‘ਜਿੱਥੇ ਨੀਅਤ ਨਹੀਂ, ਉੱਥੇ ਜਵਾਬਦੇਹੀ ਵੀ ਨਹੀਂ’, ਸੱਤਿਆ ਨਿਕੇਤਨ ਹਾਦਸੇ ‘ਤੇ ਰਾਹੁਲ ਗਾਂਧੀ ਦਾ ਤਨਜ਼
ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਵਿਦਿਆਰਥੀਆਂ ਨਾਲ ਭਰੀ ਇੱਕ ਪੰਜ ਮੰਜ਼ਿਲਾ ਪੀਜੀ (PG) ਇਮਾਰਤ ਢਹਿ-ਢੇਰੀ ਹੋਣ ਦੀ ਘਟਨਾ ਤੋਂ ਬਾਅਦ ਸਿਆਸੀ ਪਾਰਾ ਗਰਮਾ ਗਿਆ ਹੈ। ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਇਸ ਮੰਦਭਾਗੇ ਹਾਦਸੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਹਮਲਾ ਬੋਲਿਆ ਹੈ।
ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਵਿਦਿਆਰਥੀਆਂ ਨਾਲ ਭਰੀ ਇੱਕ ਪੰਜ ਮੰਜ਼ਿਲਾ ਪੀਜੀ (PG) ਇਮਾਰਤ ਢਹਿ-ਢੇਰੀ ਹੋਣ ਦੀ ਘਟਨਾ ਤੋਂ ਬਾਅਦ ਸਿਆਸੀ ਪਾਰਾ ਗਰਮਾ ਗਿਆ ਹੈ। ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਇਸ ਮੰਦਭਾਗੇ ਹਾਦਸੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ‘ਤੇ ਤਿੱਖਾ ਹਮਲਾ ਬੋਲਿਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਇਸ ਘਟਨਾ ਨੂੰ ਭਾਜਪਾ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਦੱਸਦਿਆਂ ਦੋਸ਼ ਲਗਾਇਆ ਕਿ ਸਰਕਾਰ ਹਾਦਸਿਆਂ ਨੂੰ ਰੋਕਣ ਦੀ ਥਾਂ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਰਹਿੰਦੀ ਹੈ।
ਰਾਹੁਲ ਗਾਂਧੀ ਦਾ ਸਰਕਾਰ ‘ਤੇ ਤੰਜ
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਰਾਹੁਲ ਗਾਂਧੀ ਨੇ ਲਿਖਿਆ ਕਿ ਭਾਜਪਾ ਸਰਕਾਰ ਦਾ ਹਰ ਵਾਰ ਇੱਕੋ ਸ਼ਰਮਨਾਕ ਪੈਟਰਨ ਰਿਹਾ ਹੈ ਘਟਨਾਵਾਂ ਤੋਂ ਪਹਿਲਾਂ ਪੁਖ਼ਤਾ ਰੋਕਥਾਮ ਦੇ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ, ਪਰ ਹਾਦਸਾ ਵਾਪਰਨ ਮਗਰੋਂ ਸਿਰਫ਼ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਛੋਟੇ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਬਣਾ ਕੇ ਜ਼ਿੰਮੇਵਾਰੀ ਉਨ੍ਹਾਂ ਸਿਰ ਮੜ੍ਹ ਦਿੱਤੀ ਜਾਂਦੀ ਹੈ, ਜਦਕਿ ਅਸਲ ਦੋਸ਼ੀ ਕਿਸੇ ਵੀ ਜਵਾਬਦੇਹੀ ਤੋਂ ਬਚ ਨਿਕਲਦੇ ਹਨ।
ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਸੱਤਿਆ ਨਿਕੇਤਨ ਵਿੱਚ ਵਿਦਿਆਰਥੀਆਂ ਨਾਲ ਭਰੀ ਇਮਾਰਤ ਦਾ ਡਿੱਗਣਾ ਕੋਈ ਇੱਕਲੀ ਘਟਨਾ ਨਹੀਂ ਹੈ। ਪਿਛਲੇ ਚਾਰ ਮਹੀਨਿਆਂ ਦੌਰਾਨ ਸੈਦੁਲਾਜਾਬ ਵਿੱਚ ਵਾਪਰੇ ਅਜਿਹੇ ਹਾਦਸੇ ‘ਚ 6 ਲੋਕਾਂ ਦੀ ਜਾਨ ਗਈ ਸੀ, ਜਦਕਿ ਹੌਜ਼ ਰਾਨੀ ਵਿਖੇ ਭਿਆਨਕ ਅੱਗ ਕਾਰਨ 22 ਲੋਕ ਮਾਰੇ ਗਏ ਸਨ। ਹਰ ਵਾਰ ਨੌਜਵਾਨਾਂ ਦੀਆਂ ਜ਼ਿੰਦਗੀਆਂ, ਸੁਪਨੇ ਅਤੇ ਉਮੀਦਾਂ ਮਲਬੇ ਹੇਠ ਦੱਬ ਜਾਂਦੀਆਂ ਹਨ, ਪਰ ਜ਼ਿੰਮੇਵਾਰਾਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਹੁੰਦੀ।
ਸਵਾਲ ਪੁੱਛਣ ‘ਤੇ ਅਪਮਾਨਜਨਕ ਤਗ਼ਮੇ ਵੰਡੇ ਜਾਂਦੇ ਹਨ
ਵਿਰੋਧੀ ਧਿਰ ਦੇ ਨੇਤਾ ਨੇ ਅੱਗੇ ਕਿਹਾ ਕਿ ਜਦੋਂ ਸਰਕਾਰ ਕੋਲੋਂ ਜਵਾਬਦੇਹੀ ਮੰਗੀ ਜਾਂਦੀ ਹੈ ਤਾਂ ਖ਼ੁਦ ਪ੍ਰਧਾਨ ਮੰਤਰੀ ਸਵਾਲ ਪੁੱਛਣ ਵਾਲਿਆਂ ਨੂੰ ‘ਦਿਮਾਗੀ ਨਕਸਲੀ’ ਜਾਂ ‘ਨਾਰਾਜ਼ ਫੁੱਫੜ’ ਵਰਗੇ ਅਪਮਾਨਜਨਕ ਲਕਬ ਦੇ ਦਿੰਦੇ ਹਨ। ਇਸ ਦਾ ਇੱਕੋ-ਇੱਕ ਮਕਸਦ ਸਵਾਲ ਚੁੱਕਣ ਵਾਲਿਆਂ ਨੂੰ ਸ਼ਰਮਸਾਰ ਕਰਨਾ, ਬਦਨਾਮ ਕਰਨਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਇਹ ਸਰਕਾਰ ਦੁਨੀਆ ਭਰ ਦੀਆਂ ਫ਼ਜ਼ੂਲ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਂਦੀ ਰਹੀ, ਪਰ ਅਸਲ ਮੁੱਦਿਆਂ ‘ਤੇ ਕਦੇ ਗੱਲ ਨਹੀਂ ਕੀਤੀ। ਦਿੱਲੀ ਵਿੱਚ ਜਦੋਂ ‘ਟ੍ਰਿਪਲ ਇੰਜਣ’ ਸਰਕਾਰ ਹੈ ਤਾਂ ਆਖ਼ਰ ਉਹ ਕਿਸ ਗੱਲੋਂ ਬੇਵੱਸ ਹੈ? ਇਹ ਬੇਵੱਸੀ ਨੀਅਤ ਦੀ ਹੈ, ਕਿਉਂਕਿ ਜਿੱਥੇ ਨੇਕ ਨੀਅਤ ਨਹੀਂ ਹੁੰਦੀ, ਉੱਥੇ ਕਦੇ ਜਵਾਬਦੇਹੀ ਵੀ ਨਹੀਂ ਆ ਸਕਦੀ।
हर बार BJP सरकार का वही शर्मनाक पैटर्न – हादसों से पहले रोकथाम नहीं, उनके बाद बयानबाज़ी होती है, कुछ छोटे अफ़सरों पर ज़िम्मेदारी मढ़ दी जाती है, और असली गुनहगार जवाबदेही मुक्त रहते हैं।
सत्य निकेतन में छात्रों से भरी इमारत का गिरना कोई अकेली त्रासदी नहीं है। पिछले 4 महीनों में — Rahul Gandhi (@RahulGandhi) September 7, 2026ਇਹ ਵੀ ਪੜ੍ਹੋ
ਕਾਂਗਰਸ ਨੇ ‘ਚਾਰ ਇੰਜਣ ਵਾਲੀ ਸਰਕਾਰ’ ਨੂੰ ਕਿਹਾ ਕਿਲਿੰਗ ਮਸ਼ੀਨ
ਕਾਂਗਰਸ ਪਾਰਟੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਪੀਆਰ ਬੈਲੂਨ’ ਹੁਣ ਫੁੱਟ ਚੁੱਕਾ ਹੈ ਅਤੇ ਦਿੱਲੀ ਦੀ ਸਰਕਾਰ ਵਿਦਿਆਰਥੀਆਂ ਦੀ ਜਾਨ ਲੈਣ ਵਾਲੀ ‘ਕਿਲਿੰਗ ਮਸ਼ੀਨ’ ਸਾਬਤ ਹੋ ਰਹੀ ਹੈ। ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਨੇੜੇ ਵਾਪਰੇ ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਤੋਂ ਬਾਅਦ ਵਿਰੋਧੀ ਧਿਰ ਨੇ ਮੰਗ ਕੀਤੀ ਕਿ ਘਟਨਾ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਵੇ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਕਿਫ਼ਾਇਤੀ ਰਿਹਾਇਸ਼ੀ ਪ੍ਰਬੰਧ ਕਰਨ, ਹੋਸਟਲਾਂ ਅਤੇ ਪੀਜੀ ਲਈ ‘ਰੈਂਟ ਕੰਟਰੋਲ ਐਕਟ’ ਲਾਗੂ ਕਰਨ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਵੀ ਚੁੱਕੀ ਗਈ।
ਕਨ੍ਹਈਆ ਕੁਮਾਰ ਦੇ ਗੰਭੀਰ ਆਰੋਪ
ਐੱਨਐੱਸਯੂਆਈ (NSUI) ਦੇ ਪ੍ਰਧਾਨ ਵਿਨੋਦ ਜਾਖੜ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਂਗਰਸੀ ਆਗੂ ਕਨ੍ਹਈਆ ਕੁਮਾਰ ਨੇ ਕਿਹਾ ਕਿ ਇਹ ਬੇਹੱਦ ਚਿੰਤਾਜਨਕ ਹੈ ਕਿ 24 ਘੰਟੇ ਬੀਤ ਜਾਣ ਦੇ ਬਾਵਜੂਦ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਅਤੇ ਮਲਬਾ ਅਜੇ ਤੱਕ ਪੂਰੀ ਤਰ੍ਹਾਂ ਹਟਾਇਆ ਨਹੀਂ ਗਿਆ। ਐੱਨਐੱਸਯੂਆਈ ਦੇ ਇੰਚਾਰਜ ਨੇ ਦੱਸਿਆ ਕਿ ਮਲਬੇ ਹੇਠ ਅਜੇ ਵੀ ਕਿੰਨੇ ਲੋਕ ਦੱਬੇ ਹੋਏ ਹਨ, ਇਸ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਕਿਹਾ, “ਇਸ ਪੀਜੀ ਵਿੱਚ 45 ਬੈੱਡ ਸਨ। ਐਤਵਾਰ ਦਾ ਦਿਨ ਹੋਣ ਕਾਰਨ ਜੇਕਰ ਸਾਰੇ ਵਿਦਿਆਰਥੀ ਅੰਦਰ ਮੌਜੂਦ ਹੁੰਦੇ ਤਾਂ ਹਾਲਾਤ ਕਿੰਨੇ ਭਿਆਨਕ ਹੁੰਦੇ? ਬੇਸਮੈਂਟ ਵਿੱਚ ਮਜ਼ਦੂਰ ਕੰਮ ਕਰ ਰਹੇ ਸਨ ਅਤੇ ਵਿਦਿਆਰਥੀ ਇਮਾਰਤ ਦੀਆਂ ਪੌੜੀਆਂ ‘ਤੇ ਵੀ ਬੈਠੇ ਸਨ। ਉੱਥੇ ਤਾਇਨਾਤ ਪੁਲਿਸ ਪ੍ਰਸ਼ਾਸਨ ਨਾ ਸਿਰਫ਼ ਰਾਹਤ ਅਤੇ ਬਚਾਅ ਕਾਰਜਾਂ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਅਸਫ਼ਲ ਰਿਹਾ, ਸਗੋਂ ਸੱਚਾਈ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਵਿੱਚ ਵੀ ਜੁਟਿਆ ਹੋਇਆ ਹੈ।”
ਕਨ੍ਹਈਆ ਕੁਮਾਰ ਨੇ ਅੱਗੇ ਦੋਸ਼ ਲਾਇਆ ਕਿ ਭਾਜਪਾ ਨੇ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਆਲੀਸ਼ਾਨ ਫਾਈਵ-ਸਟਾਰ ਪਾਰਟੀ ਦਫ਼ਤਰ ਤਿਆਰ ਕੀਤੇ ਹਨ ਜੋ ਕਦੇ ਨਹੀਂ ਡਿੱਗਦੇ, ਪਰ ਦੇਸ਼ ਦੇ ਪੁਲ, ਸੜਕਾਂ ਅਤੇ ਸਰਕਾਰੀ ਇਮਾਰਤਾਂ ਲਗਾਤਾਰ ਢਹਿ ਰਹੀਆਂ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਕਦੇ ਕੋਚਿੰਗ ਸੈਂਟਰਾਂ ਵਿੱਚ ਪਾਣੀ ਭਰਨ ਜਾਂ ਅੱਗ ਲੱਗਣ ਕਾਰਨ ਅਤੇ ਕਦੇ ਲਾਇਬ੍ਰੇਰੀਆਂ ਵਿੱਚ ਅੱਗ ਲੱਗਣ ਕਾਰਨ ਵਿਦਿਆਰਥੀਆਂ ਦੀਆਂ ਜਾਨਾਂ ਜਾ ਰਹੀਆਂ ਹਨ। ਆਖ਼ਰ ਭਾਜਪਾ ਸਰਕਾਰ ਇਨ੍ਹਾਂ ਮੌਤਾਂ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਕਦੋਂ ਕਬੂਲ ਕਰੇਗੀ?
