20 ਸਾਲ ਪੁਰਾਣੀ ਤਿਜੋਰੀ ਦਾ ਖੁੱਲ੍ਹਿਆ ਰਾਜ, 2500 ਰੁਪਏ ਖ਼ਰਚ ਕੇ ਅੰਦਰੋਂ ਮਿਲੇ ਸਿਰਫ਼ 1 ਰੁਪਏ; ਅਫਸਰਾਂ ਦਾ ਵੀ ਨਿਕਲਿਆ ਹਾਸਾ
ਰਾਜਸਥਾਨ ਦੇ ਜੋਧਪੁਰ ਨਗਰ ਨਿਗਮ ਵਿੱਚ ਸ਼ੁੱਕਰਵਾਰ ਨੂੰ ਇੱਕ ਅਜਿਹੀ ਘਟਨਾ ਵਾਪਰੀ, ਜੋ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਇਸ ਨੂੰ ਪੜ੍ਹ ਕੇ ਖੂਬ ਹਾਸੇ ਮਜ਼ਾਕ ਕਰ ਰਹੇ ਹਨ। ਨਿਗਮ ਦੇ ਪੁਰਾਣੇ ਦਫ਼ਤਰ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਧੂੜ ਫੱਕ ਰਹੀ ਇੱਕ ਭਾਰੀ-ਭਰਕਮ ਤਿਜੋਰੀ ਨੂੰ ਜਦੋਂ ਵੱਡੀ ਮੁਸ਼ੱਕਤ ਤੋਂ ਬਾਅਦ ਖੋਲ੍ਹਿਆ ਗਿਆ, ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਅਧਿਕਾਰੀਆਂ ਦੇ ਹੋਸ਼ ਉੱਡ ਗਏ।
ਰਾਜਸਥਾਨ ਦੇ ਜੋਧਪੁਰ ਨਗਰ ਨਿਗਮ ਵਿੱਚ ਸ਼ੁੱਕਰਵਾਰ ਨੂੰ ਇੱਕ ਅਜਿਹੀ ਘਟਨਾ ਵਾਪਰੀ, ਜੋ ਹੁਣ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਇਸ ਨੂੰ ਪੜ੍ਹ ਕੇ ਖੂਬ ਹਾਸੇ ਮਜ਼ਾਕ ਕਰ ਰਹੇ ਹਨ। ਨਿਗਮ ਦੇ ਪੁਰਾਣੇ ਦਫ਼ਤਰ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਧੂੜ ਫੱਕ ਰਹੀ ਇੱਕ ਭਾਰੀ-ਭਰਕਮ ਤਿਜੋਰੀ ਨੂੰ ਜਦੋਂ ਵੱਡੀ ਮੁਸ਼ੱਕਤ ਤੋਂ ਬਾਅਦ ਖੋਲ੍ਹਿਆ ਗਿਆ, ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਅਧਿਕਾਰੀਆਂ ਦੇ ਹੋਸ਼ ਉੱਡ ਗਏ।
ਦਰਅਸਲ, ਪੁਰਾਣੇ ਦਫ਼ਤਰ ਦੀ ਸਫ਼ਾਈ ਅਤੇ ਰਿਕਾਰਡ ਦੀ ਜਾਂਚ ਦੌਰਾਨ ਅਧਿਕਾਰੀਆਂ ਦੀ ਨਜ਼ਰ ਇਸ ਬੰਦ ਪਈ ਤਿਜੋਰੀ ‘ਤੇ ਪਈ। ਜਾਣਕਾਰੀ ਅਨੁਸਾਰ ਇਹ ਤਿਜੋਰੀ ਸਾਲ 2005 ਦੇ ਆਸ-ਪਾਸ ਇੱਥੇ ਲਿਆਂਦੀ ਗਈ ਸੀ। ਸਮਾਂ ਬੀਤਣ ਦੇ ਨਾਲ ਇਸ ਦੀਆਂ ਚਾਬੀਆਂ ਗੁਆਚ ਗਈਆਂ ਅਤੇ ਇਹ ਇਕ ‘ਰਹੱਸ’ ਬਣ ਕੇ ਰਹਿ ਗਈ।
ਪ੍ਰਸ਼ਾਸਨ ਨੂੰ ਲੱਗਿਆ ਕਿ ਸ਼ਾਇਦ ਇਸ ਵਿਚ ਪੁਰਾਣੇ ਸਮੇਂ ਦੇ ਕੁਝ ਜ਼ਰੂਰੀ ਦਸਤਾਵੇਜ਼ ਜਾਂ ਨਕਦੀ ਹੋ ਸਕਦੀ ਹੈ। ਇਸ ਨੂੰ ਖੁਲ੍ਹਵਾਉਣ ਲਈ ਇੱਕ ਮਾਹਿਰ ਕਾਰੀਗਰ ਨੂੰ ਬੁਲਾਇਆ ਗਿਆ। ਤਿਜੋਰੀ ਖੋਲ੍ਹਣ ਲਈ ਵਿਸ਼ੇਸ਼ ਸੰਦਾਂ ਦੀ ਵਰਤੋਂ ਕੀਤੀ ਗਈ ਅਤੇ ਇਸ ਪੂਰੀ ਪ੍ਰਕਿਰਿਆ ‘ਤੇ ਨਿਗਮ ਦੇ ਲਗਭਗ 2,500 ਰੁਪਏ ਖ਼ਰਚ ਹੋ ਗਏ।
ਤਿਜੋਰੀ ਦੇ ਅੰਦਰੋਂ ਕੀ ਮਿਲਿਆ?
ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਜਦੋਂ ਤਿਜੋਰੀ ਦਾ ਭਾਰੀ ਦਰਵਾਜ਼ਾ ਖੁੱਲ੍ਹਿਆ, ਤਾਂ ਉੱਥੇ ਮੌਜੂਦ ਕਰਮਚਾਰੀਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਤਿਜੋਰੀ ਦੇ ਅੰਦਰ ਨਾ ਤਾਂ ਕੋਈ ਸੋਨੇ-ਚਾਂਦੀ ਦੇ ਸਿੱਕੇ ਸਨ ਅਤੇ ਨਾ ਹੀ ਕੋਈ ਸਰਕਾਰੀ ਫਾਈਲ। ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਤਿਜੋਰੀ ਵਿੱਚੋਂ 1982 ਦਾ ਮਹਿਜ਼ ਇੱਕ ਰੁਪਏ ਦਾ ਸਿੱਕਾ ਬਰਾਮਦ ਹੋਇਆ।
ਅਧਿਕਾਰੀ ਵੀ ਰਹਿ ਗਏ ਹੈਰਾਨ
ਜਿਸ ਤਿਜੋਰੀ ਨੂੰ ਖੋਲ੍ਹਣ ਲਈ ਢਾਈ ਹਜ਼ਾਰ ਰੁਪਏ ਖ਼ਰਚ ਦਿੱਤੇ ਗਏ, ਉਸ ਦੀ ਕੁੱਲ ‘ਪੂੰਜੀ’ ਸਿਰਫ਼ ਇੱਕ ਰੁਪਿਆ ਨਿਕਲੀ। ਇਹ ਨਜ਼ਾਰਾ ਦੇਖ ਕੇ ਉੱਥੇ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਹਾਸਾ ਨਿਕਲ ਗਿਆ। ਨਿਗਮ ਦੇ ਗਲਿਆਰਿਆਂ ਵਿੱਚ ਹੁਣ ਇਹ ਮਜ਼ਾਕ ਚੱਲ ਰਿਹਾ ਹੈ ਕਿ ਨਿਗਮ ਨੇ 1 ਰੁਪਏ ਨੂੰ ਸੁਰੱਖਿਅਤ ਰੱਖਣ ਲਈ 20 ਸਾਲਾਂ ਤੱਕ ਤਿਜੋਰੀ ਦੀ ਪਹਿਰੇਦਾਰੀ ਕੀਤੀ। ਸੋਸ਼ਲ ਮੀਡੀਆ ‘ਤੇ ਵੀ ਇਹ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿੱਥੇ ਲੋਕ ਚੁਟਕੀਆਂ ਲੈਂਦੇ ਹੋਏ ਕਹਿ ਰਹੇ ਹਨ ਕਿ ਇਹ ‘ਜੋਧਪੁਰ ਨਗਰ ਨਿਗਮ ਦਾ ਸਭ ਤੋਂ ਮਹਿੰਗਾ ਇੱਕ ਰੁਪਿਆ’ ਹੈ।


