ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਮੋਦੀ ਸਰਨੇਮ ਮਾਮਲੇ ‘ਚ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਸੁਣਾਈ ਗਈ ਦੋ ਸਾਲ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ। ਗੁਜਰਾਤ ਹਾਈ ਕੋਰਟ ਨੇ ਰਾਹੁਲ ਗਾਂਧੀ ਨੂੰ ਇਹ ਸਜ਼ਾ ਸੁਣਾਈ ਸੀ, ਜਿਸ ‘ਤੇ ਹੁਣ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ।
ਸੁਪਰੀਮ ਕੋਰਟ ਨੇ ਆਪਣਾ ਆਦੇਸ਼ ਸੁਣਾਉਂਦੇ ਹੋਏ ਕਿਹਾ ਕਿ ਟਰਾਇਲ ਜੱਜ ਨੇ ਇਸ ਮਾਮਲੇ ‘ਚ ਵੱਧ ਤੋਂ ਵੱਧ ਸਜ਼ਾ ਸੁਣਾਈ ਸੀ, ਪਰ ਇਸ ਦਾ ਕਾਰਨ ਨਹੀਂ ਦੱਸਿਆ। ਸੁਪਰੀਮ ਕੋਰਟ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਇਤਰਾਜ਼ਯੋਗ ਸੀ, ਪਰ ਹੇਠਲੀ ਅਦਾਲਤ ਨੇ ਵੱਧ ਤੋਂ ਵੱਧ ਸਜ਼ਾ ਸੁਣਾਉਣ ਦਾ ਕੋਈ ਕਾਰਨ ਨਹੀਂ ਦੱਸਿਆ, ਗੁਜਰਾਤ ਹਾਈ ਕੋਰਟ ਨੇ ਵੀ ਇਸ ‘ਤੇ ਗੌਰ ਨਹੀਂ ਕੀਤਾ।
ਸੁਪਰੀਮ ਕੋਰਟ ‘ਚ ਕੀ ਹੋਇਆ?
ਸੁਪਰੀਮ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਲਈ ਅੱਧੇ ਘੰਟੇ ਦਾ ਸਮਾਂ ਤੈਅ ਕੀਤਾ ਗਿਆ ਸੀ, ਜਿਸ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਨੂੰ ਬੋਲਣ ਲਈ 15-15 ਮਿੰਟ ਦਾ ਸਮਾਂ ਮਿਲਿਆ। ਰਾਹੁਲ ਗਾਂਧੀ ਦੀ ਤਰਫੋਂ ਇਹ ਦਲੀਲ ਦਿੱਤੀ ਗਈ ਹੈ ਕਿ ਉਨ੍ਹਾਂ ਨੇ ਪੂਰੇ ਭਾਈਚਾਰੇ ਦਾ ਅਪਮਾਨ ਨਹੀਂ ਕੀਤਾ ਹੈ, ਅਜਿਹੇ ‘ਚ ਸਿਰਫ ਰਾਹੁਲ ਨੂੰ ਹੀ ਅਜਿਹੀ ਸਜ਼ਾ ਮਿਲੀ ਹੈ।
ਸੁਪਰੀਮ ਕੋਰਟ ਨੇ ਪੂਰਨੇਸ਼ ਮੋਦੀ ਵੱਲੋਂ ਦਿੱਤੀਆਂ ਦਲੀਲਾਂ ‘ਤੇ ਵੀ ਸਖ਼ਤ ਟਿੱਪਣੀਆਂ ਕੀਤੀਆਂ। ਅਦਾਲਤ ਨੇ ਕਿਹਾ ਕਿ ਕਿੰਨੇ ਨੇਤਾਵਾਂ ਨੂੰ ਆਪਣੇ ਪੁਰਾਣੇ ਭਾਸ਼ਣ ਯਾਦ ਹਨ। ਹੇਠਲੀ ਅਦਾਲਤ ਨੇ ਇਸ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਕਿਉਂ ਦਿੱਤੀ ਹੈ? ਸੁਪਰੀਮ ਕੋਰਟ ‘ਚ ਦੋਵਾਂ ਧਿਰਾਂ ਵੱਲੋਂ ਕਿਹੜੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ।
‘ਰਾਹੁਲ ਖਿਲਾਫ ਕੋਈ ਸਬੂਤ ਨਹੀਂ’
ਰਾਹੁਲ ਗਾਂਧੀ ਦੀ ਤਰਫੋਂ ਅਭਿਸ਼ੇਕ ਮਨੂ ਸਿੰਘਵੀ (Abhishek Manu Singhvi) ਨੇ ਇਸ ਮਾਮਲੇ ‘ਚ ਦਲੀਲ ਦਿੰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ‘ਚ ਜਿਨ੍ਹਾਂ ਲੋਕਾਂ ਦਾ ਨਾਂ ਲਿਆ ਹੈ, ਉਨ੍ਹਾਂ ‘ਚੋਂ ਕਿਸੇ ਨੇ ਵੀ ਮੁਕੱਦਮਾ ਨਹੀਂ ਕੀਤਾ, ਸਗੋਂ ਸਿਰਫ ਭਾਜਪਾ ਨੇਤਾ ਹੀ ਇਸ ‘ਚ ਮੁਕੱਦਮਾ ਕਰ ਰਹੇ ਹਨ। ਵਕੀਲ ਨੇ ਕਿਹਾ ਕਿ ਪਟੀਸ਼ਨਕਰਤਾ ਦਾ ਅਸਲੀ ਸਰਨੇਮ ਮੋਦੀ ਨਹੀਂ ਹੈ, ਉਹ ਮੋਧ ਸਰਨੇਮ ਤੋਂ ਮੋਦੀ ਬਣੇ ਹਨ। ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਕਿ ਗਵਾਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਰਾਹੁਲ ਨੇ ਪੂਰੇ ਭਾਈਚਾਰੇ ਦਾ ਅਪਮਾਨ ਨਹੀਂ ਕੀਤਾ।
ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਇਹ ਕੋਈ ਅਗਵਾ, ਰੇਪ ਜਾਂ ਕਤਲ ਦਾ ਮਾਮਲਾ ਨਹੀਂ ਹੈ, ਅਜਿਹਾ ਬਹੁਤ ਹੀ ਘੱਟ ਹੁੰਦਾ ਹੈ ਕਿ ਅਜਿਹੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਹੋਈ ਹੋਵੇ। ਇਸ ਦੌਰਾਨ ਸੁਪਰੀਮ ਕੋਰਟ ਨੇ ਅਭਿਸ਼ੇਕ ਮਨੂ ਸਿੰਘਵੀ ਨੂੰ ਰੋਕਦਿਆਂ ਕਿਹਾ ਕਿ ਤੁਸੀਂ ਇੱਥੇ ਸਿਆਸੀ ਬਹਿਸ ਨਾ ਕਰੋ, ਰਾਜ ਸਭਾ ਲਈ ਬਚਾਓ। ਇਸ ‘ਤੇ ਸਿੰਘਵੀ ਵੀ ਮੁਸਕਰਾ ਦਿੱਤੇ। ਰਾਹੁਲ ਗਾਂਧੀ ਦੇ ਵਕੀਲ ਨੇ ਕਿਹਾ ਕਿ ਪਟੀਸ਼ਨਰ ਕੋਲ ਰਾਹੁਲ ਗਾਂਧੀ ਦੇ ਖਿਲਾਫ ਕੋਈ ਸਬੂਤ ਨਹੀਂ ਹੈ, ਦਾਇਰ ਸ਼ਿਕਾਇਤ ਵੀ ਅਖਬਾਰ ਦੀ ਕਟਿੰਗ ਦੇ ਆਧਾਰ ‘ਤੇ ਹੈ ਜੋ ਵਟਸਐਪ ‘ਤੇ ਪਾਈ ਗਈ ਸੀ।
ਪੁਰਣੇਸ਼ ਮੋਦੀ ਵੱਲੋਂ ਰੱਖੀਆਂ ਗਈਆਂ ਦਲੀਲਾਂ
ਪੂਰਨੇਸ਼ ਮੋਦੀ ਦੀ ਤਰਫੋਂ ਮਹੇਸ਼ ਜੇਠਮਲਾਨੀ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਰਾਹੁਲ ਦੇ ਭਾਸ਼ਣ ਦੀ ਕਾਪੀ ਚੋਣ ਕਮਿਸ਼ਨ ਕੋਲ ਹੈ, ਸੀਡੀ ਨੰਬਰ-2 ‘ਚ ਸਭ ਕੁਝ ਸਪੱਸ਼ਟ ਹੈ। ਮਹੇਸ਼ ਜੇਠਮਲਾਨੀ ਨੇ ਅਦਾਲਤ ਵਿੱਚ ਰਾਹੁਲ ਗਾਂਧੀ ਦੇ ਭਾਸ਼ਣ ਦਾ ਹਿੱਸਾ ਵੀ ਪੜ੍ਹਿਆ। ਉਨ੍ਹਾਂ ਕੋਲ ਕਾਫੀ ਸਬੂਤ ਅਤੇ ਗਵਾਹ ਹਨ।
ਪੂਰਨੇਸ਼ ਮੋਦੀ ਦੇ ਵਕੀਲ ਨੇ ਅਪੀਲ ਕੀਤੀ ਹੈ ਕਿ ਰਾਹੁਲ ਦੀ ਟਿੱਪਣੀ ਪੂਰੇ ਮੋਦੀ ਭਾਈਚਾਰੇ ‘ਤੇ ਸੀ, ਇਸ ਲਈ ਉਨ੍ਹਾਂ ਦੀ ਸਜ਼ਾ ‘ਤੇ ਰੋਕ ਨਹੀਂ ਲਗਾਈ ਜਾਣੀ ਚਾਹੀਦੀ। ਰਾਹੁਲ ਦਾ ਭਾਸ਼ਣ ਉਸ ਵਿਅਕਤੀ ਦੁਆਰਾ ਰਿਕਾਰਡ ਕੀਤਾ ਗਿਆ ਸੀ ਜਿਸ ਨੂੰ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਲਈ ਤਾਇਨਾਤ ਕੀਤਾ ਗਿਆ ਸੀ। ਰਾਹੁਲ ਨੇ ਆਪਣੇ ਭਾਸ਼ਣ ਵਿੱਚ ਮੋਦੀ ਭਾਈਚਾਰੇ ਦਾ ਅਪਮਾਨ ਕੀਤਾ।
ਕਾਂਗਰਸ ਨੇ ਦੱਸਿਆ ਸੱਚਾਈ ਦੀ ਜਿੱਤ
ਸੁਪਰੀਮ ਕੋਰਟ ਦੇ ਫੈਸਲੇ ਦੇ ਤੁਰੰਤ ਬਾਅਦ ਕਾਂਗਰਸ ਵੱਲੋਂ ਟਵੀਟ ਕਰਕੇ ਇਸਨੂ ਨਫਰਤ ਖਿਲਾਫ ਮੁਹੱਬਤ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਸੱਚਾਈ ਅਤੇ ਇਨਸਾਫ ਦਾ ਜਿੰਦਾ ਜਾਗਦਾ ਸਬੂਤ ਹੈ।
ਕੀ ਹੈ ਰਾਹੁਲ ਗਾਂਧੀ ਨਾਲ ਜੁੜਿਆ ਮਾਮਲਾ?
ਰਾਹੁਲ ਗਾਂਧੀ ਨੂੰ ਇਸ ਮਾਮਲੇ ‘ਚ 2 ਸਾਲ ਦੀ ਸਜ਼ਾ ਸੁਣਾਈ ਜਾ ਗਈ, ਜਿਸ ਕਾਰਨ ਉਨ੍ਹਾਂ ਦੀ ਸੰਸਦ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ। ਇੰਨਾ ਹੀ ਨਹੀਂ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ 6 ਸਾਲ ਤੱਕ ਚੋਣ ਨਹੀਂ ਲੜ ਸਕਣਗੇ। ਭਾਜਪਾ ਨੇਤਾ ਪੂਰਨੇਸ਼ ਮੋਦੀ ਨੇ ਸੂਰਤ ਦੀ ਅਦਾਲਤ ‘ਚ ਰਾਹੁਲ ਗਾਂਧੀ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ।
ਸਾਲ 2019 ਦੀਆਂ ਚੋਣਾਂ ‘ਚ ਰਾਹੁਲ ਗਾਂਧੀ ਨੇ ਕਰਨਾਟਕ ‘ਚ ਇਕ ਰੈਲੀ ‘ਚ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ‘ਚ ਉਨ੍ਹਾਂ ਨੇ ਮੋਦੀ ਸਰਨੇਮ ‘ਤੇ ਟਿੱਪਣੀ ਕੀਤੀ ਸੀ। ਪੂਰਨੇਸ਼ ਮੋਦੀ ਨੇ ਇਸ ਮਾਮਲੇ ‘ਚ ਪਟੀਸ਼ਨ ਦਾਇਰ ਕੀਤੀ ਸੀ, ਰਾਹੁਲ ਨੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਅਤੇ ਅਦਾਲਤ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ। ਰਾਹੁਲ ਗਾਂਧੀ ਨੇ ਸੂਰਤ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਗੁਜਰਾਤ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ।
ਹਾਲਾਂਕਿ ਉਨ੍ਹਾਂ ਨੂੰ ਇੱਥੋਂ ਵੀ ਰਾਹਤ ਨਹੀਂ ਮਿਲੀ ਅਤੇ ਮਾਰਚ ਵਿੱਚ ਜਦੋਂ ਗੁਜਰਾਤ ਹਾਈਕੋਰਟ ਨੇ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਤਾਂ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। ਰਾਹੁਲ ਨੇ ਆਪਣਾ ਸਰਕਾਰੀ ਬੰਗਲਾ ਵੀ ਖਾਲੀ ਕਰ ਦਿੱਤਾ ਸੀ।
ਹੁਣ ਅੱਗੇ ਕੀ ਹੋਵੇਗਾ?
ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਤੋਂ ਬਾਅਦ ਹੁਣ ਅੰਦਾਜੇ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੀ ਲੋਕ ਸਭਾ ਦੀ ਮੈਂਬਰਸ਼ਿਪ ਵਾਪਸ ਮਿਲ ਜਾਵੇਗੀ ਤੇ ਨਾਲ ਹੀ ਉਨ੍ਹਾਂ ਨੂੰ ਉਨ੍ਹਾਂ ਦਾ ਬੰਗਲਾ ਵੀ ਵਾਪਸ ਕੀਤਾ ਜਾਵੇਗਾ। ਇਸਦੇ ਨਾਲ ਹੀ ਉਹ ਮੁੜ ਤੋਂ ਲੋਕ ਸਭਾ ਚੋਣ ਲੱੜਣ ਦੇ ਵੀ ਯੋਗ ਹੋ ਸਕਣਗੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ