ਧਰਮਵੀਰ ਗਾਂਧੀ
ਕਾਂਗਰਸ ਨੇ ਧਰਮਵੀਰ ਗਾਂਧੀ ਇਸ ਲੋਕ ਸਭਾ ਸੀਟ ਤੋਂ ਪਹਿਲਾਂ ਵੀ ਸਾਂਸਦ ਰਹਿ ਚੁੱਕੇ ਹਨ। ਇਸ ਵਾਰ ਉਹ ਫਿਰ ਜਿੱਤਕੇ ਪਟਿਆਲਾ ਤੋਂ ਪਾਰਲੀਮੈਂਟ ਤੱਕ ਜਾਣ ਦੀ ਕੋਸ਼ਿਸ ਕਰਨਗੇ।
ਧਰਮਵੀਰ ਗਾਂਧੀ ਦਾ ਸਿਆਸੀ ਸਫ਼ਰ
ਧਰਮਵੀਰ ਗਾਂਧੀ ਪੇਸ਼ੇ ਤੋਂ ਕਾਰਡਿਓਲੌਜਿਸਟ ਹਨ। ਉਹਨਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ ਪਰ 2001 ਵਿੱਚ ਉਹਨਾਂ ਆਪਣੀ ਨੌਕਰੀ ਛੱਡ ਦਿੱਤੀ ਅਤੇ ਨਿੱਜੀ ਕਲੀਨਿਕ ਖੋਲ੍ਹ ਕੇ ਮਰੀਜ਼ਾਂ ਦਾ ਇਲਾਜ਼ ਕਰਨ ਲੱਗ ਪਏ। ਇਸ ਦੌਰਾਨ ਉਹ ਮਰੀਜ਼ਾਂ ਤੋਂ ਆਮਦਨ ਦੇ ਹਿਸਾਬ ਨਾਲ ਫੀਸ ਲਿਆ ਕਰਦੇ ਸਨ। ਜਿਵੇਂ ਕਿ ਜੇਕਰ ਕੋਈ ਅਮੀਰ ਉਹਨਾਂ ਕੋਲ ਇਲਾਜ ਲਈ ਆਉਂਦਾ ਸੀ ਤਾਂ ਉਸ ਤੋਂ ਪੂਰੀ ਫੀਸ ਲਈ ਜਾਂਦੀ, ਪਰ ਜੇਕਰ ਉਹਨਾਂ ਕੋਲ ਕੋਈ ਗਰੀਬ ਜਾਂ ਲੋੜਵੰਦ ਉਹਨਾਂ ਕੋਲ ਇਲਾਜ ਲਈ ਜਾਂਦਾ ਸੀ ਤਾਂ ਗਾਂਧੀ ਉਹਨਾਂ ਤੋਂ ਬਹੁਤ ਥੋੜ੍ਹੀ ਫੀਸ ਲੈਕੇ ਉਹਨਾਂ ਦਾ ਇਲਾਜ ਕਰਦੇ ਸਨ। ਜਿਸ ਕਰਕੇ ਉਹਨਾਂ ਦੀ ਆਸ ਪਾਸ ਦੇ ਇਲਾਕੇ ਵਿੱਚ ਚੰਗੀ ਪਹਿਚਾਣ ਬਣ ਗਈ।
ਧਰਮਵੀਰ ਗਾਂਧੀ ਨੇ ਸਿਆਸਤ ਵਿੱਚ ਆਪਣਾ ਪੈਰ ਸਾਲ 2013 ਵਿੱਚ ਧਰਿਆ। ਉਹਨਾਂ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ 2014 ਦੀ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਬਣਾਇਆ ਅਤੇ ਉਹਨਾਂ ਨੇ ਪਟਿਆਲਾ ਦੀ ਸੀਟ ਤੋਂ ਜਿੱਤ ਹਾਸਿਲ ਕੀਤੀ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਹਰਾਇਆ।
ਹੁਣ ਤੱਕ ਦੇ ਇਤਿਹਾਸ ਵਿੱਚ ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਪ੍ਰਨੀਤ ਕੌਰ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਵਿੱਚ ਪ੍ਰਨੀਤ ਕੌਰ ਕਦੇ ਨਹੀਂ ਹਾਰੀ ਸੀ। 2014 ਦੀਆਂ ਚੋਣਾਂ ਵਿੱਚ ਉਹਨਾਂ ਨੇ ਪ੍ਰਨੀਤ ਕੌਰ ਨੂੰ 20 ਹਜ਼ਾਰ 942 ਵੋਟਾਂ ਦੇ ਅੰਤਰ ਨਾਲ ਹਰਾਇਆ।
ਇਸ ਤੋਂ ਬਾਅਦ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਮਤਭੇਦ ਹੋ ਗਏ ਅਤੇ ਉਹਨਾਂ ਨੇ 2019 ਵਿੱਚ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜੀ ਅਤੇ ਇਸ ਵਾਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਗਾਂਧੀ ਸਿਆਸਤ ਤੋਂ ਦੂਰ ਹੋ ਗਏ। ਪਰ ਚੋਣਾਂ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਉਹਨਾਂ ਨੇ ਕਾਂਗਰਸ ਦਾ ਪੱਲਾ ਫੜ੍ਹ ਲਿਆ ਅਤੇ ਕਾਂਗਰਸ ਨੇ ਪਟਿਆਲਾ ਤੋਂ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ।
ਇੱਕ ਸਮਾਂ ਅਜਿਹਾ ਵੀ ਸੀ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਸਮੇਂ ਦੇਸ਼ ਵਿੱਚ ਐਮਰਜੈਂਸੀ ਲਗਾਈ ਗਈ ਸੀ। ਇਸ ਐਮਰਜੈਂਸੀ ਦਾ ਧਰਮਵੀਰ ਗਾਂਧੀ ਨੇ ਖੁੱਲ੍ਹਕੇ ਵਿਰੋਧ ਕੀਤਾ ਸੀ ਅਤੇ ਇਸ ਕਾਰਨ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ।