ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਬਣੇ ਨਵੇਂ ਵਾਯੂ ਸੈਨਾ ਮੁਖੀ, ਆਪਰੇਸ਼ਨ ਸਿੰਦੂਰ ‘ਚ ਨਿਭਾਈ ਸੀ ਅਹਿਮ ਭੂਮਿਕਾ

Published: 

31 Oct 2026 18:46 PM IST

ਨਵੀਂ ਦਿੱਲੀ ਵਿਖੇ 31 ਅਕਤੂਬਰ ਨੂੰ ਇੱਕ ਅਹਿਮ ਘਟਨਾਕ੍ਰਮ ਤਹਿਤ ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਰਸਮੀ ਤੌਰ 'ਤੇ ਭਾਰਤੀ ਵਾਯੂ ਸੈਨਾ ਦੇ 29ਵੇਂ ਮੁਖੀ (ਚੀਫ਼ ਆਫ਼ ਦਾ ਏਅਰ ਸਟਾਫ਼) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਦੀ ਥਾਂ ਇਹ ਵੱਕਾਰੀ ਜ਼ਿੰਮੇਵਾਰੀ ਸੰਭਾਲੀ ਹੈ, ਜੋ ਕਿ ਦੇਸ਼ ਦੀ 42 ਸਾਲਾਂ ਤੱਕ ਨਿਰਸਵਾਰਥ ਅਤੇ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਸੇਵਾਮੁਕਤ ਹੋ ਗਏ ਹਨ।

ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਬਣੇ ਨਵੇਂ ਵਾਯੂ ਸੈਨਾ ਮੁਖੀ, ਆਪਰੇਸ਼ਨ ਸਿੰਦੂਰ ਚ ਨਿਭਾਈ ਸੀ ਅਹਿਮ ਭੂਮਿਕਾ

ਨਵੀਂ ਦਿੱਲੀ ਵਿਖੇ 31 ਅਕਤੂਬਰ ਨੂੰ ਇੱਕ ਅਹਿਮ ਘਟਨਾਕ੍ਰਮ ਤਹਿਤ ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਰਸਮੀ ਤੌਰ ‘ਤੇ ਭਾਰਤੀ ਵਾਯੂ ਸੈਨਾ ਦੇ 29ਵੇਂ ਮੁਖੀ (ਚੀਫ਼ ਆਫ਼ ਦਾ ਏਅਰ ਸਟਾਫ਼) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਦੀ ਥਾਂ ਇਹ ਵੱਕਾਰੀ ਜ਼ਿੰਮੇਵਾਰੀ ਸੰਭਾਲੀ ਹੈ, ਜੋ ਕਿ ਦੇਸ਼ ਦੀ 42 ਸਾਲਾਂ ਤੱਕ ਨਿਰਸਵਾਰਥ ਅਤੇ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਸੇਵਾਮੁਕਤ ਹੋ ਗਏ ਹਨ।

ਲੜਾਕੂ ਜਹਾਜ਼ਾਂ ਦੀ ਪਰਖ ਤੇ ਸੰਚਾਲਨ ਦਾ ਵਿਸ਼ਾਲ ਤਜਰਬਾ

ਨਵੇਂ ਵਾਯੂ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਸਾਲ 1986 ਵਿੱਚ ਭਾਰਤੀ ਹਵਾਈ ਫ਼ੌਜ ਦੀ ਫ਼ਾਈਟਰ ਸਟ੍ਰੀਮ ਵਿੱਚ ਸ਼ਾਮਲ ਹੋਏ ਸਨ। ਉਹ ਇੱਕ ਉੱਚ ਕੋਟੀ ਦੇ ਤਜਰਬੇਕਾਰ ਪਾਇਲਟ ਹਨ, ਜਿਨ੍ਹਾਂ ਨੂੰ ਮਿਰਾਜ-2000, ਮਿਗ ਸੀਰੀਜ਼, ਜੈਗੁਆਰ ਅਤੇ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਵਰਗੇ ਜੰਗੀ ਜਹਾਜ਼ਾਂ ਦੇ ਸੰਚਾਲਨ ਅਤੇ ਪ੍ਰੀਖਣ (ਟੈਸਟਿੰਗ) ਦਾ ਡੂੰਘਾ ਤਜਰਬਾ ਹਾਸਲ ਹੈ। ਉਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਚਲਾਏ ਗਏ ਅਹਿਮ ਆਪਰੇਸ਼ਨਾਂ ਜਿਵੇਂ ਕਿ ਆਪਰੇਸ਼ਨ ਸਫ਼ੈਦ ਸਾਗਰ, ਆਪਰੇਸ਼ਨ ਰਕਸ਼ਕ ਅਤੇ ਆਪਰੇਸ਼ਨ ਸਿੰਦੂਰ ਦੌਰਾਨ ਨਿਵੇਕਲੀ ਅਤੇ ਫ਼ੈਸਲਾਕੁੰਨ ਭੂਮਿਕਾ ਨਿਭਾਈ।

ਹਵਾਈ ਫ਼ੌਜ ਦੇ ਆਧੁਨਿਕੀਕਰਨ ‘ਚ ਅਹਿਮ ਯੋਗਦਾਨ

ਭਾਰਤੀ ਵਾਯੂ ਸੈਨਾ ਨੂੰ ਆਧੁਨਿਕ ਰੂਪ ਦੇਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਦੇਸੀ ਤਕਨੀਕ ਨਾਲ ਬਣੇ ਲੜਾਕੂ ਜਹਾਜ਼ ਤੇਜਸ ਐੱਮ.ਕੇ.-1 (Tejas Mk-1) ਦੀ ਆਈ.ਓ.ਸੀ. (ਇਨੀਸ਼ੀਅਲ ਆਪਰੇਸ਼ਨਲ ਕਲੀਅਰੈਂਸ) ਅਤੇ ਐੱਫ.ਓ.ਸੀ. (ਫ਼ਾਈਨਲ ਆਪਰੇਸ਼ਨਲ ਕਲੀਅਰੈਂਸ) ਪ੍ਰਕਿਰਿਆ ਨੂੰ ਸਫ਼ਲ ਬਣਾਉਣ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ। ਇਸ ਸਿਖ਼ਰਲੇ ਅਹੁਦੇ ਤੇ ਪਹੁੰਚਣ ਤੋਂ ਪਹਿਲਾਂ ਉਹ ਵਾਈਸ ਚੀਫ਼ ਆਫ਼ ਦਾ ਏਅਰ ਸਟਾਫ਼ ਅਤੇ ਚੀਫ਼ ਆਫ਼ ਇੰਟੀਗ੍ਰੇਟਿਡ ਡਿਫ਼ੈਂਸ ਸਟਾਫ਼ ਵਰਗੇ ਕਈ ਅਹਿਮ ਤੇ ਰਣਨੀਤਕ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਦੇਸ਼ ਪ੍ਰਤੀ ਉਨ੍ਹਾਂ ਦੀਆਂ ਵਿਲੱਖਣ ਅਤੇ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ (PVSM), ਅਤਿ ਵਿਸ਼ਿਸ਼ਟ ਸੇਵਾ ਮੈਡਲ (AVSM), ਵਿਸ਼ਿਸ਼ਟ ਸੇਵਾ ਮੈਡਲ (VSM) ਅਤੇ ਵਾਯੂ ਸੈਨਾ ਮੈਡਲ (VM) ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

42 ਸਾਲਾਂ ਦੀ ਸੇਵਾ ਮਗਰੋਂ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਸੇਵਾਮੁਕਤ

ਦੂਜੇ ਪਾਸੇ, ਸੇਵਾਮੁਕਤ ਹੋਏ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਦਾ ਦੇਸ਼ ਦੀ ਹਵਾਈ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਹਵਾਈ ਫ਼ੌਜ ਦੀ ਤਾਕਤ ਵਧਾਉਣ ਵਿੱਚ ਬੇਮਿਸਾਲ ਯੋਗਦਾਨ ਰਿਹਾ ਹੈ। ਇੱਕ ਮਾਹਰ ਫ਼ਾਈਟਰ ਪਾਇਲਟ ਅਤੇ ਟੈਸਟ ਪਾਇਲਟ ਰਹਿੰਦਿਆਂ ਉਨ੍ਹਾਂ ਦੀ ਕਮਾਂਡ ਹੇਠ ਭਾਰਤੀ ਹਵਾਈ ਫ਼ੌਜ ਨੇ ਆਪਰੇਸ਼ਨ ਸਿੰਦੂਰ ਦੌਰਾਨ ਆਪਣੀ ਅਸਲ ਤਾਕਤ, ਸਟੀਕ ਕਾਰਵਾਈ ਅਤੇ ਆਪਰੇਸ਼ਨਲ ਸਮਰੱਥਾ ਦਾ ਲੋਹਾ ਮਨਵਾਇਆ ਸੀ।

ਆਪਣੇ ਸਮੁੱਚੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਹਵਾਈ ਫ਼ੌਜ ਦੀ ਜੰਗੀ ਤਿਆਰੀ, ਆਧੁਨਿਕੀਕਰਨ ਅਤੇ ਰੱਖਿਆ ਖੇਤਰ ਵਿੱਚ ਸਵਦੇਸ਼ੀ ਤਕਨੀਕ (ਆਤਮ-ਨਿਰਭਰਤਾ) ਨੂੰ ਪ੍ਰਫੁੱਲਿਤ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਧੁਨਿਕ ਤਕਨਾਲੋਜੀ ਅਤੇ ਨਵੀਆਂ ਕਾਬਲੀਅਤਾਂ ਨਾਲ ਲੈਸ ਭਵਿੱਖ ਦੀ ਮਜ਼ਬੂਤ ਹਵਾਈ ਸੈਨਾ ਤਿਆਰ ਕਰਨ ਦੀ ਦਿਸ਼ਾ ਵਿੱਚ ਵੀ ਅਣਥੱਕ ਕੰਮ ਕੀਤਾ।

ਜਵਾਨਾਂ ਨਾਲ ਸਿੱਧਾ ਰਾਬਤਾ ਅਤੇ ਪ੍ਰੇਰਨਾਦਾਇਕ ਲੀਡਰਸ਼ਿਪ

ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਆਪਣੇ ਜਵਾਨਾਂ ਅਤੇ ਸਾਥੀ ਅਧਿਕਾਰੀਆਂ ਨਾਲ ਨਿੱਘੇ ਅਤੇ ਸਿੱਧੇ ਰਾਬਤੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਹਮੇਸ਼ਾ ਪੇਸ਼ੇਵਰ ਰਵੱਈਏ, ਜ਼ਿੰਮੇਵਾਰੀ ਦੇ ਅਹਿਸਾਸ, ਆਤਮ-ਵਿਸ਼ਵਾਸ ਅਤੇ ਦੇਸ਼ ਸੇਵਾ ਦੇ ਜਜ਼ਬੇ ਨੂੰ ਪਹਿਲ ਦਿੱਤੀ। ਭਾਰਤੀ ਹਵਾਈ ਫ਼ੌਜ ਵੱਲੋਂ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਸਰਿਤਾ ਸਿੰਘ ਨੂੰ ਆਉਣ ਵਾਲੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ। ਵਾਯੂ ਸੈਨਾ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਜ਼ਬੂਤ ਅਗਵਾਈ, ਦੇਸ਼ ਪ੍ਰਤੀ ਵਫ਼ਾਦਾਰੀ ਅਤੇ ਲਾਸਾਨੀ ਯੋਗਦਾਨ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦਾ ਰਹੇਗਾ।

Loading...
Unable to load recommendations.
Follow Us