INDIGO ਸੰਕਟ ਵਿਚਕਾਰ ਵਧਦੇ ਹਵਾਈ ਕਿਰਾਏ ‘ਤੇ ਸਰਕਾਰ ਸਖ਼ਤ, ਕਿਰਾਏ ਦੀਆਂ ਸੀਮਾਵਾਂ ਲਾਗੂ
ਇੰਡੀਗੋ ਸੰਕਟ ਤੋਂ ਬਾਅਦ ਹਵਾਬਾਜ਼ੀ ਮੰਤਰਾਲੇ ਨੇ ਵਧਦੀਆਂ ਹਵਾਈ ਕੀਮਤਾਂ ਨੂੰ ਹੱਲ ਕਰਨ ਲਈ ਕਿਰਾਏ ਦੀ ਸੀਮਾ ਲਾਗੂ ਕੀਤੀ ਹੈ। ਇਹ ਕਦਮ ਯਾਤਰੀਆਂ ਨੂੰ ਉੱਚ ਟਿਕਟ ਕੀਮਤਾਂ ਤੋਂ ਬਚਾਉਣ ਲਈ ਚੁੱਕਿਆ ਗਿਆ ਸੀ। ਮੰਤਰਾਲਾ ਹੁਣ ਅਸਲ ਸਮੇਂ ਵਿੱਚ ਹਵਾਈ ਕਿਰਾਏ ਦੀ ਨਿਗਰਾਨੀ ਕਰੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਏਅਰਲਾਈਨਾਂ ਖਿਲਾਫ ਕਾਰਵਾਈ ਕਰੇਗਾ।
ਇੰਡੀਗੋ ਦੇ ਚੱਲ ਰਹੇ ਸੰਕਟ ਤੋਂ ਬਾਅਦ ਹੋਰ ਏਅਰਲਾਈਨਾਂ ਨੇ ਰਿਕਾਰਡ ਕਿਰਾਏ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਜਿਸ ਨਾਲ ਪਹਿਲਾਂ ਹੀ ਪ੍ਰੇਸ਼ਾਨ ਯਾਤਰੀਆਂ ਵਿੱਚ ਘਬਰਾਹਟ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹੁਣ ਹਵਾਈ ਕਿਰਾਏ ਵਿੱਚ ਅਚਾਨਕ ਵਾਧੇ ‘ਤੇ ਸਖ਼ਤ ਰੁਖ਼ ਅਪਣਾਇਆ ਹੈ ਅਤੇ ਸਰਕਾਰ ਨੇ ਵਧੇ ਹੋਏ ਕਿਰਾਏ ਸਬੰਧੀ ਕੁਝ ਏਅਰਲਾਈਨਾਂ ਨੂੰ ਗੰਭੀਰ ਨੋਟਿਸ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ, ਮੰਤਰਾਲੇ ਨੇ ਯਾਤਰੀਆਂ ਨੂੰ ਵੱਧ ਕੀਮਤਾਂ ਅਦਾ ਕਰਨ ਤੋਂ ਰੋਕਣ ਲਈ ਕਿਰਾਏ ਦੀਆਂ ਸੀਮਾਵਾਂ ਲਾਗੂ ਕੀਤੀਆਂ ਹਨ। ਸਾਰੀਆਂ ਏਅਰਲਾਈਨਾਂ ਨੂੰ ਨਵੇਂ ਕਿਰਾਏ ਦੀਆਂ ਸੀਮਾਵਾਂ ਦੀ ਪਾਲਣਾ ਕਰਨ ਦੀ ਲੋੜ ਹੈ, ਜੋ ਸਥਿਤੀ ਆਮ ਹੋਣ ਤੱਕ ਲਾਗੂ ਰਹੇਗੀ।
ਹਵਾਈ ਕਿਰਾਏ ਦੀ ਹੋਵੇਗੀ ਰਿਅਲ-ਟਾਈਮ Monitoring
ਸੰਕਟ ਦੌਰਾਨ ਮੰਤਰਾਲੇ ਨੇ ਹਵਾਈ ਕਿਰਾਏ ਦੀ ਰਿਅਲ-ਟਾਈਮ Monitoring ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਏਅਰਲਾਈਨਾਂ ਖਿਲਾਫ ਤੁਰੰਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਹਵਾਬਾਜ਼ੀ ਮੰਤਰਾਲੇ ਦੇ ਇਸ ਕਦਮ ਨਾਲ ਅਸਮਾਨ ਛੂਹ ਰਹੀਆਂ ਹਵਾਈ ਟਿਕਟਾਂ ਦੀਆਂ ਕੀਮਤਾਂ ਵਿੱਚ ਕਮੀ ਆਉਣ ਦੀ ਉਮੀਦ ਹੈ।
ਕਿਰਾਏ ਵਿੱਚ ਕਿੰਨਾ ਫ਼ਰਕ ਪਿਆ?
ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਤੋਂ ਬਾਅਦ, ਹੋਰ ਏਅਰਲਾਈਨਾਂ ਦੇ ਕਿਰਾਏ ਅਸਮਾਨ ਛੂਹ ਗਏ ਹਨ। ਉਦਾਹਰਣ ਵਜੋਂ, ਦਿੱਲੀ ਤੋਂ ਮੁੰਬਈ ਦਾ ਕਿਰਾਇਆ, ਜੋ ਆਮ ਤੌਰ ‘ਤੇ 6,000 ਰੁਪਏ ਹੁੰਦਾ ਹੈ, ਹੁਣ ਲਗਭਗ 70,000 ਰੁਪਏ ਹੈ। ਦਿੱਲੀ ਤੋਂ ਪਟਨਾ ਦਾ ਕਿਰਾਇਆ, ਜੋ ਆਮ ਤੌਰ ‘ਤੇ 5,000 ਰੁਪਏ ਹੁੰਦਾ ਹੈ, 60,000 ਰੁਪਏ ਤੱਕ ਪਹੁੰਚ ਗਿਆ ਹੈ। ਦਿੱਲੀ ਤੋਂ ਬੰਗਲੁਰੂ ਦਾ ਕਿਰਾਇਆ, ਜੋ ਆਮ ਤੌਰ ‘ਤੇ 7,000 ਰੁਪਏ ਹੁੰਦਾ ਹੈ, ਹੁਣ 1 ਲੱਖ ਰੁਪਏ ਤੋਂ ਵੱਧ ਹੈ। ਇਸ ਤੋਂ ਇਲਾਵਾ, ਦਿੱਲੀ ਤੋਂ ਚੇਨਈ ਦਾ ਕਿਰਾਇਆ 90,000 ਰੁਪਏ ਹੈ ਅਤੇ ਦਿੱਲੀ ਤੋਂ ਕੋਲਕਾਤਾ ਦਾ ਕਿਰਾਇਆ ਲਗਭਗ 68,000 ਰੁਪਏ ਹੈ।
ਇੰਡੀਗੋ ਸੰਕਟ ਲਗਾਤਾਰ ਚੌਥੇ ਦਿਨ ਵੀ ਜਾਰੀ
ਇੰਡੀਗੋ ਦੀਆਂ ਉਡਾਣਾਂ ਲਗਾਤਾਰ ਚੌਥੇ ਦਿਨ ਰੱਦ ਕਰ ਦਿੱਤੀਆਂ ਗਈਆਂ ਹਨ। ਸ਼ਨੀਵਾਰ ਨੂੰ ਦਿੱਲੀ ਤੋਂ ਨਿਰਧਾਰਤ ਲਗਭਗ 86 ਇੰਡੀਗੋ ਉਡਾਣਾਂ ਅੱਜ ਰੱਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿੱਚ 37 ਰਵਾਨਗੀ ਅਤੇ 49 ਆਗਮਨ ਸ਼ਾਮਲ ਹਨ। ਅੱਜ ਮੁੰਬਈ ਹਵਾਈ ਅੱਡੇ ਤੋਂ 109 ਇੰਡੀਗੋ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿੱਚ 51 ਆਗਮਨ ਅਤੇ 58 ਰਵਾਨਗੀ ਸ਼ਾਮਲ ਹਨ। ਅਹਿਮਦਾਬਾਦ ਵਿੱਚ ਇੰਡੀਗੋ ਦੀਆਂ 19 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿੱਚ 7 ਆਗਮਨ ਅਤੇ 12 ਰਵਾਨਗੀ ਸ਼ਾਮਲ ਹਨ। ਇਸ ਦੌਰਾਨ, ਤਿਰੂਵਨੰਤਪੁਰਮ ਵਿੱਚ ਇੰਡੀਗੋ ਦੀਆਂ 6 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।


