ਬਿਨਾਂ ਈਥਾਨੌਲ ਵਾਲੇ ਪੈਟਰੋਲ ਦੀ ਨਹੀਂ ਹੋਵੇਗੀ ਵਾਪਸੀ, ਕੇਂਦਰ ਸਰਕਾਰ ਨੇ ਸੰਸਦ ‘ਚ ਕੀਤਾ ਸਾਫ਼

Published: 

23 Jul 2026 18:47 PM IST

ਕੇਂਦਰੀ ਪੈਟਰੋਲੀਅਮ ਅਤੇ ਪ੍ਰਾਕ੍ਰਿਤਿਕ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਸੰਸਦ ਵਿੱਚ ਬਿਆਨ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥਾਨੌਲ ਦਾ ਮਿਸ਼ਰਣ (E20) ਇੱਕ ਸੁਰੱਖਿਅਤ, ਸਵੱਛ ਅਤੇ ਤਕਨੀਕੀ ਤੌਰ 'ਤੇ ਉੱਨਤ ਈਂਧਨ ਹੈ। ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਦਾ ਮੁੜ ਤੋਂ E0 ਜਾਂ E10 ਪੈਟਰੋਲ 'ਤੇ ਵਾਪਸ ਜਾਣ ਦਾ ਕੋਈ ਪ੍ਰਸਤਾਵ ਨਹੀਂ ਹੈ।

ਬਿਨਾਂ ਈਥਾਨੌਲ ਵਾਲੇ ਪੈਟਰੋਲ ਦੀ ਨਹੀਂ ਹੋਵੇਗੀ ਵਾਪਸੀ, ਕੇਂਦਰ ਸਰਕਾਰ ਨੇ ਸੰਸਦ ਚ ਕੀਤਾ ਸਾਫ਼

ਕੇਂਦਰੀ ਪੈਟਰੋਲੀਅਮ ਅਤੇ ਪ੍ਰਾਕ੍ਰਿਤਿਕ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਸੰਸਦ ਵਿੱਚ ਬਿਆਨ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥਾਨੌਲ ਦਾ ਮਿਸ਼ਰਣ (E20) ਇੱਕ ਸੁਰੱਖਿਅਤ, ਸਵੱਛ ਅਤੇ ਤਕਨੀਕੀ ਤੌਰ ‘ਤੇ ਉੱਨਤ ਈਂਧਨ ਹੈ। ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਦਾ ਮੁੜ ਤੋਂ E0 ਜਾਂ E10 ਪੈਟਰੋਲ ‘ਤੇ ਵਾਪਸ ਜਾਣ ਦਾ ਕੋਈ ਪ੍ਰਸਤਾਵ ਨਹੀਂ ਹੈ। ਸਰਕਾਰ ਦੀ ਨੀਤੀ ਇੱਕ ਬਿਹਤਰ ਅਤੇ ਉੱਚ ਤਕਨਾਲੋਜੀ ਵੱਲ ਅੱਗੇ ਵਧਣ ਦੀ ਹੈ, ਨਾ ਕਿ ਕਿਸੇ ਹੇਠਲੇ ਮਿਆਰ ਵੱਲ ਵਾਪਸ ਮੁੜਨ ਦੀ।

2025-26 ਵਿੱਚ ਹਾਸਲ ਕੀਤਾ 20% ਮਿਸ਼ਰਣ ਦਾ ਟੀਚਾ

ਸੰਸਦ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ ਨੇ ਆਪਣੇ ਨਿਰਧਾਰਿਤ ਟੀਚੇ ਤੋਂ ਪੰਜ ਸਾਲ ਪਹਿਲਾਂ ਹੀ 20% ਈਥਾਨੌਲ ਬਲੈਂਡਿੰਗ ਦਾ ਟੀਚਾ ਹਾਸਲ ਕਰ ਲਿਆ ਹੈ। ਸਾਲ 2022-23 ਵਿੱਚ ਔਸਤ ਈਥਾਨੌਲ ਮਿਸ਼ਰਣ ਲਗਭਗ 12% ਸੀ, ਜੋ 2023-24 ਵਿੱਚ ਵਧ ਕੇ ~14.6%, 2024-25 ਵਿੱਚ ~19.2% ਅਤੇ 2025-26 ਦੌਰਾਨ 20% ਤੱਕ ਪਹੁੰਚ ਗਿਆ ਹੈ। ਫਿਲਹਾਲ 20% ਤੋਂ ਵੱਧ ਮਿਸ਼ਰਣ ਕਰਨ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਦੂਜੇ ਪਾਸੇ, ਫਲੈਕਸ-ਫਿਊਲ ਵਾਹਨਾਂ ਲਈ ਲਿਆਂਦਾ ਗਿਆ E85 (85% ਈਥਾਨੌਲ) ਈਂਧਨ ਸਿਰਫ਼ ਉਨ੍ਹਾਂ ਹੀ ਵਿਸ਼ੇਸ਼ ਵਾਹਨਾਂ ਲਈ ਪ੍ਰਮਾਣਿਤ ਹੈ ਅਤੇ ਇਹ ਆਮ ਪੈਟਰੋਲ ਸਪਲਾਈ ਵਿੱਚ ਸ਼ਾਮਲ ਨਹੀਂ ਹੈ।

ਇੰਜਣ ਖ਼ਰਾਬ ਹੋਣ ਦੇ ਖ਼ਦਸ਼ੇ ਕੀਤੇ ਖ਼ਾਰਜ

ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਵਾਹਨਾਂ ਦੇ ਇੰਜਣ ਖ਼ਰਾਬ ਹੋਣ ਜਾਂ ਮਾਈਲੇਜ ਘਟਣ ਬਾਰੇ ਚੱਲ ਰਹੀਆਂ ਖ਼ਬਰਾਂ ਨੂੰ ਸਰਕਾਰ ਨੇ ਪੂਰੀ ਤਰ੍ਹਾਂ ਖ਼ਾਰਜ ਕਰ ਦਿੱਤਾ ਹੈ। ਸਰਕਾਰ ਨੇ ਦੱਸਿਆ ਕਿ ਵਿਆਪਕ ਪ੍ਰਯੋਗਸ਼ਾਲਾ ਪਰੀਖਣਾਂ, ਫੀਲਡ ਵੈਰੀਫਿਕੇਸ਼ਨ (ਜੋ NITI Aayog, IOCL, ARAI, IIP ਅਤੇ SIAM ਦੁਆਰਾ ਚਲਾਈ ਗਈ) ਅਤੇ ਅਸਲ ਵਰਤੋਂ ਦੇ ਡਾਟੇ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ E20 ਈਂਧਨ ਨਾਲ ਵਾਹਨਾਂ ਜਾਂ ਇੰਜਣਾਂ ਨੂੰ ਕੋਈ ਅਸਧਾਰਨ ਨੁਕਸਾਨ ਜਾਂ ਘਿਸਾਵਟ ਨਹੀਂ ਹੁੰਦੀ।

ਦੇਸ਼ ਦੇ ਇੱਕ ਪ੍ਰਮੁੱਖ ਯਾਤਰੀ ਵਾਹਨ ਨਿਰਮਾਤਾ ਨੇ ਵਿੱਤੀ ਸਾਲ 2025-26 ਦੌਰਾਨ 2.84 ਕਰੋੜ ਵਾਹਨਾਂ ਦੀ ਸਰਵਿਸਿੰਗ ਕੀਤੀ, ਜਿਨ੍ਹਾਂ ਵਿੱਚ ਲਗਭਗ 1.5 ਕਰੋੜ ਪੁਰਾਣੇ (ਗੈਰ-E20 ਪ੍ਰਮਾਣਿਤ) ਵਾਹਨ ਸ਼ਾਮਲ ਸਨ, ਅਤੇ ਈਥਾਨੌਲ ਕਾਰਨ ਇੰਜਣ ਖ਼ਰਾਬ ਹੋਣ ਦੀ ਇੱਕ ਵੀ ਸ਼ਿਕਾਇਤ ਸਾਹਮਣੇ ਨਹੀਂ ਆਈ। ਮੌਜੂਦਾ ਸਮੇਂ ਵਿੱਚ 20 ਕਰੋੜ ਤੋਂ ਵੱਧ ਦੋ-ਪਹੀਆ ਵਾਹਨ ਅਤੇ 3 ਕਰੋੜ ਤੋਂ ਵੱਧ ਪੈਟਰੋਲ ਕਾਰਾਂ E15+ ਅਤੇ E20 ਬਲੈਂਡ ‘ਤੇ ਬਿਨਾਂ ਕਿਸੇ ਵੱਡੀ ਖ਼ਰਾਬੀ ਦੇ ਚੱਲ ਰਹੀਆਂ ਹਨ।

ਮਾਈਲੇਜ ਅਤੇ ਪਰਫ਼ਾਰਮੈਂਸ ‘ਤੇ ਕੀ ਪਵੇਗਾ ਅਸਰ?

ਮਾਈਲੇਜ ਦੇ ਸਬੰਧ ਵਿੱਚ ਸਰਕਾਰ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਈਂਧਨ ਦੀ ਖਪਤ ਕਈ ਗੱਲਾਂ ‘ਤੇ ਨਿਰਭਰ ਕਰਦੀ ਹੈ ਜਿਵੇਂ ਗੱਡੀ ਚਲਾਉਣ ਦੀ ਆਦਤ, ਵਾਹਨ ਦੀ ਸਾਂਭ-ਸੰਭਾਲ ਅਤੇ ਸੜਕ ਦੀ ਹਾਲਤ। ਪੁਰਾਣੇ E10 ਡਿਜ਼ਾਈਨ ਵਾਲੇ ਵਾਹਨਾਂ ਵਿੱਚ E20 ਨਾਲ ਮਾਈਲੇਜ ਵਿੱਚ ਵੱਧ ਤੋਂ ਵੱਧ 3 ਤੋਂ 5 ਪ੍ਰਤੀਸ਼ਤ ਦੀ ਮਾਮੂਲੀ ਕਮੀ ਆ ਸਕਦੀ ਹੈ। ਹਾਲਾਂਕਿ, E20 ਈਂਧਨ ਦਾ ਆਕਟੇਨ ਨੰਬਰ ਜ਼ਿਆਦਾ ਹੁੰਦਾ ਹੈ, ਜਿਸ ਨਾਲ ਵਾਹਨ ਦਾ ਪਿਕ-ਅੱਪ, ਰਾਈਡ ਕੁਆਲਿਟੀ ਅਤੇ ਇੰਜਣ ਦੀ ਕਾਰਜਕੁਸ਼ਲਤਾ ਪਹਿਲਾਂ ਨਾਲੋਂ ਬਿਹਤਰ ਹੁੰਦੀ ਹੈ।

ਦੇਸ਼ ਅਤੇ ਕਿਸਾਨਾਂ ਨੂੰ ਮਿਲਿਆ ਵੱਡਾ ਆਰਥਿਕ ਲਾਭ

ਈਥਾਨੌਲ ਮਿਸ਼ਰਣ ਨੀਤੀ ਨਾਲ ਦੇਸ਼ ਨੂੰ ਹੋਏ ਆਰਥਿਕ ਲਾਭਾਂ ਦਾ ਵੇਰਵਾ ਦਿੰਦਿਆਂ ਸਰਕਾਰ ਨੇ ਦੱਸਿਆ:

ਵਿਦੇਸ਼ੀ ਮੁਦਰਾ ਦੀ ਬਚਤ: ਈਥਾਨੌਲ ਮਿਸ਼ਰਣ ਨਾਲ ₹1.97 ਲੱਖ ਕਰੋੜ ਤੋਂ ਵੱਧ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋਈ ਹੈ।

ਕੱਚੇ ਤੇਲ ਦੀ ਘੱਟ ਖਪਤ: ਲਗਭਗ 316 ਲੱਖ ਮੀਟ੍ਰਿਕ ਟਨ ਕੱਚੇ ਤੇਲ ਦਾ ਆਯਾਤ ਘਟਿਆ ਹੈ।

ਪ੍ਰਦੂਸ਼ਣ ਵਿੱਚ ਕਮੀ: ਲਗਭਗ 952 ਲੱਖ ਮੀਟ੍ਰਿਕ ਟਨ CO2 ਦਾ ਉਤਸਰਜਨ ਘੱਟ ਹੋਇਆ ਹੈ।

ਕਿਸਾਨਾਂ ਦੀ ਭਲਾਈ: ਦੇਸ਼ ਦੇ ਕਿਸਾਨਾਂ ਨੂੰ ਈਥਾਨੌਲ ਉਤਪਾਦਨ ਬਦਲੇ ₹1.66 ਲੱਖ ਕਰੋੜ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਹੈ।

ਸ਼ਿਕਾਇਤ ਨਿਵਾਰਨ ਲਈ ਬਣਾਇਆ ਮਜ਼ਬੂਤ ਸਿਸਟਮ

ਸਰਕਾਰੀ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ E20 ਈਂਧਨ ਨਾਲ ਜੁੜੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਦੇ ਨਿਪਟਾਰੇ ਲਈ ਇੱਕ ਮਜ਼ਬੂਤ ਪ੍ਰਣਾਲੀ ਤਿਆਰ ਕੀਤੀ ਹੈ। ਉਪਭੋਗਤਾ ਪੈਟਰੋਲ ਪੰਪਾਂ ‘ਤੇ ਰੱਖੀ ਸ਼ਿਕਾਇਤ ਪੁਸਤਕ, ਟੋਲ-ਫ੍ਰੀ ਹੈਲਪਲਾਈਨ ਨੰਬਰ, ਕੰਪਨੀ ਦੀਆਂ ਵੈੱਬਸਾਈਟਾਂ, ਮੋਬਾਈਲ ਐਪਸ, ਸੋਸ਼ਲ ਮੀਡੀਆ ਅਤੇ CPGRAMS ਪੋਰਟਲ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਜਿਨ੍ਹਾਂ ਦਾ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਹੱਲ ਕੀਤਾ ਜਾਂਦਾ ਹੈ।

Follow Us