ਅਨਮੋਲ ਬਿਸ਼ਨੋਈ ਤੋਂ ਪੁੱਛਗਿੱਛ ਲਈ ਸੂਬਿਆਂ ਦੀ ਪੁਲਿਸ ਜਾਣਾ ਹੋਵੇਗਾ ਤਿਹਾੜ ਜੇਲ੍ਹ, ਨਹੀਂ ਮਿਲੇਗੀ ਫਿਜੀਕਲ ਕਸਟਡੀ: ਸੂਤਰ
Anmol Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਨੂੰ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਹਵਾਲਗੀ ਕਰਕੇ ਭਾਰਤ ਲਿਆਂਦਾ ਗਿਆ ਹੈ। ਇਸ ਤੋਂ ਬਾਅਦ, NIA ਦੀ ਟੀਮ ਅਨਮੋਲ ਬਿਸ਼ਨੋਈ ਦੇ ਨਾਲ ਪਟਿਆਲਾ ਹਾਊਸ ਗਈ, ਜਿੱਥੇ ਉਨ੍ਹਾਂ ਨੇ 15 ਦਿਨਾਂ ਦਾ ਰਿਮਾਂਡ ਮੰਗਿਆ। ਹਾਲਾਂਕਿ, ਅਦਾਲਤ ਨੇ 11 ਦਿਨਾਂ ਦਾ ਰਿਮਾਂਡ ਦਿੱਤਾ ਸੀ।
ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਇੱਕ ਮਹੱਤਵਪੂਰਨ ਹੁਕਮ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ BNSS ਦੀ ਧਾਰਾ 303 ਦੇ ਤਹਿਤ, ਕੋਈ ਵੀ ਸੂਬਾ ਪੁਲਿਸ ਜਾਂ ਏਜੰਸੀ ਇੱਕ ਸਾਲ ਲਈ ਅਨਮੋਲ ਬਿਸ਼ਨੋਈ ਦੀ ਫਿਜੀਕਲ ਹਿਰਾਸਤ ਨਹੀਂ ਲੈ ਸਕੇਗੀ। ਹੁਣ, ਇੱਕ ਸਾਲ ਦੇ ਅੰਦਰ, ਕੋਈ ਵੀ ਸੂਬਾ ਪੁਲਿਸ ਜਾਂ ਏਜੰਸੀ ਉਸ ਤੋਂ ਜੋ ਵੀ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਉਹ ਸਿਰਫ਼ ਤਿਹਾੜ ਜੇਲ੍ਹ ਵਿੱਚ ਹੀ ਜਾ ਕੇ ਪੁੱਛਗਿੱਛ ਕਰ ਸਕਦੀ ਹੈ।
ਗ੍ਰਹਿ ਮੰਤਰਾਲੇ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਉਹ ਮੁੰਬਈ ਪੁਲਿਸ ਹੋਵੇ, ਰਾਜਸਥਾਨ ਪੁਲਿਸ ਹੋਵੇ ਜਾਂ ਫਿਰ ਪੰਜਾਬ ਪੁਲਿਸ, ਹਰ ਕਿਸੇ ਨੂੰ ਹੁਣ ਸਿਰਫ਼ ਤਿਹਾੜ ਜੇਲ੍ਹ ਦੇ ਅੰਦਰ ਹੀ ਪੁੱਛਗਿੱਛ ਕਰਨੀ ਹੋਵੇਗੀ। ਅਨਮੋਲ ਨੂੰ ਜੇਲ੍ਹ ਤੋਂ ਬਾਹਰ ਨਹੀਂ ਲਿਆਇਆ ਜਾਵੇਗਾ। ਗ੍ਰਹਿ ਮੰਤਰਾਲੇ ਨੇ ਇਹ ਆਦੇਸ਼ ਸੁਰੱਖਿਆ ਕਾਰਨਾਂ ਕਰਕੇ ਜਾਰੀ ਕੀਤਾ ਹੈ। ਇਸਤੋਂ ਪਹਿਲਾਂ, ਅਨਮੋਲ ਦੇ ਭਰਾ ਲਾਰੈਂਸ ਬਿਸ਼ਨੋਈ ਲਈ ਵੀ ਅਜਿਹਾ ਹੀ ਹੁਕਮ ਲਾਗੂ ਕੀਤਾ ਗਿਆ ਸੀ।
ਅਨਮੋਲ ਖਿਲਾਫ ਦੀ ਕ੍ਰਾਈਮ ਕੁੰਡਲੀ
ਅਨਮੋਲ ਬਿਸ਼ਨੋਈ ਦੀ ਕ੍ਰਾਈਮ ਕੁੰਡਲੀ ਦਾ ਬਿਓਰਾ ਐਨਆਈਏ ਦੀ ਰਿਮਾਂਡ ਸ਼ੀਟ ਵਿੱਚ ਦਰਜ ਹੈ। ਹਿਰਾਸਤ ਵਿੱਚ ਪੁੱਛਗਿੱਛ ਰਾਹੀਂ ਹੀ ਐਨਆਈਏ ਕਈ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਉਸਦੇ ਸਾਥੀਆਂ, ਗੁੰਡਿਆਂ ਅਤੇ ਹੈਂਡਲਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫੰਡਿੰਗ ਕਿੱਥੋਂ ਅਤੇ ਕਿਵੇਂ ਆਈ? ਉਸਦੇ ਖੁਲਾਸੇ ਨਾਲ ਕਈ ਮਾਮਲੇ ਸਾਹਮਣੇ ਆਉਣਗੇ ਅਤੇ ਕਈ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ – ਕੀ ਬਿਸ਼ਨੋਈ ਗੈਂਗ ਇੱਕ ਅੱਤਵਾਦੀ ਸੰਗਠਨ ਹੈ? ਲਾਰੈਂਸ ਦੇ ਭਰਾ ਅਨਮੋਲ ਨੂੰ ਭਾਰਤ ਵਾਪਸ ਲਿਆਂਦਾ ਗਿਆ
ਦੱਸ ਦੇਈਏ ਕੇ ਅਨਮੋਲ 2022 ਤੋਂ ਫਰਾਰ ਸੀ ਅਤੇ ਅਮਰੀਕਾ ਵਿੱਚ ਰਹਿ ਰਿਹਾ ਸੀ। ਅਮਰੀਕਾ ਜਾਣ ਲਈ ਉਹ ਜਿਸ ਜਾਅਲੀ ਪਾਸਪੋਰਟ ਦੀ ਵਰਤੋਂ ਕਰਦਾ ਸੀ, ਉਹ ਫਰੀਦਾਬਾਦ ਦੇ ਪਤੇ ‘ਤੇ ਸੀ। ਅਨਮੋਲ ਮੂਲ ਰੂਪ ਵਿੱਚ ਪੰਜਾਬ ਦੇ ਫਾਜ਼ਿਲਕਾ ਦਾ ਰਹਿਣ ਵਾਲਾ ਹੈ। ਉਸਦਾ ਅਸਲੀ ਨਾਮ ਅਨਮੋਲ ਉਰਫ਼ ਭਾਨੂ ਹੈ। ਉਸਦੇ ਪਿਤਾ ਦਾ ਨਾਮ ਲਵਿੰਦਰ ਕੁਮਾਰ ਹੈ।
ਇਹ ਵੀ ਪੜ੍ਹੋ
ਇਨ੍ਹਾਂ ਮਾਮਲਿਆਂ ਵਿੱਚ ਵੀ ਮੁਲਜਮ ਹੈ ਅਨਮੋਲ ਬਿਸ਼ਨੋਈ
ਅਨਮੋਲ ਬਾਬਾ ਸਿੱਦੀਕੀ ਅਤੇ ਸਿੱਧੂ ਮੂਸੇਵਾਲਾ ਕਤਲ ਮਾਮਲਿਆਂ ਵਿੱਚ ਮੁਲਜਮ ਹੈ। ਸਲਮਾਨ ਖਾਨ ਦੇ ਘਰ ਗੋਲੀਬਾਰੀ ਦੀ ਘਟਨਾ ਵਿੱਚ ਵੀ ਉਸਦਾ ਨਾਮ ਹੈ। 29 ਮਈ, 2022 ਨੂੰ ਮਾਨਸਾ ਵਿੱਚ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ। ਅਨਮੋਲ ਅਤੇ ਗੋਲਡੀ ਨੇ ਸੋਸ਼ਲ ਮੀਡੀਆ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
12 ਅਕਤੂਬਰ, 2024 ਨੂੰ ਮੁੰਬਈ ਦੇ ਬਾਂਦਰਾ ਵਿੱਚ ਬਾਬਾ ਸਿੱਦੀਕੀ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਸਾਜ਼ਿਸ਼ ਵੀ ਅਨਮੋਲ ਬਿਸ਼ਨੋਈ ਨੇ ਹੀ ਰਚੀ ਸੀ। ਇਸ ਤੋਂ ਇਲਾਵਾ, ਉਸੇ ਸਾਲ ਅਪ੍ਰੈਲ ਵਿੱਚ ਅਦਾਕਾਰ ਸਲਮਾਨ ਖਾਨ ਦੇ ਘਰ ‘ਤੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਅਨਮੋਲ ਦਾ ਨਾਮ ਹੀ ਸਾਹਮਣੇ ਆਇਆ ਸੀ। ਗੋਲੀਬਾਰੀ ਤੋਂ ਕੁਝ ਘੰਟਿਆਂ ਬਾਅਦ, ਸੋਸ਼ਲ ਮੀਡੀਆ ‘ਤੇ ਦਾਅਵੇ ਕੀਤੇ ਗਏ ਸਨ ਕਿ ਹਮਲਾ ਅਨਮੋਲ ਬਿਸ਼ਨੋਈ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ।


