ਹੰਸ ਰਾਜ ਹੰਸ
ਪੰਜਾਬ ਵਿੱਚ ਸਭ ਤੋਂ ਅਖੀਰ ਵਿੱਚ ਯਾਨੀ 7ਵੇਂ ਗੇੜ ਵਿੱਚ ਵੋਟਾਂ ਪੈਣਗੀਆਂ। ਜਿਸ ਲਈ ਭਾਜਪਾ ਦੇ ਉਮੀਦਵਾਰਾਂ ਦੀ ਲਿਸਟ ਵਿੱਚ ਸਾਂਸਦ ਹੰਸ ਰਾਜ ਹੰਸ ਦੀ ਸੀਟ ਬਦਲਕੇ ਉਹਨਾਂ ਨੂੰ ਫਰੀਦਕੋਟ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਸੀਟ ਤੋਂ ਮੌਜੂਦਾ ਸਾਂਸਦ ਮੁਹੰਮਦ ਸਦੀਕ ਹਨ ਜੋ ਕਾਂਗਰਸ ਦੀ ਟਿਕਟ ਤੇ ਚੋਣ ਜਿੱਤਕੇ ਸੰਸਦ ਵਿੱਚ ਪਹੁੰਚੇ ਸਨ।
ਹੰਸ ਰਾਜ ਹੰਸ 2019 ਦੀਆਂ ਚੋਣਾਂ ਵਿੱਚ ਦਿੱਲੀ ਵੈਸਟ ਤੋਂ ਭਾਜਪਾ ਦੀ ਟਿਕਟ ਤੇ ਸਾਂਸਦ ਚੁਣੇ ਗਏ ਸਨ। ਹਾਲਾਂਕਿ ਇਸ ਵਾਰ ਪਾਰਟੀ ਨੇ ਉਹਨਾਂ ਦੀ ਸੀਟ ਵਿੱਚ ਬਦਲਾਅ ਕਰਕੇ ਉਹਨਾਂ ਨੂੰ ਪੰਜਾਬ ਭੇਜਿਆ ਹੈ। ਜਿੱਥੇ ਉਹ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਨਾਲ ਮੁਕਾਬਲਾ ਕਰਦੇ ਨਜ਼ਰ ਆਉਣਗੇ।
ਹੰਸ ਰਾਜ ਹੰਸ ਦਾ ਸਿਆਸੀ ਸਫ਼ਰ
ਹੰਸ ਰਾਜ ਹੰਸ ਉੱਘੇ ਸੂਫੀ ਗਾਇਕ ਹਨ। ਉਹਨਾਂ ਨੂੰ ਸੂਫੀ ਗਾਇਕੀ ਵਿੱਚ ਬੜੇ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਹੰਸ ਦਾ ਜਨਮ ਪੰਜਾਬ ਦੇ ਜਲੰਧਰ ਵਿੱਚ ਹੋਇਆ ਸੀ ਉਹਨਾਂ ਨੂੰ ਰਾਜਗਾਇਕ ਦੀ ਉਪਾਧੀ ਵੀ ਮਿਲੀ ਹੋਈ ਹੈ। ਉਹਨਾਂ ਨੇ ਆਪਣੀ ਸਿਆਸਤ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨਾਲ ਕੀਤੀ ਅਤੇ 2009 ਵਿੱਚ ਪਹਿਲੀ ਵਾਰ ਲੋਕ ਸਭਾ ਦੀ ਚੋਣ ਲੜੀ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਹੰਸ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਮੋਹ ਭੰਗ ਹੋ ਗਿਆ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕਾਂਗਰਸ ਦਾ ਹੱਥ ਫੜ ਲਿਆ।
ਕਰੀਬ 2 ਸਾਲ ਬਾਅਦ ਹੀ ਉਹਨਾਂ ਦਾ ਕਾਂਗਰਸ ਨਾਲੋਂ ਵੀ ਮੋਹ ਖੱਟਾ ਪੈ ਗਿਆ ਅਤੇ ਉਹ ਸਾਲ 2016 ਵਿੱਚ ਭਾਜਪਾ ਦੇ ਮੈਂਬਰ ਬਣ ਗਏ ਅਤੇ 2019 ਦੀਆਂ ਚੋਣਾਂ ਵਿੱਚ ਭਾਜਪਾ ਨੇ ਉਹਨਾਂ ਨੂੰ ਦਿੱਲੀ ਵੈਸਟ ਤੋਂ ਮੈਦਾਨ ਵਿੱਚ ਉਤਾਰਿਆ ਅਤੇ ਉਹ ਜਿੱਤ ਕੇ ਲੋਕ ਸਭਾ ਪਹੁੰਚੇ। ਪਰ ਹੁਣ ਉਹਨਾਂ ਦੀ ਸੀਟ ਵਿੱਚ ਤਬਦੀਲੀ ਕਰਕੇ ਉਹਨਾਂ ਨੂੰ ਪੰਜਾਬ ਭੇਜਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਉਹ ਇਸ ਵਾਰ ਫ਼ਰੀਦਕੋਟ ਤੋਂ ਕਾਂਗਰਸ ਦਾ ਕਿਲ੍ਹਾ ਜਿੱਤ ਸਕਣਗੇ ਜਾਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਹੰਸ ਦੇ ਹੱਕ ਵਿੱਚ ਅੰਕੜੇ
ਫਰੀਦਕੋਟ ਦੀ ਲੋਕ ਸਭਾ ਸੀਟ ਨਾ ਤਾਂ ਹੰਸ ਰਾਜ ਹੰਸ ਦੇ ਹੱਕ ਵਿੱਚ ਭੁਗਤਦੀ ਨਜ਼ਰ ਆ ਰਹੀ ਹੈ ਨਾ ਭਾਜਪਾ ਦੇ। ਕਿਉਂਕਿ ਬੇਸ਼ੱਕ ਇਸ ਸੀਟ ਤੋਂ ਮੁਹੰਮਦ ਸਦੀਕ ਜੋ ਪੇਸ਼ੇ ਤੋਂ ਗਾਇਕ ਹਨ ਉਹ ਲੋਕ ਸਭਾ ਪਹੁੰਚੇ ਸਨ ਪਰ ਉਹਨਾਂ ਨਾਲ ਕਾਂਗਰਸ ਦਾ ਚੋਣ ਨਿਸ਼ਾਨ ਸੀ। ਪਰ ਜੇਕਰ ਇਹੀ ਗੱਲ ਹੰਸ ਰਾਜ ਹੰਸ ਤੇ ਲਾਗੂ ਕੀਤੀ ਜਾਵੇ ਤਾਂ ਇਹ ਉਹਨਾਂ ਦੇ ਖਿਲਾਫ਼ ਜਾਂਦੀ ਦਿਖਾਈ ਦਿੰਦੀ ਹੈ। ਕਿਉਂਕਿ ਹੰਸ ਰਾਜ ਨੂੰ ਤਾਂ ਕੁੱਝ ਵੋਟ ਪੈ ਜਾਵੇਗੀ, ਪਰ ਭਾਜਪਾ ਦੇ ਨਾਮ ਕਾਰਨ ਉਹਨਾਂ ਨੂੰ ਕੁੱਝ ਵੋਟਾਂ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਕਿਉਂਕਿ ਮੁਹੰਮਦ ਸਦੀਕ ਨੂੰ ਪਿਛਲੀਆਂ ਚੋਣਾਂ ਵਿੱਚ 43.9 ਫੀਸਦ ਵੋਟਾਂ ਮਿਲੀਆਂ ਸਨ। ਪਰ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਗਿੱਦੜਵਾਹਾ ਹਲਕੇ ਵਿੱਚ ਕਾਂਗਰਸ ਨੂੰ ਜਿੱਤ ਮਿਲੀ ਸੀ ਜਦੋਂ ਕਿ 23.4 ਫੀਸਦ ਵੋਟਰ ਸ਼ੇਅਰ ਹਾਸਿਲ ਹੋਇਆ ਸੀ। ਬਾਕੀ ਸਾਰੀਆਂ ਸੀਟਾਂ ‘ਤੇ ਆਮ ਆਦਮੀ ਪਾਰਟੀ ਨੇ ਆਪਣਾ ਕਬਜ਼ਾ ਕਰ ਲਿਆ ਸੀ।
ਜੇਕਰ ਹੁਣ ਭਾਜਪਾ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੋਗਾ ਸੀਟ ਤੋਂ 10,606 ਵੋਟਾਂ ਅਤੇ ਫਰੀਦਕੋਟ ਤੋਂ 2,424 ਵੋਟਾਂ ਮਿਲੀਆਂ ਸਨ। ਬਾਕੀ 7 ਹਲਕਿਆਂ (ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਧਰਮਕੋਟ, ਗਿੱਦੜਵਾਹਾ, ਕੋਟਕਪੁਰਾ, ਜੈਤੋਂ ਅਤੇ ਰਾਮਪੁਰਾ ਫੂਲ) ਵਿੱਚ ਪਾਰਟੀ ਆਪਣਾ ਖਾਤਾ ਤੱਕ ਨਹੀਂ ਖੋਲ ਸਕੀ ਸੀ। ਇਹਨਾਂ ਚੋਣਾਂ ਵਿੱਚ ਭਾਜਪਾ ਨੂੰ ਮਹਿਜ਼ 1.1 ਵੋਟ ਸ਼ੇਅਰ ਪ੍ਰਾਪਤ ਹੋਇਆ ਸੀ। ਖਾਸ ਗੱਲ ਇਹ ਹੈ ਕਿ ਜਿਹੜੇ 2 ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਨੂੰ ਵੋਟਾਂ ਮਿਲੀਆਂ ਹਨ ਉਹ ਸ਼ਹਿਰੀ ਇਲਾਕੇ ਹਨ। ਜਦੋਂ ਕਿ ਇਸ ਲੋਕ ਸਭਾ ਹਲਕੇ ਦੇ ਜ਼ਿਆਦਾਤਰ ਵੋਟਰ ਪੇਂਡੂ ਖੇਤਰ ਵਿੱਚ ਰਹਿੰਦੇ ਹਨ। ਜੋ ਕਿਸਾਨੀ ਅੰਦੋਨਲ ਕਾਰਨ ਵੀ ਭਾਜਪਾ ਨਾਲ ਨਰਾਜ਼ ਦਿਖਾਈ ਦੇ ਰਹੇ ਹਨ। ਅਜਿਹੇ ਵਿੱਚ ਨਾ ਤਾਂ ਭਾਜਪਾ ਅਤੇ ਨਾ ਹੀ ਹੰਸ ਰਾਜ ਹੰਸ ਦੀ ਇਹ ਰਾਹ ਐਨੀ ਸੌਖੀ ਨਹੀਂ ਹੋਵਗੀ।
ਜੇਕਰ ਅਸੀਂ ਵੋਟਰਾਂ ਦੀ ਗੱਲ ਕਰੀਏ ਤਾਂ 72.8 ਫੀਸਦ (1,118,001) ਲੋਕ ਪੇਂਡੂ ਖੇਤਰ ਵਿੱਚ ਰਹਿੰਦੇ ਹਨ ਜਦੋਂਕਿ 27.2 ਫੀਸਦ (417,715) ਲੋਕ ਸ਼ਹਿਰੀ ਇਲਾਕਿਆਂ ਵਿੱਚ ਰਹਿੰਦੇ ਹਨ। ਜਿਸ ਕਰਕੇ ਜਿੱਤ ਅਤੇ ਹਾਰ ਤੈਅ ਕਰਨ ਦਾ ਅਧਿਕਾਰ ਪੇਂਡੂ ਖਿੱਤੇ ਦੇ ਲੋਕਾਂ ਕੋਲ ਹੈ। ਅਜਿਹੇ ਵਿੱਚ ਹੰਸ ਰਾਜ ਹੰਸ ਨੂੰ ਪੇਂਡੂ ਵੋਟ ਤੇ ਜ਼ਿਆਦਾ ਧਿਆਨ ਦੇਣਾ ਹੋਵੇਗਾ।