Ameen Sayani Passed Away: ਰੇਡੀਓ ਅਨਾਊਂਸਰ ਅਮੀਨ ਸਯਾਨੀ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ, 91 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Radio King: 'ਰੇਡੀਓ ਕਿੰਗ' ਅਮੀਨ ਸਯਾਨੀ ਦਾ ਦੇਹਾਂਤ ਹੋ ਗਿਆ ਹੈ। ਆਵਾਜ਼ ਦੀ ਦੁਨੀਆ ਦੇ ਫਨਕਾਰ ਵਜੋਂ ਜਾਣੇ ਜਾਂਦੇ ਅਮੀਨ ਸਯਾਨੀ ਨੇ 91 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਰੇਡੀਓ ਸਰੋਤੇ ਅਜੇ ਵੀ 'ਬਿਨਾਕਾ ਗੀਤਮਾਲਾ' ਦੇ ਅਨਾਊਂਸਰ ਨੂੰ ਨਹੀਂ ਭੁੱਲੇ ਹਨ, ਜੋ ਬਹੁਤ ਹੀ ਜੋਸ਼ੀਲੇ ਅਤੇ ਸੁਰੀਲੇ ਢੰਗ ਨਾਲ 'ਬਹਿਨੋ ਔਰ ਭਾਈਯੋਂ' ਕਹਿੰਦੇ ਸਨ। ਅੱਜ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ, ਉਨ੍ਹਾਂ ਦੇ ਦੇਹਾਂਤ ਦੀ ਖਬਰ ਤੋਂ ਬਾਅਦ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਹੈ।
ਰੇਡੀਓ ਅਨਾਊਂਸਰ ਅਮੀਨ ਸਯਾਨੀ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ
ਮਨੋਰੰਜਨ ਜਗਤ ਤੋਂ ਇੱਕ ਹੋਰ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਰੇਡੀਓ ਅਨਾਊਂਸਰ ਅਮੀਨ ਸਯਾਨੀ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਬੇਟੇ ਰਾਜਿਲ ਸਯਾਨੀ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅਮੀਨ ਸਯਾਨੀ ਨੇ ਮੰਗਲਵਾਰ ਰਾਤ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਰਾਜਿਲ ਸਯਾਨੀ ਨੇ ਦੱਸਿਆ ਕਿ ਪਿਤਾ ਅਮੀਨ ਸਯਾਨੀ ਨੂੰ ਮੰਗਲਵਾਰ ਸ਼ਾਮ 6 ਵਜੇ ਦਿਲ ਦਾ ਦੌਰਾ ਪਿਆ ਸੀ। ਉਸ ਸਮੇਂ ਉਹ ਘਰ ਵਿੱਚ ਹੀ ਸਨ। ਉਨ੍ਹਾਂ ਨੂੰ ਤੁਰੰਤ ਦੱਖਣੀ ਮੁੰਬਈ ਦੇ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪੁੱਜਣ ਤੋਂ ਥੋੜੀ ਦੇਰ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ।
ਰਾਜਿਲ ਨੇ ਦੱਸਿਆ ਕਿ ਅਸੀਂ ਜਲਦ ਹੀ ਅੰਤਿਮ ਸੰਸਕਾਰ ਬਾਰੇ ਬਿਆਨ ਜਾਰੀ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਅਮੀਨ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਹੋਵੇਗਾ। ਅਮੀਨ ਸਯਾਨੀ ਦੇ ਦੇਹਾਂਤ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਅਮੀਨ ਸਯਾਨੀ ਪਿਛਲੇ ਕਾਫੀ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਹ ਪਿਛਲੇ 12 ਸਾਲਾਂ ਤੋਂ ਪਿੱਠ ਦੇ ਦਰਦ ਤੋਂ ਵੀ ਪੀੜਤ ਸਨ ਅਤੇ ਇਸੇ ਕਾਰਨ ਉਨ੍ਹਾਂ ਨੂੰ ਤੁਰਨ ਲਈ ਵਾਕਰ ਦੀ ਵਰਤੋਂ ਕਰਨੀ ਪੈਂ ਰਹੀ ਸੀ।
Alvida, Ameen Sayani sahab. There has never been and never will be another you. Legend 🙏🏻 pic.twitter.com/l8m9SzA5T6
— Ateet Sharma (@Ateet_Sharma) February 21, 2024
ਬਿਨਾਕਾ ਗੀਤਮਾਲਾ ਪ੍ਰੋਗਰਾਮ ਤੋਂ ਮਿਲੀ ਪ੍ਰਸਿੱਧੀ
21 ਦਸੰਬਰ 1932 ਨੂੰ ਮੁੰਬਈ ਵਿੱਚ ਜਨਮੇ ਅਮੀਨ ਸਯਾਨੀ ਇੱਕ ਬਹੁ-ਭਾਸ਼ਾਈ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਅੰਗਰੇਜ਼ੀ ਅਨਾਊਂਸਰ ਦੇ ਤੌਰ ‘ਤੇ ਕੀਤੀ ਸੀ, ਪਰ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੇ ਹਿੰਦੀ ਵੱਲ ਰੁੱਖ ਕਰ ਲਿਆ। ਦਸੰਬਰ 1952 ਵਿੱਚ ਪ੍ਰਸਾਰਿਤ ਇੱਕ ਸ਼ੋਅ ‘ਬਿਨਾਕਾ ਗੀਤਮਾਲਾ’ ਤੋਂ ਸਯਾਨੀ ਨੂੰ ਬਹੁਤ ਪ੍ਰਸਿੱਧੀ ਮਿਲੀ।
ਇਹ ਪ੍ਰੋਗਰਾਮ 1952 ਤੋਂ 1994 ਤੱਕ ਚੱਲਿਆ। ਇਸ ਤੋਂ ਬਾਅਦ, 2000-2001 ਅਤੇ 2001-2003 ਵਿੱਚ ਇਸਦੇ ਨਾਮ ਵਿੱਚ ਮਾਮੂਲੀ ਬਦਲਾਅ ਕੀਤੇ ਗਏ ਸਨ। ਸਯਾਨੀ ਦੇ ਨਾਂ 54 ਹਜ਼ਾਰ ਤੋਂ ਵੱਧ ਰੇਡੀਓ ਪ੍ਰੋਗਰਾਮ ਕਰਨ ਦਾ ਰਿਕਾਰਡ ਹੈ। ਉਨ੍ਹਾਂ ਨੇ ਕਰੀਬ 19 ਹਜ਼ਾਰ ਜਿੰਗਲਜ਼ ਨੂੰ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਸ ਵਿੱਚ ਦਰਜ ਹੈ।
