ਏਆਈਜੀ ਮਾਲਵਿੰਦਰ ਸਿੰਘ ਅਤੇ ਦੋ ਸਾਥੀਆਂ ਖ਼ਿਲਾਫ਼ ਵਿਜੀਲੈਂਸ ਨੇ ਦਰਜ ਕੀਤਾ ਧੋਖਾਧੜੀ ਦਾ ਮਾਮਲਾ

Updated On: 

02 Nov 2023 18:25 PM

Crime News: ਬੁਲਾਰੇ ਅਨੁਸਾਰ ਮਾਲਵਿੰਦਰ ਸਿੰਘ ਸਿੱਧੂ ਨੇ ਖੁਦ ਨੂੰ ਵਿਜੀਲੈਂਸ ਬਿਊਰੋ ਦੇ ਏਆਈਜੀ ਅਤੇ ਆਈਜੀ ਵਜੋਂ ਦੱਸਿਆ ਅਤੇ ਬਲਬੀਰ ਸਿੰਘ ਦੀ ਮਿਲੀਭੁਗਤ ਨਾਲ ਅਨੁਸੂਚਿਤ ਜਾਤੀ ਅਤੇ ਆਜ਼ਾਦੀ ਘੁਲਾਟੀਆਂ ਦੇ ਵਿਭਾਗਾਂ ਵਿੱਚ ਕਈ ਵਿਅਕਤੀਆਂ ਦਾ ਰਿਕਾਰਡ ਹਾਸਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦੇ ਸਨ ਅਤੇ ਫਿਰ ਇਨ੍ਹਾਂ ਸ਼ਿਕਾਇਤਾਂ ਨੂੰ ਵਾਪਸ ਲੈਣ ਦੇ ਬਦਲੇ ਰਿਸ਼ਵਤ ਲੈਂਦੇ ਸਨ।

ਏਆਈਜੀ ਮਾਲਵਿੰਦਰ ਸਿੰਘ ਅਤੇ ਦੋ ਸਾਥੀਆਂ ਖ਼ਿਲਾਫ਼ ਵਿਜੀਲੈਂਸ ਨੇ ਦਰਜ ਕੀਤਾ ਧੋਖਾਧੜੀ ਦਾ ਮਾਮਲਾ

(ਸੰਕੇਤਕ ਤਸਵੀਰ)

Follow Us On

ਵਿਜੀਲੇਂਸ ਦੇ ਬੁਲਾਰੇ ਅਨੁਸਾਰ ਮਾਲਵਿੰਦਰ ਸਿੰਘ ਸਿੱਧੂ (Malvinder Singh) ਨੇ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ (Vigilance Bureau) ਦਾ ਏਆਈਜੀ ਅਤੇ ਆਈਜੀ ਦੱਸਿਆ ਅਤੇ ਬਲਬੀਰ ਸਿੰਘ ਦੀ ਮਿਲੀਭੁਗਤ ਨਾਲ ਅਨੁਸੂਚਿਤ ਜਾਤੀ ਅਤੇ ਆਜ਼ਾਦੀ ਘੁਲਾਟੀਆਂ ਦੇ ਵਿਭਾਗਾਂ ਵਿੱਚ ਕਈ ਵਿਅਕਤੀਆਂ ਦਾ ਰਿਕਾਰਡ ਹਾਸਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨਾ ਅਤੇ ਫਿਰ ਇਨ੍ਹਾਂ ਸ਼ਿਕਾਇਤਾਂ ਨੂੰ ਵਾਪਸ ਲੈਣ ਦੇ ਬਦਲੇ ਰਿਸ਼ਵਤ ਲੈਂਦੇ ਸਨ।

ਪੰਜਾਬ ਵਿਜੀਲੈਂਸ ਬਿਊਰੋ ਨੇ ਮਨੁੱਖੀ ਅਧਿਕਾਰ ਸੈੱਲ ਦੇ ਸਹਾਇਕ ਇੰਸਪੈਕਟਰ ਜਨਰਲ (ਏਆਈਜੀ) ਮਾਲਵਿੰਦਰ ਸਿੰਘ ਸਿੱਧੂ, ਆਸਥਾ ਹੋਮ, ਗਿਲਕੋ ਵੈਲੀ, ਐਸਏਐਸ ਨਗਰ ਅਤੇ ਡਰਾਈਵਰ ਕੁਲਦੀਪ ਸਿੰਘ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਬਲਬੀਰ ਸਿੰਘ, ਵਾਸੀ ਪਿੰਡ ਆਲਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪਟਿਆਲਾ ਜ਼ਿਲੇ ਦੇ ਆਲਮਪੁਰ ਦੇ ਰਹਿਣ ਵਾਲੇ ਬਲਬੀਰ ਸਿੰਘ ਖਿਲਾਫ ‘ਅਹੁਦੇ ਦੀ ਦੁਰਵਰਤੋਂ, ਸਰਕਾਰੀ ਮੁਲਾਜ਼ਮਾਂ ਨਾਲ ਧੋਖਾਧੜੀ, ਬਲੈਕਮੇਲਿੰਗ, ਫਿਰੌਤੀ ਅਤੇ ਰਿਸ਼ਵਤ ਲੈਣ ਦੇ ਆਰੋਪਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਏਆਈਜੀ ਸਿੱਧੂ ਸਰਕਾਰੀ ਮੁਲਾਜ਼ਮਾਂ ਖਿਲਾਫ ਸ਼ਿਕਾਇਤਾਂ ਦੇਣ ਤੋਂ ਬਾਅਦ ਬਲੈਕਮੇਲਿੰਗ ਅਤੇ ਨਾਜਾਇਜ਼ ਲਾਹਾ ਲੈ ਕੇ ਇਹ ਸ਼ਿਕਾਇਤਾਂ ਵਾਪਸ ਲੈ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਨੇ ਉਕਤ ਸਾਰੇ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7ਏ ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 384, 419, 420, ਅਤੇ 120-ਬੀ ਦੇ ਤਹਿਤ ਥਾਣਾ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1, ਮੋਹਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਾਲਵਿੰਦਰ ਸਿੰਘ ਸਿੱਧੂ, ਜੋ ਕਿ 2017 ਤੋਂ ਏਆਈਜੀ, ਮਨੁੱਖੀ ਅਧਿਕਾਰ ਸੈੱਲ, ਪੰਜਾਬ ਪੁਲਿਸ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਨੇ ਪਿਛਲੇ ਪੰਜ ਸਾਲਾਂ ਦੌਰਾਨ ਕਦੇ ਵੀ ਵਿਜੀਲੈਂਸ ਬਿਊਰੋ, ਪੰਜਾਬ ਅੰਦਰ ਏਆਈਜੀ ਅਤੇ ਆਈਜੀ ਦੇ ਅਹੁਦਿਆਂ ਤੇ ਕੰਮ ਨਹੀਂ ਕੀਤਾ।ਇਸ ਅਧਿਕਾਰੀ ਨੇ ਆਪਣੀ ਸਰਕਾਰੀ ਗੱਡੀ ਅਰਟਿਗਾ (ਪੀਬੀ 65 ਏਡੀ 1905) ਦੀ ਦੁਰਵਰਤੋਂ ਕੀਤੀ, ਜਦੋਂ ਕਿ ਤੇਲ ਅਤੇ ਹੋਰ ਖਰਚੇ ਸਰਕਾਰੀ ਖਾਤੇ ਵਿੱਚੋਂ ਅਦਾ ਕੀਤੇ ਜਾ ਰਹੇ ਸਨ। ਉਸਨੇ ਕਦੇ ਵੀ ਇਸ ਵਾਹਨ ਦੀ ਵਰਤੋਂ ਦਾ ਰਿਕਾਰਡ ਲਾਗ ਬੁੱਕ ਵਿੱਚ ਨਹੀਂ ਰੱਖਿਆ, ਜੋ ਸਰਕਾਰੀ ਜਾਇਦਾਦ ਦੀ ਦੁਰਵਰਤੋਂ ਨੂੰ ਦਰਸਾਉਂਦੀ ਹੈ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਏਆਈਜੀ ਸਿੱਧੂ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਰਾਜਪੁਰਾ ਦੇ ਦਫ਼ਤਰ ਵਿੱਚ ਕੰਮ ਕਰਦੇ ਇੱਕ ਡਾਟਾ ਆਪਰੇਟਰ ਨੂੰ ਆਈਜੀ ਵਿਜੀਲੈਂਸ ਬਿਊਰੋ ਵਜੋਂ ਆਪਣੀ ਪਛਾਣ ਦਿੱਤੀ ਸੀ। ਇਸ ਫਰਜੀ ਪਛਾਣ ਦੀ ਵਰਤੋਂ ਕਰਕੇ ਸਿੱਧੂ ਨੇ ਇੱਕ ਸਰਕਾਰੀ ਅਧਿਆਪਕ ਦੀ ਸਰਵਿਸ ਬੁੱਕ ਦੀ ਫੋਟੋ ਕਾਪੀ ਹਾਸਲ ਕੀਤੀ।

ਇਸੇ ਤਰ੍ਹਾਂ ਏਆਈਜੀ ਸਿੱਧੂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਦੇ ਪ੍ਰਿੰਸੀਪਲ ਨੂੰ ਦਿੱਤੀ ਲਿਖਤੀ ਸ਼ਿਕਾਇਤ ਤੋਂ ਇਲਾਵਾ ਸਕੂਲ ਦੀ ਈਮੇਲ ਆਈਡੀ ਤੇ ਉਪਰੋਕਤ ਦੋਸ਼ੀ ਕੁਲਦੀਪ ਸਿੰਘ ਰਾਹੀਂ ਇੱਕ ਹੋਰ ਅਰਜ਼ੀ ਭੇਜ ਕੇ ਸਕੂਲ ਦੇ ਇੱਕ ਅਧਿਆਪਕ ਦਾ ਰਿਕਾਰਡ ਹਾਸਲ ਕੀਤਾ। ਉਹ ਅਧਿਆਪਕਾਂ ਦਾ ਰਿਕਾਰਡ ਚੈੱਕ ਕਰਨ ਲਈ ਜ਼ਿਲ੍ਹਾ ਸਮਾਜ ਭਲਾਈ ਅਫ਼ਸਰ ਨੂੰ ਨਾਲ ਲੈ ਕੇ ਸਕੂਲ ਪਹੁੰਚੇ ਅਤੇ ਪ੍ਰਿੰਸੀਪਲ ਤੋਂ ਦੋ ਪੰਨਿਆਂ ਦੇ ਪ੍ਰੋਫਾਰਮੇ ਤੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਿੰਸੀਪਲ ਨੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ।

ਇਸੇ ਤਰ੍ਹਾਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਵਿੱਚ ਖੇਤੀਬਾੜੀ ਵਿਭਾਗ ਦੇ ਇੱਕ ਬਲਾਕ ਅਫ਼ਸਰ ਦਾ ਨਿੱਜੀ ਰਿਕਾਰਡ ਹਾਸਲ ਕੀਤਾ ਗਿਆ। ਇਸ ਤੋਂ ਬਾਅਦ ਉਸ ਨੇ ਇਸ ਅਧਿਕਾਰੀ ਖ਼ਿਲਾਫ਼ ਉਸਦੇ ਵਿਭਾਗ ਵਿੱਚ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਖਣ ਦੀ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ ਨੂੰ ਵਾਪਸ ਲੈਣ ਦੇ ਬਦਲੇ ਇਸ ਅਧਿਕਾਰੀ ਤੋਂ 3 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਵਿੱਚੋਂ ਡੇਢ ਲੱਖ ਰੁਪਏ ਬਲਬੀਰ ਸਿੰਘ ਅਤੇ ਮਾਲਵਿੰਦਰ ਸਿੰਘ ਸਿੱਧੂ ਨੇ ਨਾਜਾਇਜ਼ ਤੌਰ ਤੇ ਹਾਸਲ ਕੀਤੇ ਸਨ। ਇਸ ਤੋਂ ਬਾਅਦ ਬਲਬੀਰ ਸਿੰਘ ਅਤੇ ਮਾਲਵਿੰਦਰ ਸਿੰਘ ਸਿੱਧੂ ਨੇ ਪੀੜਤ ਨੂੰ ਉਸਦੇ ਵਿਭਾਗ ਤੋਂ ਜਾਂਚ ਪੂਰੀ ਕਰਨ ਲਈ ਹੋਰ ਸਮਾਂ ਦਿਵਾਉਣ ਦੇ ਨਾਂ ‘ਤੇ 2 ਲੱਖ ਰੁਪਏ ਦੀ ਰਿਸ਼ਵਤ ਲਈ। ਹੁਣ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Related Stories