ਤਰਨਜੀਤ ਸਿੰਘ ਸੰਧੂ
ਪੰਜਾਬ ਵਿੱਚ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਚਿਹਰਿਆਂ ਵਿੱਚ ਇੱਕ ਨਾਮ ਤਰਨਜੀਤ ਸਿੰਘ ਸੰਧੂ ਦਾ ਵੀ ਹੈ। ਜਦੋਂ ਭਾਜਪਾ ਦੀ ਟਿਕਟ ‘ਤੇ ਅੰਮ੍ਰਿਤਸਰ ਤੋਂ ਚੋਣ ਲੜਣਗੇ। ਸੰਧੂ ਗੁਰੂਨਗਰੀ ਤੋਂ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਵੀ ਕਰਨਗੇ। ਦੱਸ ਦੇਈਏ ਕਿ ਸੰਧੂ ਸਿਆਸੀ ਆਗੂ ਨਹੀਂ ਸਗੋਂ ਉਹ ਇੱਕ ਪ੍ਰਸ਼ਾਸਨਿਕ ਅਧਿਕਾਰੀ ਰਹੇ ਹਨ।
ਤਰਨਜੀਤ ਸਿੰਘ ਸੰਧੂ ਦਾ ਪਰਿਵਾਰਿਕ ਪਿਛੋਕੜ
ਤਰਨਜੀਤ ਸਿੰਘ ਸੰਧੂ ਦੇ ਦਾਦਾ ਤੇਜਾ ਸਿੰਘ ਸੁਮੰਦਰੀ ਦਾ ਨਾਮ ਪੰਜਾਬ ਅਤੇ ਖਾਸ ਕਰਕੇ ਸਿੱਖ ਪੰਥ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਕਿਉਂਕਿ ਉਹਨਾਂ ਨੇ ਸਿੱਖ ਪੰਥ ਲਈ ਬਹੁਤ ਅਹਿਮ ਯੋਗਦਾਨ ਦਿੱਤਾ ਹੈ। ਸੁਮੰਦਰੀ ਉਹਨਾਂ ਆਗੂਆਂ ਵਿੱਚੋਂ ਇੱਕ ਸਨ ਜਿਨ੍ਹਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ। ਸ਼੍ਰੋਮਣੀ ਕਮੇਟੀ ਹੀ ਉਹ ਸੰਸਥਾ ਹੈ ਜੋ ਸਿੱਖਾਂ ਦੇ ਸਾਰੇ ਗੁਰੂਦੁਆਰਿਆਂ ਦੀ ਸਾਂਭ ਸੰਭਾਲ, ਸਿਆਸੀ ਮਸਲਿਆਂ ਅਤੇ ਹੋਰ ਮਸਲਿਆਂ ਕੰਮ ਕਰਦੀ ਹੈ।
ਤਰਨਜੀਤ ਸੰਧੂ ਦੇ ਪਿਤਾ ਬਿਸ਼ਨ ਸਿੰਘ ਸੁਮੰਦਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਰਹਿ ਚੁੱਕੇ ਹਨ ਅਤੇ ਉਹਨਾਂ ਦੀ ਮਾਤਾ ਜੀ ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਪ੍ਰਸ਼ਾਸਨਿਕ ਅਧਿਕਾਰੀ ਹਨ ਸੰਧੂ
ਵਿਦੇਸ਼ ਵਿੱਚ ਪੜ੍ਹੇ ਤਰਨਜੀਤ ਸੰਧੂ ਨੇ1998 ਵਿੱਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਉਹਨਾਂ ਦੀ ਚੋਣ ਵਿਦੇਸ਼ ਸੇਵਾ ਵਿੱਚ ਹੋਈ। ਜਿੱਥੇ ਉਹਨਾਂ ਨੇ ਸ਼੍ਰੀ ਲੰਕਾ ਵਿੱਚ ਹਾਈ ਕਮਿਸ਼ਨਰ ਅਤੇ ਅਮਰੀਕਾ ਵਿੱਚ ਰਾਜਦੂਤ ਵਜੋਂ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਹਨਾਂ ਨੇ ਮੋਦੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਵੱਖੋ-ਵੱਖਰੇ ਅਹੁਦਿਆਂ ਤੇ ਵੀ ਕੰਮ ਕੀਤਾ। ਯੂਕਰੇਨ ਵਿੱਚ ਸਫਾਰਤਖਾਨਾ ਖੁਲਵਾਉਣ ਵਿੱਚ ਉਹਨਾਂ ਦੀ ਵੱਡੀ ਭੂਮਿਕਾ ਮੰਨੀ ਜਾਂਦੀ ਹੈ।
ਭਾਜਪਾ ਜਿੱਤ ਸਕੇਗੀ ਅੰਮ੍ਰਿਤਸਰ ਦਾ 'ਕਿਲ੍ਹਾ'?
ਬੇਸ਼ੱਕ ਭਾਜਪਾ ਨੇ ਇੱਕ ਵਾਰ ਸਿੱਖ ਚਿਹਰੇ ਅਤੇ ਸੁਮੰਦਰੀ ਪਰਿਵਾਰ ‘ਤੇ ਦਾਅ ਖੇਡਿਆ ਹੈ ਪਰ ਹੁਣ ਤੱਕ ਇਸ ਸੀਟ ਤੇ ਜ਼ਿਆਦਾਤਰ ਕਾਂਗਰਸ ਦਾ ਕਬਜ਼ਾ ਰਿਹਾ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਇਸ ਸੀਟ ਤੋਂ ਸੰਸਦ ਜਾਂਦੇ ਰਹੇ ਹਨ ਪਰ ਉਹ ਹੁਣ ਕਾਂਗਰਸ ਵਿੱਚ ਹਨ। ਭਾਜਪਾ ਨੇ ਅਰੁਣ ਜੇਤਲੀ ‘ਤੇ ਦਾਅ ਖੇਡਿਆ ਸੀ ਪਰ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਦੋਂ ਕਿ ਪਿਛਲੀਆਂ ਚੋਣਾਂ ਵਿੱਚ ਹਰਦੀਪ ਸਿੰਘ ਪੁਰੀ ਮੈਦਾਨ ਵਿੱਚ ਲੈ ਕੇ ਆਏ ਸਨ, ਪਰ ਉਹਨਾਂ ਨੂੰ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਹਰਾ ਦਿੱਤਾ ਸੀ। ਉਸ ਵੇਲੇ ਔਜਲਾ ਨੂੰ 52.4 ਫੀਸਦ ਕਰੀਬ 4 ਲੱਖ 44 ਹਜ਼ਾਰ ਵੋਟਾਂ ਮਿਲੀਆਂ ਸਨ। ਜਦੋਂ ਕਿ ਹਰਦੀਪ ਪੁਰੀ ਨੂੰ 40.6 ਫੀਸਦ ਮਤਲਬ ਕਰੀਬ 3 ਲੱਖ 44 ਹਜ਼ਾਰ ਵੋਟਾਂ ਮਿਲੀਆਂ ਸਨ। ਹਾਰ ਦਾ ਅੰਤਰ ਕਰੀਬ 1 ਲੱਖ ਵੋਟਾਂ ਦਾ ਸੀ।
ਜੇਕਰ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ 40.9 ਫੀਸਦ ਕਰੀਬ 4 ਲੱਖ 29 ਹਜ਼ਾਰ ਵੋਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਵਿੱਚ ਆਈਆਂ ਸਨ। ਜਦੋਂਕਿ ਤੀਜਾ ਨੰਬਰ ਕਾਂਗਰਸ ਦਾ ਰਿਹਾ ਸੀ ਜਿਨ੍ਹਾਂ ਨੂੰ 24.7 ਫੀਸਦ ਵੋਟਾਂ ਮਤਲਬ ਕਰੀਬ 2 ਲੱਖ 59 ਹਜ਼ਾਰ ਵੋਟਾਂ ਮਿਲੀਆਂ ਸਨ। ਜੇਕਰ ਗੱਲ ਭਾਜਪਾ ਦੀ ਕਰੀਏ ਤਾਂ ਉਸ ਨੂੰ 4.8 ਫੀਸਦ ਮਤਲਬ ਮਹਿਜ਼ 50 ਹਜ਼ਾਰ ਵੋਟਾਂ ਹੀ ਮਿਲੀਆਂ ਸਨ। ਇਹਨਾਂ ਅੰਕੜਿਆਂ ਨੂੰ ਦੇਖਕੇ ਲੱਗਦਾ ਹੈ ਕਿ ਭਾਜਪਾ ਲਈ ਅੰਮ੍ਰਿਤਸਰ ਦਾ ਕਿਲ੍ਹਾ ਸਰ ਕਰਨਾ ਐਨਾ ਸੋਖਾ ਨਹੀਂ ਹੋਵੇਗਾ।
ਲੋਕ ਸਭਾ ਦੇ ਕਿਸ ਹਿੱਸੇ ਵਿੱਚ ਸਭ ਤੋਂ ਮਜ਼ਬੂਤ ਹੈ ਭਾਜਪਾ
ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜ਼ਿਆਂ ਰਾਹੀਂ ਝਾਤ ਮਾਰੀਏ ਤਾਂ ਅੰਮ੍ਰਿਤਸਰ ਉੱਤਰੀ ਵਿੱਚ ਸਭ ਤੋਂ ਵੱਧ 13,865 ਵੋਟਾਂ ਮਿਲੀਆਂ ਸਨ। ਜਦੋਂਕਿ ਦੂਜਾ ਸਭ ਤੋਂ ਮਜ਼ਬੂਤ ਹਲਕਾ ਅੰਮ੍ਰਿਤਸਰ ਕੇਂਦਰੀ ਰਿਹਾ ਸੀ ਜਿੱਥੋ 13,551 ਵੋਟਾਂ ਮਿਲੀਆਂ ਸਨ। ਜੇਕਰ ਸਭ ਤੋਂ ਕਮਜ਼ੋਰ ਹਲਕੇ ਦੀ ਗੱਲ ਕਰੀਏ ਤਾਂ ਮਜੀਠਾ ਹਲਕੇ ਵਿੱਚ ਭਾਜਪਾ ਨੂੰ ਮਹਿਜ਼ 1654 ਵੋਟਾਂ ਮਿਲੀਆਂ ਸਨ। ਐਥੋਂ ਬਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਮਜੀਠੀਆ ਨੇ ਜਿੱਤ ਹਾਸਿਲ ਕੀਤੀ ਸੀ। ਹੁਣ ਅਕਾਲੀ ਦਲ ਤੇ ਭਾਜਪਾ ਵੱਖਰੇ ਤੌਰ ਤੇ ਚੋਣ ਲੜਣਗੀਆਂ ਤਾਂ ਅਜਿਹੇ ਵਿੱਚ ਇਸ ਸੀਟ ਤੋਂ ਵੀ ਭਾਜਪਾ ਆਪਣਾ ਵੋਟ ਫੀਸਦ ਵਧਾਉਣ ਦੀ ਕੋਸ਼ਿਸ਼ ਕਰੇਗੀ।