ਖਾੜੀ ਅਤੇ ਹੋਰਮੁਜ਼ ਸੰਕਟ ਵਿਚਾਲੇ ਈਰਾਨ ‘ਚ ਭਾਰਤ ਦੇ ਨਵੇਂ ਰਾਜਦੂਤ, ਜਾਣੋ ਕੌਣ ਹਨ IFS ਵਿਸ਼ਵੇਸ਼ ਨੇਗੀ

Published: 

04 Aug 2026 11:41 AM IST

Visvesh Negi: 2002 ਬੈਚ ਦੇ IFS ਅਧਿਕਾਰੀ ਵਿਸ਼ਵੇਸ਼ ਨੇਗੀ ਇੱਕ ਸੀਨੀਅਰ ਰਾਜਨਾਇਕ ਹਨ। ਉਨ੍ਹਾਂ ਨੇ ਆਪਣੇ ਕੂਟਨੀਤਿਕ ਕਰੀਅਰ ਦੌਰਾਨ ਕਈ ਅਹਿਮ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ ਹਨ। ਮੌਜੂਦਾ ਸਮੇਂ ਉਹ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ (Joint Secretary) ਵਜੋਂ ਕੰਮ ਕਰ ਰਹੇ ਹਨ।

ਖਾੜੀ ਅਤੇ ਹੋਰਮੁਜ਼ ਸੰਕਟ ਵਿਚਾਲੇ ਈਰਾਨ ਚ ਭਾਰਤ ਦੇ ਨਵੇਂ ਰਾਜਦੂਤ, ਜਾਣੋ ਕੌਣ ਹਨ IFS ਵਿਸ਼ਵੇਸ਼ ਨੇਗੀ

ਈਰਾਨ 'ਚ ਭਾਰਤ ਦੇ ਨਵੇਂ ਰਾਜਦੂਤ ਬਣੇ ਵਿਸ਼ਵੇਸ਼ ਨੇਗੀ

ਖਾੜੀ ਖੇਤਰ ਵਿੱਚ ਜਾਰੀ ਸੰਘਰਸ਼ ਅਤੇ ਹੋਰਮੁਜ਼ ਜਲਡਮਰੂਮੱਧ (Hormuz Strait) ਨੂੰ ਲੈ ਕੇ ਵਧਦੇ ਤਣਾਅ ਦੇ ਦਰਮਿਆਨ ਭਾਰਤ ਨੇ ਈਰਾਨ ਲਈ ਨਵੇਂ ਰਾਜਦੂਤ ਦੀ ਨਿਯੁਕਤੀ ਕੀਤੀ ਹੈ। ਸੀਨੀਅਰ ਰਾਜਨਾਇਕ ਵਿਸ਼ਵੇਸ਼ ਨੇਗੀ ਨੂੰ ਈਰਾਨ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਮੀਦ ਹੈ ਕਿ ਉਹ ਜਲਦੀ ਹੀ ਤੇਹਰਾਨ ਵਿੱਚ ਆਪਣਾ ਨਵਾਂ ਅਹੁਦਾ ਸੰਭਾਲਣਗੇ। ਨੇਗੀ, ਰੁਦ੍ਰ ਗੌਰਵ ਸ਼੍ਰੇਸ਼ਠ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਹੁਣ ਤੁਰਕੀ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।

ਵਿਦੇਸ਼ ਮੰਤਰਾਲੇ (MEA) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਭਾਰਤੀ ਵਿਦੇਸ਼ ਸੇਵਾ (IFS) ਦੇ ਸੀਨੀਅਰ ਅਧਿਕਾਰੀ ਵਿਸ਼ਵੇਸ਼ ਨੇਗੀ ਨੂੰ ਈਰਾਨ ਵਿੱਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ, ਮੰਤਰਾਲੇ ਵਿੱਚ ਸੰਯੁਕਤ ਸਕੱਤਰ (Joint Secretary) ਵਜੋਂ ਸੇਵਾਵਾਂ ਨਿਭਾ ਰਹੇ ਵਿਸ਼ਵੇਸ਼ ਨੇਗੀ ਨੂੰ ਇਸਲਾਮਿਕ ਗਣਰਾਜ ਈਰਾਨ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਭਾਰਤੀ ਵਿਦੇਸ਼ ਸੇਵਾ ਦੇ 2002 ਬੈਚ ਦੇ ਅਧਿਕਾਰੀ ਹਨ। ਇਸ ਵੇਲੇ ਨੇਗੀ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ (Joint Secretary) ਦੇ ਅਹੁਦੇ ‘ਤੇ ਕਾਰਜਰਤ ਹਨ।

ਕੌਣ ਹਨ 2002 ਬੈਚ ਦੇ IFS ਅਧਿਕਾਰੀ ਵਿਸ਼ਵੇਸ਼ ਨੇਗੀ ?

ਵਿਸ਼ਵੇਸ਼ ਨੇਗੀ ਦੀ ਰਾਜਦੂਤ ਵਜੋਂ ਨਿਯੁਕਤੀ ਨੂੰ ਭਾਰਤ ਅਤੇ ਈਰਾਨ ਦੇ ਦੋਪੱਖੀ ਸਬੰਧਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਦੋਵੇਂ ਦੇਸ਼ਾਂ ਵਿਚਕਾਰ ਰਣਨੀਤਕ, ਆਰਥਿਕ ਅਤੇ ਊਰਜਾ ਖੇਤਰ ਵਿੱਚ ਕਰੀਬੀ ਸਬੰਧ ਹਨ। ਰਾਜਦੂਤ ਵਜੋਂ ਨੇਗੀ ਸਾਹਮਣੇ ਸਭ ਤੋਂ ਵੱਡੀ ਜ਼ਿੰਮੇਵਾਰੀ ਤੇਹਰਾਨ ਤੋਂ ਕੰਮ ਕਰਦੇ ਹੋਏ ਪੱਛਮੀ ਏਸ਼ੀਆ ਵਿੱਚ ਤੇਜ਼ੀ ਨਾਲ ਬਦਲ ਰਹੀ ਖੇਤਰੀ ਸੁਰੱਖਿਆ ਸਥਿਤੀ ਦੇ ਦਰਮਿਆਨ ਭਾਰਤ ਦੇ ਕੂਟਨੀਤਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ।

ਭਾਰਤੀ ਵਿਦੇਸ਼ ਸੇਵਾ (IFS) ਦੇ 2002 ਬੈਚ ਦੇ ਅਧਿਕਾਰੀ ਵਿਸ਼ਵੇਸ਼ ਨੇਗੀ ਇੱਕ ਸੀਨੀਅਰ ਰਾਜਨਾਇਕ ਹਨ। ਉਨ੍ਹਾਂ ਨੇ ਆਪਣੇ ਕੂਟਨੀਤਿਕ ਕਰੀਅਰ ਦੌਰਾਨ ਕਈ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ ਹਨ। ਇਸ ਵੇਲੇ ਉਹ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ (Joint Secretary) ਵਜੋਂ ਕਾਰਜਰਤ ਹਨ, ਜਿੱਥੇ ਉਹ ਇੰਡੋ-ਪੈਸਿਫਿਕ ਖੇਤਰ ਨਾਲ ਭਾਰਤ ਦੇ ਸਬੰਧਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।

ਅੰਤਰਰਾਸ਼ਟਰੀ ਮਾਮਲਿਆਂ ਦਾ ਲੰਮਾ ਤਜਰਬਾ

CNBC ਦੀ ਰਿਪੋਰਟ ਮੁਤਾਬਕ, ਵਿਦੇਸ਼ ਮੰਤਰਾਲੇ ਵਿੱਚ ਮੌਜੂਦਾ ਨਿਯੁਕਤੀ ਤੋਂ ਪਹਿਲਾਂ ਵਿਸ਼ਵੇਸ਼ ਨੇਗੀ ਰੱਖਿਆ ਮੰਤਰਾਲੇ ਵਿੱਚ ਸੰਯੁਕਤ ਸਕੱਤਰ (ਅੰਤਰਰਾਸ਼ਟਰੀ ਸਹਿਯੋਗ) ਵਜੋਂ ਕੰਮ ਕਰ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਰੱਖਿਆ ਕੂਟਨੀਤੀ ਅਤੇ ਅੰਤਰਰਾਸ਼ਟਰੀ ਫੌਜੀ ਸਹਿਯੋਗ ਨਾਲ ਜੁੜੇ ਮਾਮਲਿਆਂ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਕਈ ਮਹੱਤਵਪੂਰਨ ਦੋਪੱਖੀ ਰੱਖਿਆ ਵਾਰਤਾਵਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਇਨ੍ਹਾਂ ਵਿੱਚ ਆਰਮੀਨੀਆ ਨਾਲ ਫੌਜੀ ਸਹਿਯੋਗ ਅਤੇ ਰੱਖਿਆ ਉਦਯੋਗਿਕ ਭਾਈਵਾਲੀ ਸਬੰਧੀ ਅਹਿਮ ਗੱਲਬਾਤ ਵੀ ਸ਼ਾਮਲ ਸੀ।

ਆਪਣੇ ਕੂਟਨੀਤਿਕ ਕਰੀਅਰ ਦੌਰਾਨ ਨੇਗੀ ਨੇ ਸੰਯੁਕਤ ਰਾਸ਼ਟਰ ਦੇ ਰਾਜਨੀਤਿਕ ਵਿਭਾਗ ਵਿੱਚ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ, ਜਿੱਥੇ ਉਨ੍ਹਾਂ ਨੇ ਨੀਤੀਗਤ ਅਤੇ ਅੰਤਰਰਾਸ਼ਟਰੀ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ। ਉਨ੍ਹਾਂ ਨੇ ਭਾਰਤ-ਪਾਕਿਸਤਾਨ ਦੋਪੱਖੀ ਸਬੰਧਾਂ ਨਾਲ ਜੁੜੇ ਮਾਮਲਿਆਂ ‘ਤੇ ਵੀ ਕੰਮ ਕੀਤਾ। ਬਾਅਦ ਵਿੱਚ ਸੰਯੁਕਤ ਸਕੱਤਰ ਵਜੋਂ ਉਹ ਓਸ਼ੀਆਨੀਆ ਡਿਵੀਜ਼ਨ ਨਾਲ ਜੁੜੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਉੱਚ ਪੱਧਰੀ ਕੂਟਨੀਤਿਕ ਗੱਲਬਾਤਾਂ ਦੀ ਅਗਵਾਈ ਕੀਤੀ, ਜਿਨ੍ਹਾਂ ਵਿੱਚ ਭਾਰਤ ਅਤੇ ਪਾਪੂਆ ਨਿਊ ਗਿਨੀ ਵਿਚਾਲੇ ਵਿਦੇਸ਼ ਦਫ਼ਤਰ ਪੱਧਰੀ ਸਲਾਹ-ਮਸ਼ਵਰੇ ਵੀ ਸ਼ਾਮਲ ਸਨ।

ਪੱਛਮੀ ਏਸ਼ੀਆ ਸੰਕਟ ਦਰਮਿਆਨ ਨਵੀਂ ਨਿਯੁਕਤੀ

ਵਿਸ਼ਵੇਸ਼ ਨੇਗੀ ਲਈ ਇਹ ਨਵੀਂ ਜ਼ਿੰਮੇਵਾਰੀ ਕਾਫ਼ੀ ਚੁਣੌਤੀਪੂਰਨ ਮੰਨੀ ਜਾ ਰਹੀ ਹੈ, ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਪੱਛਮੀ ਏਸ਼ੀਆ ਵਿੱਚ ਤਣਾਅਪੂਰਨ ਹਾਲਾਤ ਬਣੇ ਹੋਏ ਹਨ। 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਫੌਜੀ ਹਮਲੇ ਕੀਤੇ ਗਏ ਸਨ, ਜਿਸ ਤੋਂ ਬਾਅਦ ਤੇਹਰਾਨ ਨੇ ਵੀ ਸਖ਼ਤ ਜਵਾਬ ਦਿੱਤਾ। ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਫੌਜੀ ਕਾਰਵਾਈਆਂ ਦੇ ਨਾਲ-ਨਾਲ ਜੰਗਬੰਦੀ ਦੇ ਉਲੰਘਣ ਅਤੇ ਹੋਰਮੁਜ਼ ਜਲਡਮਰੂਮੱਧ (Hormuz Strait) ਨਾਲ ਜੁੜੀਆਂ ਕਈ ਚੁਣੌਤੀਆਂ ਵੀ ਸਾਹਮਣੇ ਆਈਆਂ।

ਖਾੜੀ ਖੇਤਰ ਵਿੱਚ ਇਸ ਟਕਰਾਅ ਨੇ ਊਰਜਾ ਸਪਲਾਈ, ਵਪਾਰਕ ਸਮੁੰਦਰੀ ਆਵਾਜਾਈ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਵੀ ਕਈ ਚਿੰਤਾਵਾਂ ਵਧਾ ਦਿੱਤੀਆਂ ਹਨ। ਭਾਰਤ ਵੱਲੋਂ ਲਗਾਤਾਰ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਅਪੀਲ ਕੀਤੀ ਜਾਂਦੀ ਰਹੀ ਹੈ। ਨਵੀਂ ਦਿੱਲੀ ਦਾ ਮੰਨਣਾ ਹੈ ਕਿ ਗੱਲਬਾਤ ਅਤੇ ਕੂਟਨੀਤੀ ਹੀ ਇਸ ਸੰਕਟ ਦਾ ਇਕੱਲਾ ਟਿਕਾਊ ਹੱਲ ਹੈ।

Source:TV9Hindi.com

Loading...
Unable to load recommendations.
Follow Us