ਦਿੱਲੀ ਧਮਾਕੇ ‘ਚ ਮ੍ਰਿਤਕਾਂ ਦੀ ਪੋਸਟਮਾਰਟਮ ਰਿਪੋਰਟਾਂ ਜਾਰੀ, ਕੰਨਾਂ ਦੇ ਪਰਦੇ ਤੇ ਅੰਤੜੀਆਂ ਤੱਕ ਫਟੀਆਂ
10 ਨਵੰਬਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਭਿਆਨਕ ਧਮਾਕੇ 'ਚ ਬਾਰਾਂ ਲੋਕਾਂ ਦੀ ਮੌਤ ਹੋ ਗਈ ਹੈ। ਮਾਰੇ ਗਏ ਲੋਕਾਂ ਦੀਆਂ ਪੋਸਟਮਾਰਟਮ ਰਿਪੋਰਟਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤੋਂ ਧਮਾਕੇ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਲੋਕਾਂ ਦੇ ਕੰਨਾਂ ਦੇ ਪਰਦੇ ਤੇ ਅੰਤੜੀਆਂ ਫਟ ਗਈਆਂ ਸਨ।
ਦਿੱਲੀ ‘ਚ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ‘ਚ ਮਾਰੇ ਗਏ 12 ਲੋਕਾਂ ਦੀਆਂ ਪੋਸਟਮਾਰਟਮ ਰਿਪੋਰਟਾਂ ‘ਚ ਕਈ ਲਾਸ਼ਾਂ ‘ਚ ਹੱਡੀਆਂ ਟੁੱਟਣ ਤੇ ਸਿਰ ‘ਚ ਸੱਟਾਂ ਦੇ ਨਿਸ਼ਾਨ ਮਿਲੇ ਹਨ। ਇਸ ਤੋਂ ਇਲਾਵਾ, ਕੁੱਝ ਲਾਸ਼ਾਂ ‘ਚ ਫੇਫੜਿਆਂ, ਕੰਨਾਂ ਤੇ ਪੇਟ ‘ਚ ਧਮਾਕੇ ਦੇ ਨੁਕਸਾਨ ਦੇ ਨਿਸ਼ਾਨ ਦਿਖਾਈ ਦਿੱਤੇ। ਧਮਾਕੇ ‘ਚ ਮ੍ਰਿਤਕਾਂ ਦੇ ਕੰਨਾਂ ਦੇ ਪਰਦੇ, ਫੇਫੜੇ ਤੇ ਇੱਥੋਂ ਤੱਕ ਕਿ ਅੰਤੜੀਆਂ ਵੀ ਫਟ ਗਈਆਂ, ਜਿਸ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਬਹੁਤ ਗੰਭੀਰ ਸੀ। ਕਈ ਲੋਕਾਂ ਦੀ ਮੌਤ ਧਮਾਕੇ ਦੀਆਂ ਗੰਭੀਰ ਸੱਟਾਂ ਤੇ ਬਹੁੱਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ।
ਇਸ ਦੇ ਨਾਲ ਹੀ ਕਰਾਸ-ਇੰਜਰੀ ਪੈਟਰਨ ਵੀ ਦੇਖਿਆ ਗਿਆ, ਜਿਸ ‘ਚ ਧਮਾਕੇ ਨਾਲ ਲੋਕ ਕੰਧਾਂ ਜਾਂ ਜ਼ਮੀਨ ਟਕਰਾ ਗਏ। ਪੋਸਟਮਾਰਟਮ ‘ਚ ਸਰੀਰਾਂ ਜਾਂ ਕੱਪੜਿਆਂ ‘ਤੇ ਸਪਿਲਟਰਾਂ ਦੇ ਕੋਈ ਨਿਸ਼ਾਨ ਨਹੀਂ ਮਿਲੇ, ਪਰ ਹੋਰ ਸੰਕੇਤ ਹਨ ਕਿ ਧਮਾਕੇ ‘ਚ ਇੱਕ ਮੋਡੀਫਾਈਡ ਵਿਸਫੋਟਕ ਸਮੱਗਰੀ ਵਰਤੀ ਗਈ ਹੋ ਸਕਦੀ ਹੈ।
ਫੋਰੈਂਸਿਕ ਜਾਂਚ ਵਿਸਫੋਟਕ ਦਾ ਖੁਲਾਸਾ ਕਰੇਗੀ
ਵਿਸਫੋਟਕ ਦੀ ਰਸਾਇਣਕ ਰਚਨਾ ਸਿਰਫ ਫੋਰੈਂਸਿਕ ਜਾਂਚ ਦੁਆਰਾ ਪਤਾ ਲਗਾਈ ਜਾ ਸਕਦੀ ਹੈ। ਇਸ ਤੋਂ ਇਲਾਵਾ, ਸਰੀਰਾਂ ‘ਤੇ ਜ਼ਿਆਦਾਤਰ ਸੱਟਾਂ ਸਰੀਰ ਦੇ ਉੱਪਰਲੇ ਹਿੱਸੇ, ਸਿਰ ਤੇ ਛਾਤੀ ‘ਚ ਕੇਂਦ੍ਰਿਤ ਸਨ। ਧਮਾਕੇ ‘ਚ 24 ਲੋਕ ਜ਼ਖਮੀ ਹੋਏ। ਧਮਾਕਾ 10 ਤਰੀਕ ਨੂੰ ਸ਼ਾਮ 6:52 ਵਜੇ ਹੋਇਆ।
ਇਸ ਘਟਨਾ ਦੇ ਸੰਬੰਧ ‘ਚ, ਉੱਤਰ ਪ੍ਰਦੇਸ਼, ਦਿੱਲੀ, ਜੰਮੂ-ਕਸ਼ਮੀਰ ਤੇ ਹਰਿਆਣਾ ਤੋਂ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਧਮਾਕੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਸੀਸੀਟੀਵੀ ਫੁਟੇਜ ਦੇ ਅਨੁਸਾਰ, ਵਾਹਨ ਆਮ ਵਾਂਗ ਸੜਕ ‘ਤੇ ਘੁੰਮਦੇ ਦਿਖਾਈ ਦੇ ਰਹੇ ਹਨ, ਜਦੋਂ ਅਚਾਨਕ ਇੱਕ ਧਮਾਕਾ ਹੁੰਦਾ ਹੈ।
ਧਮਾਕਾ ਇੱਕ ਆਈ20 ਕਾਰ ‘ਚ ਹੋਇਆ। ਜਦੋਂ ਜਾਂਚ ਟੀਮ ਨੇ ਕਾਰ ਦੇ ਰੂਟ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਇਹ ਹਰਿਆਣਾ ਤੋਂ ਬਦਰਪੁਰ ਸਰਹੱਦ ਰਾਹੀਂ ਦਿੱਲੀ ‘ਚ ਦਾਖਲ ਹੋਈ ਸੀ। ਇਹ ਹਰਿਆਣਾ ਦੇ ਫਰੀਦਾਬਾਦ ‘ਚ ਅਲ-ਫਲਾਹ ਯੂਨੀਵਰਸਿਟੀ ‘ਚ ਵੀ ਖੜੀ ਸੀ ਤੇ ਮਯੂਰ ਵਿਹਾਰ ਤੇ ਸੀਪੀ ਦਾ ਵੀ ਦੌਰਾ ਕੀਤਾ। ਅੱਤਵਾਦੀ ਮੁਜ਼ਮਿਲ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਸ ਨੇ ਤੇ ਡਾਕਟਰ ਉਮਰ ਨੇ ਲਾਲ ਕਿਲ੍ਹੇ ਦੀ ਰੇਕੀ ਵੀ ਕੀਤੀ ਸੀ।
ਇਹ ਵੀ ਪੜ੍ਹੋ
ਪੁਲਿਸ ਨੇ ਪੁੱਛਗਿੱਛ ਲਈ ਅਲ-ਫਲਾਹ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਤੇ ਇੱਕ ਟੈਕਨੀਸ਼ੀਅਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਹੈ।
