ਦਿਨੇਸ਼ ਬੱਬੂ
ਲੋਕ ਸਭਾ ਚੋਣਾਂ ਲਈ ਭਾਜਪਾ ਵੱਲੋਂ ਗੁਰਦਾਸਪੁਰ ਦੀ ਲੋਕ ਸਭਾ ਸੀਟ ਤੋਂ ਦਿਨੇਸ਼ ਬੱਬੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਸੀਟ ਤੋਂ ਮੌਜੂਦਾ ਸਾਂਸਦ ਸੰਨੀ ਦਿਓਲ ਹਨ ਜਿਨ੍ਹਾਂ ਦੀ ਭਾਜਪਾ ਵੱਲੋਂ ਟਿਕਟ ਕੱਟ ਦਿੱਤੀ ਗਈ ਹੈ।
ਦਿਨੇਸ਼ ਬੱਬੂ ਭਾਜਪਾ ਦੇ ਲੋਕਲ ਲੀਡਰ ਹਨ ਅਤੇ ਲੰਮੇ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ। ਉਹਨਾਂ ਨੇ ਆਪਣੀ ਪਹਿਲੀ ਚੋਣ 2007 ਵਿੱਚ ਭਾਜਪਾ ਦੀ ਟਿਕਟ ‘ਤੇ ਲੜੀ ਅਤੇ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਸਹਾਇਪੁਰੀ ਨੂੰ ਹਰਾਇਆ ਸੀ। ਬੱਬੂ ਲਗਾਤਾਰ ਵਰਕਰਾਂ ਵਿੱਚ ਵਿਚਰਦੇ ਰਹਿੰਦੇ ਹਨ।
ਦਿਨੇਸ਼ ਬੱਬੂ ਦਾ ਸਿਆਸੀ ਸਫ਼ਰ
ਪਹਾੜਾਂ ਵਿੱਚ ਵਸੇ ਪਠਾਨਕੋਟ ਦੇ ਪਿੰਡ ਮਨਵਾਲ ਦੇ ਰਹਿਣ ਵਾਲੇ ਦਿਨੇਸ਼ ਬੱਬੂ ਨੇ ਆਪਣੀ ਸਿਆਸੀ ਜੀਵਨ ਦੀ ਸ਼ੁਰੂਆਤ ਭਾਜਪਾ ਦੇ ਵਰਕਰ ਵਜੋਂ ਸਾਲ 1995 ਵਿੱਚ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਕਈ ਚੋਣਾਂ ਵਿੱਚ ਪ੍ਰਚਾਰ ਕੀਤਾ। ਦਿਨੇਸ਼ ਬੱਬੂ ਵਿਦਿਆਰਥੀ ਰਾਜਨੀਤੀ ਵਿੱਚ ਵੀ ਐਕਟਿਵ ਰਹੇ।ਉਹਨਾਂ ਨੇ ਭਾਜਪਾ ਦਾ ਵਿਦਿਆਰਥੀ ਜੱਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹਨਾਂ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿੱਚ ਬੀਏ ਸੈਕੇਂਡ ਈਅਰ ਦੀ ਪੜਾਈ ਵਿੱਚ ਹੀ ਛੱਡਕੇ ਸਿਆਸਤ ਵਿੱਚ ਸਰਗਰਮ ਹੋ ਗਏ ਅਤੇ ਸਾਲ 2007 ਪਹਿਲੀ ਵਾਰ ਚੋਣ ਲੜੀ। ਬੱਬੂ 2007, 2012 ਅਤੇ 2017 ਲਗਾਤਾਰ ਤਿੰਨ ਵਾਰ ਸੁਜਾਨਪੁਰ ਤੋਂ ਵਿਧਾਇਕ ਰਹੇ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸਮੇਂ ਉਹ ਪੰਜਾਬ ਵਿਧਾਨਸਭਾ ਦੇ ਡਿਪਟੀ ਸਪੀਕਰ ਵੀ ਰਹੇ। ਪਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਕਾਂਗਰਸੀ ਉਮੀਦਵਾਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਭਾਜਪਾ ਨੇ ਲੋਕਸਭਾ ਚੋਣਾਂ ਲਈ ਦਿਨੇਸ਼ ਬੱਬੂ ਤੇ ਦਾਅ ਖੇਡਿਆ ਹੈ।
ਬੱਬੂ ਲਈ ਕਿੰਨੀ ਸੌਖੀ ਹੈ ਰਾਹ ?
ਬੇਸ਼ੱਕ ਗੁਰਦਾਸਪੁਰ ਸੀਟ ਤੋਂ ਪਿਛਲੀ ਵਾਰ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ (ਹੁਣ ਭਾਜਪਾ ਵਿੱਚ) ਨੂੰ ਹਰਾ ਕੇ ਪਾਰਲੀਮੈਂਟ ਲਈ ਆਪਣਾ ਰਾਹ ਪੱਧਰਾ ਕੀਤਾ ਸੀ। ਪਰ ਇਸ ਵਾਰ ਦਿਨੇਸ਼ ਲਈ ਇਹ ਰਾਹ ਐਨੀ ਸੌਖੀ ਨਹੀਂ ਹੋਵੇਗੀ। ਜੇਕਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜ਼ਿਆਂ ਤੇ ਨਜ਼ਰ ਮਾਰੀਏ ਤਾਂ ਉਸ ਸਮੇਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ 50.8 ਫੀਸਦ ਮਤਲਬ 5 ਲੱਖ 51 ਹਜ਼ਾਰ ਵੋਟਾਂ ਮਿਲੀਆਂ ਸਨ। ਜਦੋਕਿ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ 43.7 ਫੀਸਦ ਮਤਲਬ ਕਰੀਬ 4 ਲੱਖ 74 ਹਜ਼ਾਰ ਵੋਟਾਂ ਮਿਲੀਆਂ ਸਨ। ਜਦੋਂ ਆਮ ਆਦਮੀ ਪਾਰਟੀ ਤੀਜੇ ਨੰਬਰ ‘ਤੇ ਰਹੀ ਸੀ। ਉਸਦੇ ਉਮੀਦਵਾਰ ਪੀਟਰ ਮਸੀਹ ਨੂੰ ਮਹਿਜ਼ 2.5 ਫੀਸਦ ਮਤਲਬ ਕਰੀਬ 27 ਹਜ਼ਾਰ ਵੋਟਾਂ ਹੀ ਮਿਲੀਆਂ ਸਨ।
ਪਰ ਜਦੋਂ ਇਹ ਸਥਿਤੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਉਂਦੀ ਹੈ ਤਾਂ ਬਿਲਕੁਲ ਬਦਲ ਜਾਂਦੀ ਹੈ। ਇਸ ਲੋਕ ਸਭਾ ਸੀਟ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਸਭ ਤੋਂ ਵੱਧ 6 ਕਾਂਗਰਸ ਦੇ ਵਿਧਾਇਕ ਚੁਣੇ ਜਾਂਦੇ ਹਨ। ਜਦੋਂਕਿ 2 ਵਿਧਾਇਕਾਂ ਦੇ ਨਾਲ ਆਮ ਆਦਮੀ ਪਾਰਟੀ ਦੂਜੇ ਨੰਬਰ ‘ਤੇ ਰਹੀ। ਜਦੋਂਕਿ ਭਾਜਪਾ ਆਪਣਾ ਇੱਕ ਹੀ ਵਿਧਾਇਕ ਜਿਤਾ ਸਕੀ। ਭਾਜਪਾ ਨੂੰ 2022 ਦੀਆਂ ਚੋਣਾਂ ਵਿੱਚ 13.6 ਫੀਸਦ ਮਤਲਬ ਕਰੀਬ 1 ਲੱਖ 60 ਹਜ਼ਾਰ ਵੋਟਾਂ ਹੀ ਮਿਲੀਆਂ। ਜਦੋਂਕਿ ਆਮ ਆਦਮੀ ਪਾਰਟੀ ਨੇ ਆਪਣੇ ਪ੍ਰਦਰਸ਼ਨ ਵਿੱਚ ਕਾਫ਼ੀ ਸੁਧਾਰ ਕੀਤਾ। ਆਮ ਆਦਮੀ ਪਾਰਟੀ ਨੂੰ 29.6 ਫੀਸਦ ਮਤਲਬ ਕਰੀਬ 3 ਲੱਖ 48 ਹਜ਼ਾਰ ਵੋਟਾਂ ਪ੍ਰਾਪਤ ਹੋਈਆਂ। ਉੱਧਰ ਆਪਣੇ 6 ਵਿਧਾਇਕ ਜਿੱਤਵਾਕੇ ਵਿਧਾਨ ਸਭਾ ਭੇਜਣ ਵਾਲੀ ਕਾਂਗਰਸ ਦੇ ਹਿੱਸੇ 34 ਫੀਸਦ ਵੋਟਾਂ ਮਤਲਬ 4 ਲੱਖ ਤੋਂ ਵੱਧ ਵੋਟਾਂ ਹਾਸਿਲ ਹੋਈਆਂ। ਸ਼੍ਰੋਮਣੀ ਅਕਾਲੀ ਦਲ 17.1 ਫੀਸਦ ਮਤਲਬ 2 ਲੱਖ ਤੋਂ ਵੱਧ ਵੋਟਾਂ ਲੈਕੇ ਤੀਜੇ ਨੰਬਰ ‘ਤੇ ਰਹੀ।
ਹੁਣ ਇਸ ਵਾਰ ਭਾਜਪਾ ਨੇ ਲੋਕਸਭਾ ਚੋਣਾਂ ਲਈ ਦਿਨੇਸ਼ ਬੱਬੂ ਤੇ ਦਾਅ ਖੇਡਿਆ ਹੈ। ਦੇਖਣਾ ਹੋਵੇਗਾ ਕਿ ਉਹ ਸੰਨੀ ਦਿਓਲ ਤੋਂ ਬਾਅਦ ਹੁਣ ਆਪਣੀ ਪਾਰਟੀ ਨੂੰ ਜਿੱਤ ਹਾਸਿਲ ਕਰਵਾ ਸਕਣਗੇ ਜਾਂ ਫਿਰ ਸੰਨੀ ਦਿਓਲ ਦੀ ਐਂਟੀ ਇਨਕਬੈਂਸੀ ਕਾਰਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ।