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗਾ ਹੈ। ਲਾਪਤਾ ਲੋਕਾਂ ਵਿੱਚ ਬਿਹਾਰ-ਝਾਰਖੰਡ ਦੇ ਲੋਕ ਵੀ ਸ਼ਾਮਲ ਹਨ। ਇਹ ਸਾਰੇ ਇੱਥੇ ਕੰਮ ਦੇ ਸਿਲਸਿਲੇ ‘ਚ ਕਿਰਾਏ ‘ਤੇ ਰਹਿ ਰਹੇ ਸਨ। ਪਰ ਉਹ ਹੁਣ ਕਿੱਥੇ ਹੈ, ਕੁਝ ਪਤਾ ਨਹੀਂ ਲੱਗ ਰਿਹਾ ਹੈ। ਕੁਝ ਲੋਕਾਂ ਦੇ ਮਰਨ ਦੀ ਵੀ ਸੰਭਾਵਨਾ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਇੱਕ ਪਰਿਵਾਰ ਤਾਂ ਘਰ ਸਮੇਤ ਪਾਣੀ ਵਿੱਚ ਰੁੜ੍ਹ ਗਿਆ।
ਪਿੰਡ ਦੇ ਰਹਿਣ ਵਾਲੇ ਸੁਭਾਸ਼ ਅਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਨੇ ਦੱਸਿਆ- ਅਸੀਂ ਰਾਤ ਨੂੰ ਸੌਂ ਰਹੇ ਸੀ। ਅਚਾਨਕ ਸਾਡੀ ਨੀਂਦ ਖੁੱਲੀ। ਸਾਨੂੰ ਲੱਗਾ ਜਿਵੇਂ ਘਰ ਨੂੰ ਕੁਝ ਹੋ ਰਿਹਾ ਹੋਵੇ। ਅਸੀਂ ਭੱਜਦੇ ਹੋਏ ਘਰੋਂ ਬਾਹਰ ਆ ਗਏ। ਅਸੀਂ ਲੋਕਾਂ ਨੂੰ ਰੌਲਾ ਪਾ ਕੇ ਦੱਸਿਆ ਕਿ ਬੱਦਲ ਫਟ ਗਿਆ ਹੈ। ਸਾਰੇ ਬਾਹਰ ਆ ਜਾਣ। ਸਾਡੀ ਆਵਾਜ਼ ਸੁਣ ਕੇ ਸਾਡੇ ਘਰ ਵਿਚ ਰਹਿਣ ਵਾਲੇ ਚਾਰ ਵਿਅਕਤੀ ਬਾਹਰ ਆ ਗਏ। ਪਰ ਬਾਕੀ ਲੋਕ ਅੰਦਰ ਹੀ ਰਹਿ ਗਏ। ਉਸੇ ਵੇਲ੍ਹੇ ਮਲਬਾ ਡਿੱਗ ਗਿਆ ਅਤੇ ਸਾਡਾ ਘਰ ਨੁਕਸਾਨਿਆ ਗਿਆ। ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਿਆ। ਹੁਣ ਸਾਡੇ ਕੋਲ ਰਹਿਣ ਲਈ ਛੱਤ ਵੀ ਨਹੀਂ ਹੈ। ਅਸੀਂ ਸਰਕਾਰ ਨੂੰ ਸਾਡੀ ਮਦਦ ਕਰਨ ਦੀ ਅਪੀਲ ਕਰਦੇ ਹਾਂ। ਉਨ੍ਹਾਂ ਕਿਹਾ- ਬੱਦਲ ਫਟਣ ਕਾਰਨ 25 ਤੋਂ ਵੱਧ ਘਰ ਵਹਿ ਗਏ ਹਨ। ਹੁਣ ਤੱਕ 36 ਲੋਕ ਲਾਪਤਾ ਦੱਸੇ ਜਾ ਚੁੱਕੇ ਹਨ। ਪਰ ਇਹ ਗਿਣਤੀ ਵੱਧ ਹੋ ਸਕਦੀ ਹੈ।
ਸ਼ਿਮਲਾ ਤੋਂ ਇਕ ਵਿਅਕਤੀ ਆਪਣੇ ਭਤੀਜੇ ਦੀ ਭਾਲ ਲਈ ਆਇਆ ਸੀ। ਉਸ ਦਾ ਕਹਿਣਾ ਹੈ ਕਿ ਉਸ ਦਾ ਭਤੀਜਾ ਪਿੰਡ ਸਮੇਜ ਦੇ ਬਿਜਲੀ ਘਰ ਵਿੱਚ ਕੰਮ ਕਰਦਾ ਸੀ।ਉਸਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ ਹੈ।
ਸ਼ਿਮਲਾ ਦੇ ਡੀਸੀ ਨੇ ਕੀ ਕਿਹਾ?
ਸ਼ਿਮਲਾ ਦੇ ਡੀਸੀ ਅਨੁਪਮ ਕਸ਼ਯਪ ਨੇ ਦੱਸਿਆ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ, ਉਸ ਵਿੱਚ ਬਚਾਅ ਕਾਰਜ ਕਰਨਾ ਥੋੜ੍ਹਾ ਮੁਸ਼ਕਲ ਹੈ। ਅਸੀਂ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਹਨ। ਸਾਡੀ ਕੋਸ਼ਿਸ਼ ਲਾਪਤਾ ਲੋਕਾਂ ਅਤੇ ਲਾਸ਼ਾਂ ਨੂੰ ਲੱਭਣ ਦੀ ਹੋਵੇਗੀ। ਐੱਨਡੀਆਰਐੱਫ, ਐੱਸਡੀਆਰਐੱਫ, ਸਥਾਨਕ ਪੁਲਸਿ, ਆਈਟੀਬੀਪੀ, ਪੁਲਿਸ ਅਤੇ ਹੋਮ ਗਾਰਡ ਦੀਆਂ ਟੀਮਾਂ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ। ਡੀਸੀ ਨੇ ਕਿਹਾ ਕਿ ਸਮੇਜ ਪਿੰਡ ਤੋਂ ਦੂਰ ਦੂਰ ਤੱਕ ਲੋਕਾਂ ਦੇ ਵਹਿਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ- ਸ਼ਿਮਲਾ, ਕੁੱਲੂ ਅਤੇ ਮੰਡੀ ਵਿੱਚ ਬੱਦਲ ਫਟੇ ਹਨ। ਹਿਮਾਚਲ ਵਿੱਚ ਚਾਰ ਲੋਕਾਂ ਦੀ ਮੌਤ ਵੀ ਹੋ ਗਈ ਹੈ ਅਤੇ 49 ਲੋਕ ਲਾਪਤਾ ਹਨ।