ਕਸਟਮ ਅਧਿਕਾਰੀ ਬਣ ਕੇ ਰਿਟਾਇਰਡ ਬੈਂਕ ਕਲਰਕ ਨਾਲ 42.25 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਕੀਤਾ ਕੇਸ ਦਰਜ਼
Retired Bank Clerk Cheated: ਪੀੜਤ ਦੀ ਪਛਾਣ ਦਰਸ਼ਨ ਸਿੰਘ ਵਜੋਂ ਹੋਈ ਹੈ, ਜੋ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਦਰਸ਼ਨ ਸਿੰਘ ਨੇ ਦੱਸਿਆ ਕਿ ਅਗਸਤ 2024 ਵਿੱਚ ਉਸ ਨੂੰ ਵਟਸਐਪ ਤੇ ਇੱਕ ਕਾਲ ਆਈ। ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਦਿੱਲੀ ਏਅਰਪੋਰਟ ਕਸਟਮ ਵਿਭਾਗ ਦਾ ਅਧਿਕਾਰੀ ਦੱਸਿਆ। ਠੱਗ ਨੇ ਦਾਅਵਾ ਕੀਤਾ ਕਿ ਦਰਸ਼ਨ ਸਿੰਘ ਦੇ ਨਾਮ ਤੇ ਇੱਕ ਪਾਰਸਲ ਆਇਆ ਹੈ, ਜਿਸ ਵਿੱਚ ਨਸ਼ੀਲੇ ਪਦਾਰਥ, ਪਾਸਪੋਰਟ ਅਤੇ ਹੋਰ ਆਪੱਤਿਜਨਕ ਦਸਤਾਵੇਜ਼ ਮਿਲੇ ਹਨ।
ਡਿਜ਼ਿਟਲ ਇੰਡੀਆ ਦੇ ਯੁੱਗ ਵਿੱਚ ਸਾਇਬਰ ਅਪਰਾਧੀਆਂ ਵੱਲੋਂ ਲੋਕਾਂ ਨੂੰ ਠੱਗਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਤਾਜ਼ਾ ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਸਾਇਬਰ ਠਗਾਂ ਨੇ ਕਸਟਮ ਵਿਭਾਗ ਦਾ ਅਧਿਕਾਰੀ ਬਣ ਕੇ 70 ਸਾਲਾ ਰਿਟਾਇਰਡ ਬੈਂਕ ਕਲਰਕ ਤੋਂ 42 ਲੱਖ 25 ਹਜ਼ਾਰ ਰੁਪਏ ਦੀ ਠੱਗੀ ਕਰ ਲਈ।
ਵਟਸਐਪ ਕਾਲ ਰਾਹੀਂ ਰਚਿਆ ਗਿਆ ਠੱਗੀ ਦਾ ਜਾਲ
ਪੀੜਤ ਦੀ ਪਛਾਣ ਦਰਸ਼ਨ ਸਿੰਘ ਵਜੋਂ ਹੋਈ ਹੈ, ਜੋ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਦਰਸ਼ਨ ਸਿੰਘ ਨੇ ਦੱਸਿਆ ਕਿ ਅਗਸਤ 2024 ਵਿੱਚ ਉਸ ਨੂੰ ਵਟਸਐਪ ਤੇ ਇੱਕ ਕਾਲ ਆਈ। ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਦਿੱਲੀ ਏਅਰਪੋਰਟ ਕਸਟਮ ਵਿਭਾਗ ਦਾ ਅਧਿਕਾਰੀ ਦੱਸਿਆ। ਠੱਗ ਨੇ ਦਾਅਵਾ ਕੀਤਾ ਕਿ ਦਰਸ਼ਨ ਸਿੰਘ ਦੇ ਨਾਮ ਤੇ ਇੱਕ ਪਾਰਸਲ ਆਇਆ ਹੈ, ਜਿਸ ਵਿੱਚ ਨਸ਼ੀਲੇ ਪਦਾਰਥ, ਪਾਸਪੋਰਟ ਅਤੇ ਹੋਰ ਆਪੱਤਿਜਨਕ ਦਸਤਾਵੇਜ਼ ਮਿਲੇ ਹਨ।
ਕਾਨੂੰਨੀ ਕਾਰਵਾਈ ਦੀ ਧਮਕੀ ਦੇ ਕੇ ਡਰਾਇਆ
ਸਾਇਬਰ ਠਗਾਂ ਨੇ ਦਰਸ਼ਨ ਸਿੰਘ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਖ਼ਿਲਾਫ਼ ਗੰਭੀਰ ਕੇਸ ਦਰਜ ਕੀਤਾ ਜਾਵੇਗਾ। ਪਰਿਵਾਰ ਦੇ ਸਾਰੇ ਮੈਂਬਰ ਵਿਦੇਸ਼ ਵਿੱਚ ਹੋਣ ਕਾਰਨ ਦਰਸ਼ਨ ਸਿੰਘ ਘਬਰਾ ਗਏ ਅਤੇ ਠੱਗਾਂ ਦੇ ਝਾਂਸੇ ਵਿੱਚ ਆ ਗਏ। ਅਗਸਤ 2024 ਤੋਂ ਦਸੰਬਰ 2024 ਤੱਕ ਦਰਸ਼ਨ ਸਿੰਘ ਨੇ 17 ਵੱਖ-ਵੱਖ ਬੈਂਕ ਖਾਤਿਆਂ ਵਿੱਚ ਕੁੱਲ 42,25,000 ਰੁਪਏ ਟ੍ਰਾਂਸਫਰ ਕਰ ਦਿੱਤੇ। ਦਸੰਬਰ ਮਹੀਨੇ ਵਿੱਚ ਆਖ਼ਰੀ ਵਾਰ ਇੱਕ ਲੱਖ ਰੁਪਏ ਭੇਜਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਠੱਗਾਂ ਨੇ ਉਨ੍ਹਾਂ ਨੂੰ 1930 ਸਾਇਬਰ ਹੈਲਪਲਾਈਨ ਤੇ ਸ਼ਿਕਾਇਤ ਕਰਨ ਦੀ ਸਲਾਹ ਦਿੱਤੀ।
1930 ਹੈਲਪਲਾਈਨ ਤੋਂ ਮਿਲੀ ਸੱਚਾਈ
1930 ਹੈਲਪਲਾਈਨ ਤੇ ਕਾਲ ਕਰਨ ਤੋਂ ਬਾਅਦ ਦਰਸ਼ਨ ਸਿੰਘ ਨੂੰ ਪਤਾ ਲੱਗਾ ਕਿ ਉਹ ਸਾਇਬਰ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ 11 ਮਾਰਚ 2025 ਨੂੰ ਮੋਗਾ ਦੇ ਐਸਐਸਪੀ ਕੋਲ ਲਿਖਤੀ ਸ਼ਿਕਾਇਤ ਦਿੱਤੀ। ਡੀਐਸਪੀ ਡੀ ਅਮ੍ਰਿਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਦਰਸ਼ਨ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਪੀੜਤ ਦਰਸ਼ਨ ਸਿੰਘ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਵਾਪਸ ਦਿਵਾਉਣ ਵਿੱਚ ਮਦਦ ਕੀਤੀ ਜਾਵੇ, ਕਿਉਂਕਿ ਇਸ ਠੱਗੀ ਤੋਂ ਬਾਅਦ ਉਨ੍ਹਾਂ ਕੋਲ ਕੁਝ ਵੀ ਨਹੀਂ ਬਚਿਆ।