ਇੰਫਾਲ ਤੋਂ 'ਭਾਰਤ ਜੋੜੋ ਨਿਆ ਯਾਤਰਾ' 'ਤੇ ਨਿਕਲੇ ਰਾਹੁਲ ਗਾਂਧੀ, ਰਵਾਨਾ ਹੋਣ ਤੋਂ ਪਹਿਲਾਂ PM ਮੋਦੀ 'ਤੇ ਸਾਧਿਆ ਨਿਸ਼ਾਨਾ | Bharat Jodo Nyay Yatra full Details updates in Manipur know in Punjabi Punjabi news - TV9 Punjabi

ਇੰਫਾਲ ਤੋਂ ‘ਭਾਰਤ ਜੋੜੋ ਨਿਆ ਯਾਤਰਾ’ ‘ਤੇ ਨਿਕਲੇ ਰਾਹੁਲ ਗਾਂਧੀ, ਰਵਾਨਾ ਹੋਣ ਤੋਂ ਪਹਿਲਾਂ PM ਮੋਦੀ ‘ਤੇ ਸਾਧਿਆ ਨਿਸ਼ਾਨਾ

Updated On: 

14 Jan 2024 19:22 PM

ਭਾਰਤ ਜੋੜੋ ਨਿਆ ਯਾਤਰਾ ਦੌਰਾਨ ਰਾਹੁਲ ਗਾਂਧੀ 60 ਤੋਂ 70 ਯਾਤਰੀਆਂ ਨਾਲ ਪੈਦਲ ਅਤੇ ਬੱਸ ਰਾਹੀਂ ਯਾਤਰਾ ਕਰਨਗੇ। ਇਹ ਯਾਤਰਾ ਅੱਜ ਮਣੀਪੁਰ ਦੇ ਖੋਂਗਜੋਮ ਵਾਰ ਮੈਮੋਰੀਅਲ ਤੋਂ ਸ਼ੁਰੂ ਹੋਈ। ਪਹਿਲਾਂ ਇਸ ਦੀ ਸ਼ੁਰੂਆਤ ਰਾਜਧਾਨੀ ਇੰਫਾਲ ਤੋਂ ਹੋਣੀ ਸੀ। ਇਸ ਦੌਰਾਨ ਰਾਹੁਲ ਗਾਂਧੀ 6700 ਕਿਲੋਮੀਟਰ ਤੋਂ ਵੱਧ ਦਾ ਸਫਰ ਕਰਨਗੇ। ਇਹ ਯਾਤਰਾ ਦੋ ਮਹੀਨੇ ਤੱਕ ਚੱਲੇਗੀ ਅਤੇ 20 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗੀ।

ਇੰਫਾਲ ਤੋਂ ਭਾਰਤ ਜੋੜੋ ਨਿਆ ਯਾਤਰਾ ਤੇ ਨਿਕਲੇ ਰਾਹੁਲ ਗਾਂਧੀ, ਰਵਾਨਾ ਹੋਣ ਤੋਂ ਪਹਿਲਾਂ PM ਮੋਦੀ ਤੇ ਸਾਧਿਆ ਨਿਸ਼ਾਨਾ

ਇੰਫਾਲ ਤੋਂ 'ਭਾਰਤ ਜੋੜੋ ਨਿਆ ਯਾਤਰਾ' 'ਤੇ ਨਿਕਲੇ ਰਾਹੁਲ ਗਾਂਧੀ (PTI)

Follow Us On

ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦਾ ਦੂਜਾ ਪੜਾਅ ਐਤਵਾਰ ਤੋਂ ਸ਼ੁਰੂ ਹੋ ਗਿਆ ਹੈ। ਯਾਤਰਾ ਦੇ ਦੂਜੇ ਪੜਾਅ ਦਾ ਨਾਂ ‘ਭਾਰਤ ਜੋੜੋ ਨਿਆ ਯਾਤਰਾ’ ਰੱਖਿਆ ਗਿਆ ਹੈ। ਹਾਲਾਂਕਿ ਯਾਤਰਾ ਸਮੇਂ ਸਿਰ ਸ਼ੁਰੂ ਨਹੀਂ ਹੋ ਸਕੀ। ਇੰਫਾਲ ‘ਚ ‘ਭਾਰਤ ਜੋੜੋ ਨਿਆ ਯਾਤਰਾ’ ਸ਼ੁਰੂ ਹੋਣ ‘ਚ ਦੇਰੀ ਲਈ ਮੁਆਫੀ ਮੰਗਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਦਿੱਲੀ ‘ਚ ਖਰਾਬ ਮੌਸਮ ਕਾਰਨ ਸਾਡੀ ਫਲਾਈਟ ‘ਚ ਦੇਰੀ ਹੋਈ, ਇਸ ਲਈ ਮੈਂ ਮੁਆਫੀ ਮੰਗਣਾ ਚਾਹੁੰਦਾ ਹਾਂ। ਮਨੀਪੁਰ ਹਿੰਸਾ ਤੋਂ ਬਾਅਦ ਸੂਬੇ ਦਾ ਦੌਰਾ ਨਾ ਕਰਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਪੀਐੱਮ ਮੋਦੀ ਨੂੰ ਮਨੀਪੁਰ ਦਾ ਦਰਦ ਨਜ਼ਰ ਨਹੀਂ ਆਉਂਦਾ।

ਮਨੀਪੁਰ ਹਿੰਸਾ ਨੂੰ ਲੈ ਕੇ ਪੀਐਮ ਮੋਦੀ ਦੀ ਆਲੋਚਨਾ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਮਨੀਪੁਰ ਦੇ ਹਰ ਕੋਨੇ ਵਿੱਚ ਨਫ਼ਰਤ ਫੈਲ ਗਈ ਹੈ। ਭਾਜਪਾ ਅਤੇ ਆਰਐਸਐਸ ਦੀ ਵਿਚਾਰਧਾਰਾ ਨਫ਼ਰਤ ਦੀ ਹੈ। 29 ਜੂਨ ਨੂੰ ਹੋਈ ਹਿੰਸਾ ਤੋਂ ਬਾਅਦ ਇੱਥੇ ਹਾਲਾਤ ਕਾਫੀ ਖਰਾਬ ਹੋ ਗਏ ਹਨ। ਪਰ ਪੀਐਮ ਮੋਦੀ ਨੂੰ ਇੱਥੋਂ ਦੇ ਲੋਕਾਂ ਦਾ ਦਰਦ ਨਜ਼ਰ ਨਹੀਂ ਆਉਂਦਾ। ਉਹ ਅਜੇ ਤੱਕ ਲੋਕਾਂ ਦੇ ਹੰਝੂ ਪੂੰਝਣ ਲਈ ਮਨੀਪੁਰ ਨਹੀਂ ਆਏ ਹਨ।

ਸਾਰੇ ਰਾਹੁਲ ਨਾਲ ਮਿਲ ਕੇ ਦਿਖਾਉਣੀ ਤਾਕਤ- ਖੜਗੇ

ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਪਣੇ ਸੰਬੋਧਨ ‘ਚ ਕਿਹਾ, ”ਰਾਹੁਲ ਗਾਂਧੀ ‘ਭਾਰਤ ਜੋੜੋ ਯਾਤਰਾ’ ‘ਚ ਸਭ ਤੋਂ ਪਹਿਲਾਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਚੱਲੇ ਸਨ। ਇਸ ਯਾਤਰਾ ਦੌਰਾਨ ਉਹ ਗਰੀਬਾਂ, ਔਰਤਾਂ, ਬੱਚਿਆਂ, ਪੱਤਰਕਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਮਿਲੇ। ਅੱਜ ਫਿਰ ਉਹ ਮਨੀਪੁਰ ਤੋਂ ਮੁੰਬਈ ਤੱਕ ਭਾਰਤ ਜੋੜੋ ਨਿਆ ਯਾਤਰਾ ਕੱਢ ਰਹੇ ਹਨ। ਇਸ ਲਈ ਮੇਰੀ ਉਮੀਦ ਹੈ ਕਿ ਹਰ ਕੋਈ ਉਨ੍ਹਾਂ ਦੇ ਨਾਲ ਖੜ੍ਹਾ ਹੋਵੇ ਅਤੇ ਤਾਕਤ ਦਿਖਾਵੇ।”

ਯਾਤਰਾ ਮਨੀਪੁਰ ਦੇ ਥੋਬਲ ਜ਼ਿਲ੍ਹੇ ਤੋਂ ਸ਼ੁਰੂ ਹੋ ਰਹੀ ਹੈ। ਰਾਹੁਲ ਗਾਂਧੀ ਇਸ ਲਈ ਰਾਜਧਾਨੀ ਇੰਫਾਲ ਵਿੱਚ ਹਨ। ਦਿੱਲੀ ਵਿੱਚ ਅੱਜ ਸਵੇਰੇ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ, ਜਿਸ ਕਾਰਨ ਰਾਹੁਲ ਗਾਂਧੀ ਦੇ ਜਹਾਜ਼ ਨੇ ਦੇਰੀ ਨਾਲ ਉਡਾਣ ਭਰੀ। ਦੂਜੇ ਪਾਸੇ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮਨੀਪੁਰ ਸਰਕਾਰ ਨੇ ਇਸ ਸਬੰਧੀ ਕੁਝ ਪਾਬੰਦੀਆਂ ਲਗਾਈਆਂ ਹਨ। ਮਨੀਪੁਰ ਸਰਕਾਰ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਇੱਕ ਘੰਟੇ ਤੋਂ ਵੱਧ ਨਹੀਂ ਚੱਲਣਾ ਚਾਹੀਦਾ।

ਇਸ ਦੇ ਨਾਲ ਹੀ ਐਨ. ਬੀਰੇਨ ਸਿੰਘ ਸਰਕਾਰ ਨੇ ਕਿਹਾ ਹੈ ਕਿ ਭਾਗ ਲੈਣ ਵਾਲਿਆਂ ਦੀ ਗਿਣਤੀ 3,000 ਤੋਂ ਵੱਧ ਨਹੀਂ ਹੋਣੀ ਚਾਹੀਦੀ। ਮਨੀਪੁਰ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਕਿਉਂਕਿ ਸਮਾਗਮ ਵਾਲੀ ਥਾਂ ਨੈਸ਼ਨਲ ਹਾਈਵੇਅ ਦੇ ਨਾਲ ਲੱਗਦੀ ਹੈ, ਇਸ ਲਈ ਟਰੈਫਿਕ ਨੂੰ ਬਦਲਵੇਂ ਰਸਤੇ ਵੱਲ ਮੋੜਨਾ ਪਵੇਗਾ। ਅਜਿਹੀ ਸਥਿਤੀ ਵਿੱਚ, ਯਾਤਰਾ ਲਈ ਇਹ ਨਿਯਮ ਮਨੀਪੁਰ ਸਰਕਾਰ ਦੇ ਜ਼ਿਲ੍ਹਾ ਅਧਿਕਾਰੀ ਦੁਆਰਾ ਸਾਂਝੇ ਕੀਤੇ ਗਏ ਹਨ।

‘ਯਾਤਰਾ ਦੀ ਇਜਾਜ਼ਤ ਰੱਦ ਕਰ ਦਿੱਤੀ ਜਾਵੇਗੀ’

ਕਾਂਗਰਸ ਪਾਰਟੀ ਨੇ ਅਸਲ ਵਿੱਚ ਸਮਾਗਮ ਦਾ ਸਥਾਨ ਇੰਫਾਲ ਪੈਲੇਸ ਗਰਾਊਂਡ ਤੋਂ ਬਦਲ ਕੇ ਥੋਬਲ ਵਿੱਚ ਇੱਕ ਨਿੱਜੀ ਮੈਦਾਨ ਵਿੱਚ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਕਾਰਨ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਬੀਰੇਨ ਸਿੰਘ ਸਰਕਾਰ ਨੇ ਇੰਫਾਲ ਦੇ ਪੈਲੇਸ ਮੈਦਾਨ ‘ਚ ਸਿਰਫ 1000 ਲੋਕਾਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਸੀ।

ਰੈਲੀ ਤੇ ਯਾਤਰਾ ਦੌਰਾਨ ਕੋਈ ਵੀ ਦੇਸ਼ ਵਿਰੋਧੀ ਜਾਂ ਫਿਰਕੂ ਜਾਂ ਵਿਰੋਧ ਦਾ ਨਾਅਰਾ ਨਹੀਂ ਲਗਾਇਆ ਜਾਵੇਗਾ ਅਤੇ ਪ੍ਰਬੰਧਕਾਂ ਨੂੰ ਰਾਜ ਦੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰਨਾ ਹੋਵੇਗਾ। ਜੇਕਰ ਇਲਾਕੇ ਵਿੱਚ ਅਮਨ-ਸ਼ਾਂਤੀ ਅਤੇ ਜਨਤਕ ਵਿਵਸਥਾ ਬਣਾਈ ਰੱਖਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਯਾਤਰਾ ਦੀ ਇਜਾਜ਼ਤ ਰੱਦ ਕਰ ਦਿੱਤੀ ਜਾਵੇਗੀ।

ਮਨੀਪੁਰ ਨੂੰ ਚੁਣਨ ਦਾ ਕੀ ਹੈ ਕਾਰਨ ?

ਭਾਰਤ ਜੋੜੋ ਯਾਤਰਾ ਦੀ ਇਸ ਲੜੀ ਦੀ ਅਗਵਾਈ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਕਰਨਗੇ। ਉਨ੍ਹਾਂ ਤੋਂ ਇਲਾਵਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਚੋਟੀ ਦੇ ਨੇਤਾ ਵੀ ਪ੍ਰੋਗਰਾਮ ‘ਚ ਹਿੱਸਾ ਲੈਣਗੇ। ਮਨੀਪੁਰ (Manipur) ਵਿੱਚ ਪਿਛਲੇ ਸਾਲ ਮਈ ਵਿੱਚ ਸ਼ੁਰੂ ਹੋਈ ਹਿੰਸਾ ਵਿੱਚ ਘੱਟੋ-ਘੱਟ 180 ਲੋਕ ਮਾਰੇ ਜਾ ਚੁੱਕੇ ਹਨ। ਇੱਥੇ ਝਗੜਾ ਅਸਲ ਵਿੱਚ ਮੀਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਹੈ। ਕੁੱਕੀ ਦੇ ਦਬਦਬੇ ਵਾਲੇ ਸੂਬੇ ਵਿੱਚ ਐਸਟੀ ਰਜਿਸਟ੍ਰੇਸ਼ਨ ਲਈ ਮੀਤੇਈ ਭਾਈਚਾਰੇ ਦੀ ਮੰਗ ਦਾ ਸਖ਼ਤ ਵਿਰੋਧ ਹੋ ਰਿਹਾ ਹੈ।

ਨਿਆ ਯਾਤਰਾ ਕਿਹੜੇ ਰਾਜਾਂ ਵਿੱਚੋਂ ਲੰਘੇਗੀ ?

ਇਸ ਯਾਤਰਾ ਰਾਹੀਂ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਵਿੱਚ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਨਿਆ ਵਰਗੇ ਮੁੱਦਿਆਂ ਵੱਲ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਤੋਂ ਸ਼ੁਰੂ ਹੋਣ ਜਾ ਰਹੀ ਇਹ ਯਾਤਰਾ ਮਾਰਚ ਦੇ ਤੀਜੇ ਹਫ਼ਤੇ ਮੁੰਬਈ ਪਹੁੰਚੇਗੀ ਜਿੱਥੇ ਇਹ ਸਮਾਪਤ ਹੋਵੇਗੀ।

ਇੰਡੀਅਨ ਨੈਸ਼ਨਲ ਕਾਂਗਰਸ ਦਾ ਦਾਅਵਾ ਹੈ ਕਿ ਇਹ ਯਾਤਰਾ 67 ਦਿਨਾਂ ‘ਚ 15 ਸੂਬਿਆਂ ਅਤੇ 110 ਜ਼ਿਲਿਆਂ ‘ਚੋਂ ਲੰਘੇਗੀ। ਰਾਹੁਲ ਦੀ ਭਾਰਤ ਨਿਆਏ ਯਾਤਰਾ ਮਨੀਪੁਰ, ਨਾਗਾਲੈਂਡ, ਅਸਾਮ, ਮੇਘਾਲਿਆ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਤੋਂ ਹੋ ਕੇ ਲੰਘੇਗੀ।

Exit mobile version