ਦਿੱਲੀ: ਜਾਂਚ-ਮੁਆਵਜ਼ੇ ਤੋਂ ਜਵਾਬਦੇਹੀ ਤੱਕ ਸਤਿਆ ਨਿਕੇਤਨ PG ਹਾਦਸੇ ‘ਤੇ CJP ਦੀਆਂ 7 ਮੰਗਾਂ

Published: 

08 Sep 2026 08:03 AM IST

ਕਾਕਰੋਚ ਜਨਤਾ ਪਾਰਟੀ (CJP) ਨੇ PG ਮਾਫੀਆ ਦੀ ਜਾਂਚ, ਅਧਿਕਾਰੀਆਂ ਦੀ ਜਵਾਬਦੇਹੀ, ਪੀੜਤਾਂ ਲਈ ਮੁਆਵਜ਼ੇ ਤੇ ਸੁਰੱਖਿਅਤ ਵਿਦਿਆਰਥੀ ਰਿਹਾਇਸ਼ ਸਮੇਤ ਸੱਤ ਮਹੱਤਵਪੂਰਨ ਮੰਗਾਂ ਉਠਾਈਆਂ ਹਨ।

ਦਿੱਲੀ: ਜਾਂਚ-ਮੁਆਵਜ਼ੇ ਤੋਂ ਜਵਾਬਦੇਹੀ ਤੱਕ ਸਤਿਆ ਨਿਕੇਤਨ PG ਹਾਦਸੇ ਤੇ CJP ਦੀਆਂ 7 ਮੰਗਾਂ

ਦਿੱਲੀ ਦੇ ਸਤਿਆ ਨਿਕੇਤਨ ਵਿੱਚ ਇਮਾਰਤ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕਈ ਲੋਕ ਜ਼ਖਮੀ ਹੋਏ ਹਨ। ਇਸ ਦਰਦਨਾਕ ਹਾਦਸੇ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉੱਥੇ ਹੀ ਸਰਕਾਰ ਦੀ ਜਵਾਬਦੇਹੀ ਤੇ ਰਾਜਧਾਨੀ ‘ਚ PG ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਇਸ ਦੌਰਾਨ ਸੋਮਵਾਰ ਨੂੰ ਕਾਕਰੋਚ ਜਨਤਾ ਪਾਰਟੀ (CJP) ਨੇ ਸੱਤ ਮੰਗਾਂ ਸਾਹਮਣੇ ਰੱਖੀਆਂ ਹਨ। CJP ਨੇ PG ਮਾਫੀਆ ਦੀ ਜਾਂਚ, ਅਧਿਕਾਰੀਆਂ ਦੀ ਜਵਾਬਦੇਹੀ, ਵਿਦਿਆਰਥੀਆਂ ਲਈ ਸੁਰੱਖਿਅਤ ਰਿਹਾਇਸ਼ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਦਰਅਸਲ, ਦੱਖਣ-ਪੱਛਮੀ ਦਿੱਲੀ ਦੇ ਸਤਿਆ ਨਿਕੇਤਨ ‘ਚ ਬਹੁਮੰਜ਼ਿਲਾ PG ਇਮਾਰਤ ਡਿੱਗਣ ਨਾਲ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਜ਼ਿਆਦਾਤਰ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ। ਹਾਦਸੇ ‘ਚ ਕਈ ਹੋਰ ਲੋਕ ਜ਼ਖਮੀ ਵੀ ਹੋਏ ਹਨ। ਘਟਨਾ ਤੋਂ ਬਾਅਦ ਪੁਲਿਸ ਨੇ PG ਮਾਲਕ, ਉਸ ਦੀ ਪਤਨੀ ਤੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕਾਕਰੋਚ ਜਨਤਾ ਪਾਰਟੀ (CJP) ਦੇ ਬੁਲਾਰੇ ਸੌਰਭ ਦਾਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ 7 ਮੰਗਾਂ ਦਾ ਜ਼ਿਕਰ ਕੀਤਾ ਹੈ।

CJP ਦੀਆਂ 7 ਮੰਗਾਂ

  • CJP ਨੇ PG ਮਾਲਕ ਖ਼ਿਲਾਫ਼ ਕਾਰਵਾਈ ਦੀ ਬਜਾਏ ਸੁਤੰਤਰ ਅਪਰਾਧਿਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਲਕ ਦੇ ਨਾਲ-ਨਾਲ ਆਗੂਆਂ ਤੇ ਹੋਰ ਲੋਕਾਂ ਵਿਚਕਾਰ ਕਥਿਤ ਗਠਜੋੜ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਪਾਰਟੀ ਨੇ ਇਸ ਨੂੰ ਵੱਡੇ PG ਮਾਫੀਆ ਦੀ ਜਾਂਚ ਨਾਲ ਜੋੜਦੇ ਹੋਏ ਪੂਰੇ ਨੈੱਟਵਰਕ ਨੂੰ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।
  • ਕਾਕਰੋਚ ਜਨਤਾ ਪਾਰਟੀ ਨੇ ਸਕੂਲ, ਕਾਲਜ ਤੇ ਵਿਦਿਆਰਥੀਆਂ ਦੀ ਰਿਹਾਇਸ਼ ਸਮੇਤ ਸਾਰੀਆਂ ਅਜਿਹੀਆਂ ਇਮਾਰਤਾਂ ਦਾ ਤੈਅ ਸਮਾਂ ਸੀਮਾ ਅੰਦਰ ਇੰਜੀਨੀਅਰਿੰਗ-ਗ੍ਰੇਡ ਸਟ੍ਰਕਚਰਲ ਆਡਿਟ ਕਰਵਾਉਣ ਦੀ ਮੰਗ ਕੀਤੀ ਹੈ। ਨਾਲ ਹੀ ਗੈਰ-ਕਾਨੂੰਨੀ ਨਿਰਮਾਣ ਨੂੰ ਸੀਲ ਕਰਨ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮਾਲਕਾਂ ‘ਤੇ ਸਖ਼ਤ ਕਾਰਵਾਈ ਦੀ ਗੱਲ ਕਹੀ ਹੈ। ਹਾਦਸੇ ਤੋਂ ਪ੍ਰਭਾਵਿਤ ਵਿਦਿਆਰਥੀਆਂ ਦੇ ਪੁਨਰਵਾਸ ਦੀ ਮੰਗ ਵੀ ਇਸ ‘ਚ ਸ਼ਾਮਲ ਹੈ।
  • CJP ਨੇ ਇੱਕ ਜਨਤਕ ਤੌਰ ‘ਤੇ ਖੋਜਯੋਗ ਡਾਟਾਬੇਸ ਬਣਾਉਣ ਦੀ ਮੰਗ ਕੀਤੀ ਹੈ। ਇਸ ‘ਚ ਲੋਕ ਦੇਖ ਸਕਣ ਕਿ ਕੋਈ ਵਿਦਿਆਰਥੀ ਰਿਹਾਇਸ਼ੀ ਸਥਾਨ ਸਰਕਾਰੀ ਤੌਰ ‘ਤੇ ਮਨਜ਼ੂਰਸ਼ੁਦਾ ਹੈ ਜਾਂ ਨਹੀਂ ਤੇ ਉਸ ਦੀ ਸੁਰੱਖਿਆ ਦੀ ਸਥਿਤੀ ਕੀ ਹੈ। ਇਸ ਨਾਲ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ PG ਚੁਣਨ ਤੋਂ ਪਹਿਲਾਂ ਜ਼ਰੂਰੀ ਜਾਣਕਾਰੀ ਮਿਲ ਸਕੇਗੀ।
  • ਕਾਕਰੋਚ ਪਾਰਟੀ ਨੇ ਦਿੱਲੀ ਯੂਨੀਵਰਸਿਟੀ ਤੇ ਹੋਰ ਵਿਦਿਆਰਥੀਆਂ ਲਈ ਖੁਦਮੁਖਤਿਆਰ ਸਰਕਾਰੀ ਹੋਸਟਲ ਬਣਾਉਣ ਦੀ ਮੰਗ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਸੁਰੱਖਿਅਤ ਤੇ ਕਿਫਾਇਤੀ ਸਰਕਾਰੀ ਰਿਹਾਇਸ਼ ਉਪਲਬਧ ਹੋਣ ਨਾਲ ਵਿਦਿਆਰਥੀਆਂ ਦੀ ਗੈਰ-ਨਿਯਮਤ PG ਪ੍ਰਬੰਧ ‘ਤੇ ਨਿਰਭਰਤਾ ਘੱਟ ਹੋਵੇਗੀ।
  • CJP ਨੇ ਹਾਦਸੇ ‘ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਤੱਕ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉੱਥੇ ਹੀ ਜ਼ਖਮੀਆਂ ਲਈ 20 ਲੱਖ ਰੁਪਏ ਤੱਕ ਮੁਆਵਜ਼ੇ ਦੀ ਮੰਗ ਰੱਖੀ ਗਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਲਈ ਤੁਰੰਤ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਹੈ।
  • ਕਾਕਰੋਚ ਪਾਰਟੀ ਨੇ 3 ਜੂਨ 2026 ਨੂੰ ਮਾਲਵੀਆ ਨਗਰ ਦੇ ਹੋਟਲ ‘ਚ ਲੱਗੀ ਅੱਗ ਤੋਂ ਬਾਅਦ ਬਣਾਈਆਂ ਗਈਆਂ 13 ਜ਼ਿਲ੍ਹਾ ਕਮੇਟੀਆਂ ਦਾ ਰਿਕਾਰਡ ਜਨਤਕ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਇਮਾਰਤਾਂ ਦੀ ਪਛਾਣ, ਆਡਿਟ, ਇਨਫੋਰਸਮੈਂਟ ਤੇ ਸੀਲਿੰਗ ਦਾ ਕੰਮ ਕੀਤਾ ਗਿਆ ਸੀ। CJP ਨੇ ਇਨਫੋਰਸਮੈਂਟ ਰਿਪੋਰਟ ਸਮੇਤ ਸਤਿਆ ਨਿਕੇਤਨ ਸਰਵੇਖਣ ਨੂੰ 48 ਘੰਟਿਆਂ ਦੇ ਅੰਦਰ ਜਨਤਕ ਕਰਨ ਦੀ ਮੰਗ ਕੀਤੀ ਹੈ ਤੇ ਇਲਜ਼ਾਮ ਲਗਾਇਆ ਹੈ ਕਿ ਇਹ ਕਮੇਟੀਆਂ ਤਿੰਨ ਮਹੀਨਿਆਂ ‘ਚ ਨਿਸ਼ਕਿਰਿਆ ਹੋ ਗਈਆਂ।
  • CJP ਦੇ ਬੁਲਾਰੇ ਸੌਰਵ ਦਾਸ ਨੇ ਮੰਤਰੀ ਪੱਧਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਿੱਲੀ ਦੇ ਸ਼ਹਿਰੀ ਵਿਕਾਸ, ਯੋਜਨਾਬੰਦੀ ਤੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਤੋਂ ਸਵਾਲ ਕੀਤਾ ਕਿ 13 ਜ਼ਿਲ੍ਹਾ ਕਮੇਟੀਆਂ ਦਾ ਕੰਮ ਕਿਉਂ ਹੌਲੀ ਜਾਂ ਬੰਦ ਹੋ ਗਿਆ।

ਹਾਈ ਕੋਰਟ ਨੇ ਦਿੱਤਾ ਜਾਂਚ ਦਾ ਹੁਕਮ

ਇਸ ਦੌਰਾਨ ਦਿੱਲੀ ਹਾਈ ਕੋਰਟ ਨੇ MCD ਨੂੰ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰ ‘ਚ ਅਜਿਹੇ ਹਾਦਸਿਆਂ ਦੀ ਜ਼ਿੰਮੇਵਾਰੀ ਸਿਰਫ਼ PG ਹੋਸਟਲ ਦੇ ਮਾਲਕ ਦੀ ਨਹੀਂ, ਸਗੋਂ ਯੂਨੀਵਰਸਿਟੀ ਅਧਿਕਾਰੀਆਂ ਤੇ MCD ਦੀ ਵੀ ਹੈ।

ਚੀਫ਼ ਜਸਟਿਸ ਡੀ.ਕੇ. ਉਪਾਧਿਆਏ ਤੇ ਜਸਟਿਸ ਤੇਜਸ ਕਰੀਆ ਦੀ ਬੈਂਚ ਨੇ ਨਿਰਦੇਸ਼ ਦਿੱਤਾ ਕਿ ਜਾਂਚ ਵਿੱਚ ਖਾਸ ਤੌਰ ‘ਤੇ ਇਹ ਯਕੀਨੀ ਬਣਾਇਆ ਜਾਵੇ ਕਿ ਡਿੱਗੀ ਹੋਈ ਇਮਾਰਤ ਦਾ ਨਿਰਮਾਣ ਕਾਨੂੰਨੀ ਤੇ ਲੋੜੀਂਦੀਆਂ ਮਨਜ਼ੂਰੀਆਂ ਦੇ ਅਨੁਸਾਰ ਕੀਤਾ ਗਿਆ ਸੀ ਜਾਂ ਨਹੀਂ। ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਨਾਕਾਮੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਪਛਾਣ ਕੀਤੀ ਜਾਵੇ ਤੇ ਜੇਕਰ ਕੋਈ ਕਾਰਵਾਈ ਪ੍ਰਸਤਾਵਿਤ ਜਾਂ ਕੀਤੀ ਗਈ ਹੈ ਤਾਂ ਅਜਿਹੀ ਲਾਪਰਵਾਹੀ ਲਈ ਜ਼ਿੰਮੇਵਾਰ ਪਾਏ ਗਏ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ‘ਚ PG ਦੇ ਮਾਲਕ, ਉਸ ਦੀ ਪਤਨੀ ਤੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Loading...
Unable to load recommendations.
Follow Us