ਅਸ਼ੋਕ ਪਰਾਸ਼ਰ ਪੱਪੀ
ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ‘ਤੇ ਜ਼ਿਆਦਾ ਭਰੋਸਾ ਜਤਾਇਆ ਹੈ। ਲੁਧਿਆਣਾ ਵਿੱਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਖਿਲਾਫ਼ ਆਮ ਆਦਮੀ ਪਾਰਟੀ ਨੇ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪੱਪੀ 2022 ਦੀਆਂ ਚੋਣ ਵਿੱਚ ਆਮ ਆਦਮੀ ਪਾਰਟੀ ਟਿਕਟ ‘ਤੇ ਚੋਣ ਜਿੱਤਕੇ ਵਿਧਾਨ ਸਭਾ ਪਹੁੰਚੇ ਸਨ।
ਅਸ਼ੋਕ ਪਰਾਸ਼ਰ ਪੱਪੀ ਦਾ ਸਿਆਸੀ ਸਫ਼ਰ
ਅਸ਼ੋਕ ਪਰਾਸ਼ਰ ਪੱਪੀ ਬੇਸ਼ੱਕ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਲੁਧਿਆਣਾ ਤੋਂ ਉਮੀਦਵਾਰ ਹਨ ਪਰ ਇੱਕ ਸਮੇਂ ਉਹ ਕਾਂਗਰਸੀ ਸਨ। 57 ਸਾਲਾ ਅਸ਼ੋਕ ਪਰਾਸ਼ਰ ਪੱਪੀ ਦਾ ਜਨਮ 1964 ਵਿੱਚ ਹੋਇਆ। ਪੱਪੀ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਯੂਥ ਕਾਂਗਰਸ ਦੇ ਨਾਲ ਹੋਈ। ਉਹ ਦੋ ਵਾਰ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਰਹਿ ਚੁੱਕੇ ਹਨ। ਕਾਂਗਰਸ ਪਾਰਟੀ ਨੇ ਪੱਪੀ ਨੂੰ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੁਧਿਆਣਾ ਦੱਖਣੀ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਸੀ। ਪਰ ਇਸ ਚੋਣ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੱਪੀ ਨੂੰ 16 ਹਜ਼ਾਰ 737 ਵੋਟਾਂ ਮਿਲੀਆਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 17 ਹਜ਼ਾਰ 361 ਵੋਟਾਂ ਮਿਲੀਆਂ ਸਨ।
ਅਸ਼ੋਕ ਪਰਾਸ਼ਰ ਪੱਪੀ ਦੇ ਭਰਾ ਰਾਕੇਸ਼ ਪਰਾਸ਼ਰ ਕਰੀਬ 5 ਵਾਰ ਕੌਂਸਲਰ ਰਹਿ ਚੁੱਕੇ ਹਨ। ਪੱਪੀ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਹੱਥ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਅਤੇ ਪਾਰਟੀ ਨੇ ਉਹਨਾਂ ਦੀ ਸੀਟ ਵਿੱਚ ਤਬਦੀਲੀ ਕਰਕੇ ਉਹਨਾਂ ਨੂੰ ਲੁਧਿਆਣਾ ਕੇਂਦਰੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ। ਇਸ ਵਾਰ ਉਹਨਾਂ ਨੂੰ ਜਿੱਤ ਹਾਸਿਲ ਹੋਈ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੱਪੀ ਨੂੰ 32 ਹਜ਼ਾਰ 789 ਵੋਟਾਂ ਮਿਲੀਆਂ ਜਦੋਂ ਕਿ ਉਹਨਾਂ ਦੇ ਖਿਲਾਫ਼ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਪ ਨੂੰ 27 ਹਜ਼ਾਰ 985 ਵੋਟਾਂ ਮਿਲੀਆਂ। ਕਾਂਗਰਸ 26 ਹਜ਼ਾਰ 972 ਵੋਟਾਂ ਲੈਕੇ ਤੀਜੇ ਨੰਬਰ ‘ਤੇ ਰਹੀ। ਜੇਕਰ ਪਿਛਲੀਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਬੇਸ਼ੱਕ ਸਥਿਤੀ ਉਸ ਤੋਂ ਇਸ ਵਾਰ ਬਿਲਕੁਲ ਉਲਟ ਜਾਪਦੀ ਹੈ ਕਿਉਂਕਿ ਉਸ ਸਮੇਂ ਕਾਂਗਰਸ ਦੇ ਉਮੀਦਵਾਰ ਅਤੇ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ।
ਜੇਕਰ ਪਿਛਲੇ ਚੋਣ ਨਤੀਜ਼ਿਆਂ ‘ਤੇ ਝਾਤ ਮਾਰੀ ਜਾਵੇ ਤਾਂ ਕਾਂਗਰਸ ਨੂੰ 3 ਲੱਖ 83 ਹਜ਼ਾਰ 284 ਵੋਟਾਂ ਮਿਲੀਆਂ ਸਨ। ਜਦੋਂਕਿ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ 3 ਲੱਖ 6 ਹਜ਼ਾਰ 786 ਵੋਟਾਂ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਉਮੀਦਵਾਰ 2 ਲੱਖ 98 ਹਜ਼ਾਰ 963 ਵੋਟਾਂ ਲੈਕੇ ਤੀਜੇ ਨੰਬਰ ਤੇ ਰਹੇ ਸਨ।